ਕੈਪਟਨ ਚਾਹ ਪਾਰਟੀ ਬਹਾਨੇ ਵਿਧਾਇਕਾਂ ਦੀ ਨਬਜ਼ ਟਟੋਲੇਗਾ !ਪੜ੍ਹੋ ਨਵਜੋਤ ਸਿੱਧੂ ਨੇ”ਟਵੀਟਾਂ” ਦੀ ਸ਼ਾਇਰੀ ਪਿੱਛੇ ਕਿਹੜ
ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 8 ਨਵੇਂ ਜਿੱਤੇ ਸੰਸਦ ਮੈਂਬਰਾਂ , ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੂੰ ਚਾਹ ਪਾਰਟੀ ਤੇ ਸ਼ਾਮ 4 ਵਜੇ ਸੱਦਿਆ ਹੈ l ਜਿਸ ਵਿੱਚ ਪੰਜਾਬ ਚ ਲੋਕ ਸਭਾ ਚੋਣਾਂ ਚ ਪੰਜ ਸੀਟਾਂ ਹਾਰਨ ਤੋਂ ਇਲਾਵਾ ਚੋਣਾਂ ਚ ਕਿਹੜੇ ਹਲਕਿਆਂ ਤੇ ਚੁਣੌਤੀਆਂ ਰਹੀਆਂ ਬਾਰੇ ਵੀ ਮੰਥਨ ਕੀਤਾ ਜਾ ਸਕਦਾ ਹੈ, ਕਿਉਂਕਿ ਕੁੱਲ ਹਿੰਦ ਕਾਂਗਰਸ ਦੀ ਬੁਰੀ ਤਰ੍ਹਾਂ ਹਾਰ ਤੋਂ ਬਾਅਦ ਭਾਵੇਂ ਕਈ ਸੂਬੇ ਕਾਂਗਰਸ ਹਾਈਕਮਾਨ ਦੀ ਹਦਾਇਤ ਤੇ ਮੰਥਨ ਕਰ ਰਹੇ ਹਨ, ਪਰ ਪੰਜਾਬ ਚ 13 ਲੋਕ ਸਭਾ ਸੀਟਾਂ ਚੋਂ 8 ਸੀਟਾਂ ਜਿੱਤਣ ਤੋਂ ਬਾਅਦ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੌਸਲੇ ਬੁਲੰਦ ਹਨ ,ਪਰ ਕਾਂਗਰਸ ਹਾਈਕਮਾਨ ਦਿੱਲੀ ਦਰਬਾਰ ਨਾਲ ਸਿੱਧਾ ਰਾਬਤਾ ਰੱਖਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਬਠਿੰਡਾ ਰੈਲੀ ਵਾਲੇ ਦਿਨ ਤੋਂ ਲਗਾਤਾਰ ਤਿੰਨ ਵਾਰ ਕੀਤੇ ਸ਼ਾਇਰੋ ਸ਼ਾਇਰੀ ਰਾਹੀਂ ਟਵੀਟਾਂ ਨੇ ਬਿਪਤਾ ਜ਼ਰੂਰ ਪਾਈ ਹੋਈ ਹੈ ।
ਸਿਆਸੀ ਮਾਹਰਾਂ ਅਨੁਸਾਰ ਅੱਜ ਦੀ ਮੀਟਿੰਗ ਦਾ ਦਿਨ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਾਲੇ ਦਿਨ ਰੱਖਣ ਦੇ ਸਪੱਸ਼ਟ ਮਾਇਨੇ ਤਾਂ ਇਹ ਨਿਕਲਦੇ ਹਨ ਕਿ ਉਹ ਆਪਣੇ ਚੁਣੇ ਗਏ 8 ਸੰਸਦਾਂ ਨੂੰ ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਦੂਰ ਰੱਖਣਗੇ ਤੇ ਦੂਜਾ ਅੱਜ ਦੀ ਮੀਟਿੰਗ ਚ ਕੈਪਟਨ ਆਪਣੇ ਵਿਧਾਇਕਾਂ ਦੀ ਨਬਜ਼ ਵੀ ਟਟੋਲਣਗੇ, ਕਿਉਂਕਿ ਬਹੁਤ ਸਾਰੇ ਵਿਧਾਇਕ ਨਵਜੋਤ ਸਿੱਧੂ ਵੱਲੋਂ ਕੈਪਟਨ ਸਰਕਾਰ ਤੇ ਕੀਤੇ ਗਏ ਬਾਦਲਾਂ ਨਾਲ ਮਿਲੇ ਹੋਣ ਦੇ ਕੁਮੈਂਟਾਂ ਤੇ ਸਹਿਮਤੀ ਪ੍ਰਗਟ ਕਰਦੇ ਹਨ ਅਤੇ ਨਾਲ ਹੀ ਵਿਧਾਇਕ ਇਸ ਗੱਲੋਂ ਵੀ ਨਿਰਾਸ਼ ਹਨ ਕਿ ਪੰਜਾਬ ਸਰਕਾਰ ਨੂੰ ਅਫਸਰਸ਼ਾਹੀ ਹੀ ਚਲਾਉਂਦੀ ਹੈ ਅਤੇ ਉਨ੍ਹਾਂ ਦਾ ਦੋਸ਼ ਹੈ ਕਿ ਬਹੁਤ ਸਾਰੇ ਅਕਾਲੀ ਦਲ ਦੇ ਰੰਗ ਚ ਰੰਗੇ ਅਫ਼ਸਰਾਂ ਨੂੰ ਬੜੇ ਮਾਣ ਵਾਲੇ ਅਹੁਦੇ ਦੇ ਕੇ ਸਰਕਾਰ ਚ ਨਿਵਾਜਿਆ ਗਿਆ ਹੈ ।
ਭਾਵੇਂ ਕਿ ਮੁੱਖ ਮੰਤਰੀ ਵੱਲੋਂ ਵੋਟਾਂ ਤੋਂ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਜੇਕਰ ਜਿਸ ਵਿਧਾਇਕਾਂ/ ਮੰਤਰੀਆਂ ਦੇ ਹਲਕੇ ਚੋਂ ਲੋਕ ਸਭਾ ਚੋਣਾਂ ਦੀਆਂ ਵੋਟਾਂ ਘਟ ਨਿਕਲਣਗੀਆਂ ਉਨ੍ਹਾਂ ਵਿਰੁੱਧ ਕਾਰਵਾਈ ਹੋਵੇਗੀ ਅਤੇ ਮੰਤਰੀ ਮੰਡਲ ਚੋਂ ਛੁੱਟੀ ਕਰਨ ਦੇ ਵੀ ਸੰਕੇਤ ਦਿੱਤੇ ਸਨ । ,ਪਰ ਕੈਪਟਨ ਸਰਕਾਰ ਦੇ ਅੱਧੀ ਦਰਜਨ ਦੇ ਕਰੀਬ ਮੰਤਰੀਆਂ ਦੇ ਹਲਕਿਆਂ ਚ ਵੋਟਾਂ ਵੱਡੇ ਪੱਧਰ ਤੇ ਘਟੀਆਂ ਹਨ ਅਤੇ ਇੱਥੋਂ ਤੱਕ ਕਿ ਕੈਪਟਨ ਖੇਮੇ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਤਾਂ ਸਿੱਧੇ ਤੌਰ ਤੇ ਸ਼ੇਰ ਸਿੰਘ ਘੁਬਾਇਆ ਨੇ ਦੋਸ਼ ਵੀ ਲਗਾ ਦਿੱਤੇ ਹਨ ।
ਸਿਆਸੀ ਮਾਹਰ ਦੱਸਦੇ ਹਨ ਕਿ ਅੱਜ ਚਾਹ ਪਾਰਟੀ ਦੇ ਬਹਾਨੇ ਮੁੱਖ ਮੰਤਰੀ ਵਿਧਾਇਕਾਂ ਦੀ ਇਸ ਲਈ ਨਵਜ ਟਟੋਲਣਾ ਚਾਹੁੰਦੇ ਹਨ ਕਿ ਕਿਤੇ ਨਾਰਾਜ਼ ਵਿਧਾਇਕ ਬਾਗੀ ਹੋ ਕੇ ਨਵਜੋਤ ਸਿੱਧੂ ਦੇ ਹੱਕ ਚ ਨਾ ਡੱਟ ਜਾਣ ।ਇੱਥੇ ਇਹ ਵੀ ਦੱਸਣਾ ਹੋਵੇਗਾ ਕਿ ਲਗਾਤਾਰ ਛੇ ਵਾਰ ਜਿੱਤਣ ਵਾਲੇ ਵਿਧਾਇਕ ਰਕੇਸ਼ ਪਾਂਡੇ ,ਅਮਰੀਕ ਢਿੱਲੋਂ ,ਕੁਲਜੀਤ ਨਾਗਰਾ ਆਦਿ ਦੀਆ ਤਾਂ ਕੈਪਟਨ ਵਿਰੁੱਧ ਪਿਛਲੇ ਦੋ ਸਾਲ ਤੋਂ ਹੀ ਬਾਗੀ ਸੁਰਾਂ ਰਹੀਆਂ ਹਨ ।
ਨਵਜੋਤ ਸਿੱਧੂ ਵੱਲੋਂ ਬਾਦਲਾਂ ਤੇ ਮਜੀਠੀਆ ਵਿਰੁੱਧ ਤਿੱਖੇ ਹਮਲੇ ਕਰਨ ਤੋਂ ਆਮ ਕਾਂਗਰਸੀ ਵਰਕਰ ਹੀ ਨਹੀਂ ਸਗੋਂ ਕਈ ਵਿਧਾਇਕ ਤੇ ਮੰਤਰੀ ਵੀ ਨਵਜੋਤ ਸਿੱਧੂ ਦੀ ਸਲਾਹੁਤਾ ਕਰਦੇ ਹਨ ।ਇੱਥੋਂ ਤੱਕ ਕਿ ਕਾਂਗਰਸ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤਾਂ ਨਵਜੋਤ ਸਿੱਧੂ ਦੀ ਬਾਦਲਾਂ ਵਿਰੁੱਧ ਮੁਹਿੰਮ ਦੀ ਪ੍ਰੋੜਤਾ ਕਰਦੇ ਰਹਿੰਦੇ ਹਨ। ਜਦਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਬਠਿੰਡਾ ਰੈਲੀ ਦੌਰਾਨ ਨਵਜੋਤ ਸਿੱਧੂ ਵੱਲੋਂ ਦਿੱਤੇ ਗਏ ਕੈਪਟਨ ਵਿਰੁੱਧ ਅਸਿੱਧੇ ਢੰਗ ਨਾਲ ਬਿਆਨ ਨੂੰ ਮੀਡੀਆ ਦੀ ਉਪਜ ਦੱਸ ਕੇ ਨਵਜੋਤ ਨੂੰ ਕਲੀਨ ਚਿੱਟ ਦੇ ਗਏ ।
ਭਾਵੇਂ ਕਿ ਮੁੱਖ ਮੰਤਰੀ ਨੇ ਵੋਟਾਂ ਵਾਲੇ ਦਿਨ ਹੀ ਨਵਜੋਤ ਸਿੱਧੂ ਦੇ ਵਿਰੁੱਧ ਪਹਿਲਾਂ ਬਿਆਨ ਦਿੱਤਾ ਸੀ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ ਉਸ ਦੇ ਸਥਾਨਕ ਸਰਕਾਰਾਂ ਵਿਭਾਗ ਤੇ ਸ਼ਹਿਰੀ ਖੇਤਰਾਂ ਚ ਵੋਟ ਘੱਟਣ ਨੂੰ ਲੈ ਕੇ ਉਂਗਲ ਚੁੱਕੀ ਸੀ ।
ਨਵਜੋਤ ਸਿੱਧੂ ਕਿਸੇ ਵੀ ਪਾਸਿਓਂ ਫਿਲਹਾਲ ਕੈਪਟਨ ਵੱਲੋਂ ਘਿਰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਨਵਜੋਤ ਸਿੱਧੂ ਦੇ ਆਪਣੇ ਵਿਧਾਨ ਸਭਾ ਹਲਕੇ ਚੋਂ ਵੋਟਾਂ ਵਧੀਆਂ ਹਨ ਅਤੇ ਜੇਕਰ ਸ਼ਹਿਰੀ ਖੇਤਰ ਦੀ ਗੱਲ ਕਰੀਏ ਉਸ ਵਿੱਚ ਮਕਾਨ ਤੇ ਸ਼ਹਿਰੀ ਯੋਜਨਾ ਮਲਾਈ ਵਾਲਾ ਵਿਭਾਗ ਕੈਪਟਨ ਖੇਮੇ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪਾਸ ਹੈ ।ਜਿਸ ਕਾਰਨ ਸ਼ਹਿਰੀ ਖੇਤਰ ਚੋਂ ਵੋਟਾਂ ਘਟਣ ਦਾ ਦੋਸ਼ ਇਕੱਲੇ ਸਿੱਧੂ ਸਿਰ ਨਹੀਂ ਸਗੋਂ ਤ੍ਰਿਪਤ ਬਾਜਵਾ ਜੁੰਮੇ ਵੀ ਲੱਗੇਗਾ ।
ਦੂਜੇ ਪਾਸੇ ਫਿਲਹਾਲ ਕੈਪਟਨ ਵੱਲੋਂ ਪੰਜਾਬ ਦੇ ਮੰਤਰੀ ਮੰਡਲ ਚ ਫੇਰਬਦਲ ਵੀ ਕੀਤਾ ਜਾਣਾ ਹੈ ,ਜਿਸ ਚ ਅੱਧੀ ਦਰਜਨ ਦੇ ਕਰੀਬ ਨਵੇਂ ਚਿਹਰੇ ਸ਼ਾਮਿਲ ਹੋਣਗੇ । ਨਵਜੋਤ ਸਿੰਘ ਸਿੱਧੂ ਦੀ ਮੰਤਰੀ ਮੰਡਲ ਚੋਂ ਛੁੱਟੀ ਕਰਨਾ ਕੈਪਟਨ ਦੇ ਹੱਥ ਨਹੀਂ ਸਗੋਂ ਉਸ ਸਮੇਤ ਕਈਆਂ ਦੇ ਵਿਭਾਗਾਂ ਨੂੰ ਬਦਲਣ ਤੋਂ ਇਲਾਵਾ ਵਿਧਾਇਕਾਂ ਨੂੰ ਚੇਅਰਮੈਨੀਆਂ ਵੀ ਦੇਣੀਆਂ ਹਨ ।
ਹੁਣ ਇਹ ਦੇਖਣਾ ਹੋਵੇਗਾ ਕਿ ਕੈਪਟਨ ਜਿਸਦੇ ਵਿਰੁੱਧ ਨਵਜੋਤ ਸਿੱਧੂ ਵੱਲੋਂ ਛੇੜੀ ਗਈ ਸ਼ੇਅਰੋ ਸ਼ਾਇਰੀ ਦੇ ਟਵੀਟਾਂ ਦੇ ਬਹਾਨੇ" ਤਖ਼ਤ ਪਲਟਾ" ਜੰਗ ਨੂੰ ਦਬਾਉਣ ਲਈ ਕਿਹੜਾ "ਬ੍ਰਹਮਅਸਤਰ" ਵਰਤਣਗੇ ।