ਪਰਮਿੰਦਰ ਸਿੰਘ ਜੱਟਪੁਰੀ
ਚੰਡੀਗੜ੍ਹ :- ਮਾਝੇ ਦੀ ਖੇਮਕਰਨ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਧਰਮ ਯੁੱਧ ਸ਼ੁਰੂ ਹੋ ਚੁੱਕਾ ਹੈ ,ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਮਾਝੇ ਦੇ ਜਰਨੈਲ ਸਮਝੇ ਜਾਂਦੇ ਆਪਣੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਚ ਉਸ ਦੇ ਖਾਸਮਖਾਸ ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਦੀ ਰੈਲੀ ਦੌਰਾਨ ਆਉਂਦੀਆਂ ਚੋਣਾਂ ਲਈ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਉਮੀਦਵਾਰ ਐਲਾਨ ਦਿੱਤਾ ਹੈ ।ਜਦਕਿ ਆਪਣੇ ਜੀਜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਉਸ ਨੇ ਧੋਬੀ ਪਟਕਾ ਦੇ ਦਿੱਤਾ ਹੈ ,ਕਿਉਂਕਿ ਆਦੇਸ਼ ਪ੍ਰਤਾਪ ਕੈਰੋਂ ਨੇ ਪਿਛਲੇ ਕੁਝ ਸਮੇਂ ਤੋਂ ਖੇਮਕਰਨ ਹਲਕੇ ਚ ਆਪਣੀਆਂ ਸਰਗਰਮੀਆਂ ਵਧਾਈਆਂ ਸਨ ਅਤੇ ਉਸ ਵੱਲੋਂ 2022 ਚ ਚੋਣਾਂ ਲੜਨ ਲਈ ਇਹੋ ਹਲਕਾ ਚੁਣਿਆ ਗਿਆ ਸੀ । ਵਲਟੋਹਾ ਦੇ ਉਮੀਦਵਾਰ ਐਲਾਨਣ ਤੋਂ ਕੁਝ ਘੰਟਿਆਂ ਬਾਅਦ ਹੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਰਾਜਸੀ ਸਕੱਤਰ ਗੁਰਮੁਖ ਸਿੰਘ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਵਲਟੋਹਾ ਦੀ ਉਮੀਦਵਾਰੀ ਨੂੰ ਵੰਗਾਰਦਿਆਂ ਇਹ ਐਲਾਨ ਕਰ ਦਿੱਤਾ ਗਿਆ ਕਿ ਖੇਮਕਰਨ ਹਲਕੇ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਪਤਨੀ ਪਰਨੀਤ ਕੌਰ ( ਪੁੱਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ) ਚੋਣ ਲੜਨਗੇ । ਜਿਸ ਤੋਂ ਬਾਅਦ ਪੰਥਕ ਹਲਕਿਆਂ ਚ ਵੱਡੀ ਹਲਚਲ ਮੱਚ ਗਈ ਹੈ । ਪਿਛੋਕੜ ਵੱਲ ਝਾਤ ਮਾਰੀਏ ਇਹ ਪਤਾ ਲੱਗਦਾ ਹੈ ਕਿ ਲਗਾਤਾਰ 2007 ਤੋਂ 2017 ਤਕ ਦਸ ਸਾਲ ਦਾ ਲੰਬਾ ਅਰਸਾ ਪੰਜਾਬ ਸਰਕਾਰ ਦੀ ਕਮਾਨ ਸੰਭਾਲਣ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਬਾਦਲ ਪਰਿਵਾਰ ਚ ਮਰਜ ਕਰਨ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਭਾਵੇਂ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ 2022 ਦੀਅਾਂ ਚੋਣਾਂ ਚ ਮੁੱਖ ਮੰਤਰੀ ਦੇਖਣ ਲਈ ਬੁਢਾਪੇ ਦੇ ਬਾਵਜੂਦ ਕਈ ਗਿਣਤੀਆਂ ਮਿਣਤੀਆਂ ਨਾਪ ਰਹੇ ਹਨ । ਪਰ ਸ.ਪ੍ਰਕਾਸ਼ ਸਿੰਘ ਬਾਦਲ ਦੀਆਂ ਦੋਵੇਂ ਖ਼ਾਸ ਰਿਸ਼ਤੇਦਾਰੀਆਂ ਮਜੀਠੀਆ ਪਰਿਵਾਰ ਦੇ ਕੈਰੋਂ ਪਰਿਵਾਰ ਚ ਲੰਬੇ ਸਮੇਂ ਤੋਂ ਸੁਲਗ ਰਹੀ ਚਿੰਗਿਆੜੀ ਦੇ ਭਾਂਬੜ ਬਣ ਜਾਣ ਤੋਂ ਬਾਅਦ ਪਰਿਵਾਰਕ ਲੜਾਈ ਹਰ ਹੱਟੀ ਭੱਠੀ ਤੇ ਆ ਗਈ ,ਜਿਸ ਨੇ ਬਾਦਲ ਪਰਿਵਾਰ ਨੂੰ ਡੂੰਘੇ ਸੰਕਟ ਚ ਪਾ ਦਿੱਤਾ ਹੈ । ਉਧਰ ਸਿਆਸੀ ਮਾਹਰਾਂ ਅਨੁਸਾਰ ਮਾਝੇ ਦਾ ਖੇਮਕਰਨ ਹਲਕਾ ਸ਼੍ਰੋਮਣੀ ਅਕਾਲੀ ਦਲ ਦੀ ਰਣ ਭੂਮੀ ਬਣ ਗਿਆ ਹੈ,ਜਿਸ ਵਿੱਚ ਇਹ ਲੜਾਈ ਕਿਸੇ ਹੋਰ ਦੀ ਨਹੀਂ ਸਗੋਂ ਸ.ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਰਾਜਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਸਰਦਾਰ ਬਾਦਲ ਦੀ ਨੂੰਹ ਬੀਬਾ ਹਰਸਿਮਰਤ ਕੌਰ ਦੇ ਭਰਾ ਬਿਕਰਮ ਸਿੰਘ ਮਜੀਠੀਆ ਚ ਹੈ ।
ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਚਾਣਕਿਆ ਨੀਤੀ ਦੇ ਮਾਹਿਰ ਸ.ਪ੍ਰਕਾਸ਼ ਸਿੰਘ ਬਾਦਲ ਨੇ ਕਈ ਪੁਸ਼ਤਾਂ ਤੱਕ ਆਪਣਾ ਰਾਜ ਭਾਗ ਚਲਾਉਣ ਅਤੇ ਮਾਝੇ ਚ ਆਪਣੀ ਪੱਕੇ ਤੌਰ ਤੇ ਜੜ੍ਹ ਲਗਾਉਣ ਲਈ ਕਾਂਗਰਸ ਦੇ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰ ਆਦੇਸ਼ ਪ੍ਰਤਾਪ ਕੈਰੋਂ ਨਾਲ ਆਪਣੀ ਧੀ ਪਰਨੀਤ ਕੌਰ ਦਾ ਵਿਆਹ ਕੀਤਾ ਸੀ ਅਤੇ ਦੂਜੇ ਪਾਸੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਦਾ ਵਿਆਹ ਮਜੀਠੀਆ ਪਰਿਵਾਰ ਦੀ ਧੀ ਬੀਬਾ ਹਰਸਿਮਰਤ ਕੌਰ ਨਾਲ । ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਦੇ ਵਿਆਹ ਤੋਂ ਬਾਅਦ ਆਪਣੀ ਘਰੇਲੂ ਮਜਬੂਰੀ ਦੇ ਚਲਦਿਆਂ ਸਭ ਤੋਂ ਪਹਿਲਾਂ ਆਪਣੇ ਸਿਆਸੀ ਵਾਰਿਸ ਮਨਪ੍ਰੀਤ ਸਿੰਘ ਬਾਦਲ ਦੀ ਬਲੀ ਦੇ ਕੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਅੱਗੇ ਲਿਆਂਦਾ ,ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਨੇ ਰਾਜਨੀਤੀ ਚ ਪੁਲਾਂਘ ਪੁੱਟ ਕੇ ਮਾਝੇ ਦੇ ਆਗੂ ਜਦੋਂ ਸੇਵਾ ਸਿੰਘ ਸੇਖਵਾਂ ,ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਵਰਗੇ ਟਕਸਾਲੀਆਂ ਨੂੰ ਨੁੱਕਰੇ ਲਾ ਕੇ ਆਪਣੀ ਜਰਨੈਲੀ ਦਾ ਤਖ਼ਤ ਮਜ਼ਬੂਤ ਕੀਤਾ । ਭਾਵੇਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦਿਆਂ ਵੀ ਇਹ ਸਭ ਕੁਝ ਜਾਣਦੇ ਸਨ ਕਿ ਉਸ ਦੇ ਜਵਾਈ ਰਾਜਾ ਆਦੇਸ਼ ਪ੍ਰਤਾਪ ਕੈਰੋਂ ਦੀਆਂ ਰਾਜਸੀ ਜਡ਼੍ਹਾਂ ਹਿਲਾਉਣ ਲਈ ਬਿਕਰਮ ਸਿੰਘ ਮਜੀਠੀਆ ਅੰਦਰੂਨੀ ਤੌਰ ਤੇ ਰਾਜਸੀ ਹਮਲੇ ਬੋਲ ਰਿਹਾ ਹੈ । ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਆਪਣੀ ਰਾਜਸੀ ਸੂਝ ਬੂਝ ਸਦਕਾ ਆਪਣੇ ਜੁਆਈ ਰਾਜਾ ਨੂੰ ਆਂਚ ਨਹੀਂ ਆਉਣ ਦਿਤੀ । ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੀ ਈਨ ਮੰਨਣਗੇ ਜਾਂ ਫਿਰ ਬਗ਼ਾਵਤ ਕਰਕੇ ਨਵੇਂ ਬਣੇ ਅਕਾਲੀ ਦਲ ਡੈਮੋਕਰੈਟਿਕ ਦਾ ਹਿੱਸਾ ਬਣਨਗੇ ? ਕਿਉਂਕਿ ਆਦੇਸ਼ ਪ੍ਰਤਾਪ ਕੈਰੋਂ ਦੀ ਸੁਖਦੇਵ ਸਿੰਘ ਢੀਂਡਸਾ ਨਾਲ ਨੇੜਤਾ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ।