-ਪਰਮਿੰਦਰ ਸਿੰਘ ਜੱਟਪੁਰੀ-
ਚੰਡੀਗੜ੍ਹ :-ਤਖ਼ਤਾਂ ਤੋਂ ਚੱਲ ਕੇ ਰਾਜਧਾਨੀ ਚ ਸਮਾਪਤ ਹੋਣ ਵਾਲੇ ਗਿਆਰਾਂ ਘੰਟਿਆਂ ਦੇ ਮਾਰਚ ਤੋਂ ਬਾਅਦ ਗ੍ਰਿਫਤਾਰੀ ਤੇ ਆਮ ਵਰਕਰਾਂ ਦੇ ਪੁਲੀਸ ਵੱਲੋਂ ਮਾਰੇ ਗਏ ਡੰਡੇ ਤੇ ਪਾਣੀ ਦੀਆਂ ਬੁਛਾੜਾਂ ਪੈਣ ਕਾਰਨ ਆਖਿਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੀ ਵੱਡੀ ਖਬਰ ਬਣ ਹੀ ਗਈ। ਪਰ ਟਰੈਕਟਰਾਂ ਨੂੰ ਛੱਡ ਲਗਜ਼ਰੀ ਕਾਰਾਂ ਵਾਲੇ ਕਿਸਾਨਾਂ ਦੇ ਤਿੰਨ ਤਖ਼ਤਾਂ ਤੋਂ ਕਾਫਲਿਆਂ ਦੇ ਰੂਪ ਚ ਹੋਏ ਸ਼ਕਤੀ ਪ੍ਰਦਰਸ਼ਨ ਨੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਕਿ ਇਹ ਪ੍ਰਦਰਸ਼ਨ ਖੇਤੀ ਖ਼ੇਤੀ ਕਾਨੂੰਨ ਨੂੰ ਲੈ ਕੇ ਹੋ ਰਿਹਾ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਮਕਸਦ ਹੈ । ਭਾਵੇਂ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ' ਚ ਕੱਢੇ ਗਏ ਰੋਸ ਮਾਰਚ ਦਾ ਮੁੱਖ ਮਕਸਦ ਸੱਜਰੀ ਸ਼ਰੀਕ ਬਣੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਪੰਜਾਬ ਦੀਆਂ ਸੜਕਾਂ ਤੇ ਅਕਾਲੀ ਵਰਕਰਾਂ ਦੇ ਕਾਫਲੇ ਦਿਖਾ ਕੇ ਇਹ ਦਰਸਾਉਣਾ ਸੀ ,ਕਿ ਉਨ੍ਹਾਂ ਦੇ ਅਕਾਲੀ ਦਲ ਦਾ ਪੰਜਾਬ ਚ ਗ੍ਰਾਫ ਬਰਕਰਾਰ ਹੈ। ਪਰ ਸਿਆਸੀ ਮਾਹਰਾਂ ਦਾ ਇਹ ਕਹਿਣਾ ਹੈ ਕਿ ਇਹ ਹਾਈ ਡ੍ਰਾਮਾ ਬਰਗਾੜੀ ਮਾਮਲਿਆਂ ਕਾਰਨ ਪਹਿਲਾਂ ਹੀ ਘਿਰੇ ਅਕਾਲੀ ਦਲ ਵੱਲੋਂ ਉਸ ਸਮੇਂ ਕੀਤਾ ਜਾ ਰਿਹਾ ਹੈ ,ਜਦੋਂ ਜ਼ਮੀਨੀ ਪੱਧਰ ਦਾ ਕਿਸਾਨ ਜੋ ਕਿ ਅਕਾਲੀ ਦਲ ਦਾ ਬਹੁ ਗਿਣਤੀ ਵਰਕਰ ਵੀ ਹੈ, ਵੱਲੋਂ ਅਕਾਲੀ ਦਲ ਤੋਂ ਮਯੂਸ ਹੋ ਕੇ ਕਿਸਾਨਾਂ ਦੇ ਮੋਰਚਿਆਂ ਚ ਸ਼ਮੂਲੀਅਤ ਕੀਤੀ ਜਾ ਰਹੀ ਹੈ । ਜਿਸ ਕਾਰਨ ਸੁਖਬੀਰ ਸਿੰਘ ਬਾਦਲ ਪਾਰਟੀ ਚ ਹੇਠਲੇ ਪੱਧਰ ਤੇ ਲੱਗ ਰਹੇ ਖੋਰੇ ਨੂੰ ਬਚਾਉਣ ਲਈ ਅਤੇ ਆਪਣੀ ਸਾਖ ਲੋਕਾਂ ਚ ਬਹਾਲ ਰੱਖਣ ਲਈ ਡਾਅਢਾ ਚਿੰਤਤ ਹੈ , ਉਹ ਨਹੀਂ ਚਾਹੁੰਦਾ ਕਿ ਅਕਾਲੀ ਵਰਕਰ ਕਿਸਾਨਾਂ ਦੇ ਮੋਰਚਿਆਂ ਚ ਸ਼ਮੂਲੀਅਤ ਕਰੇ । ਜਿੱਥੇ ਕਿ ਬੁਲਾਰਿਆਂ ਵੱਲੋਂ ਖੇਤੀ ਆਰਡੀਨੈਂਸਾਂ ਪਿੱਛੇ ਬਾਦਲ ਪਰਿਵਾਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ । ਜਿਵੇਂ ਹੀ ਖੇਤੀ ਬਿੱਲ ਪਾਸ ਹੋਣ ਤੋਂ ਬਾਅਦ ਵਾਪਰੇ ਮੌਜੂਦਾ ਰਾਜਨੀਤਿਕ ਘਟਨਾਕ੍ਰਮ ਕਾਰਨ ਅਕਾਲੀ ਦਲ ਵੱਲੋਂ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲੋਂ ਮਜਬੂਰੀ ਵੱਸ ਤੋੜ ਵਿਛੋੜਾ ਕਰ ਲਿਆ ਹੈ। ਉਵੇਂ ਹੀ ਅਕਾਲੀ ਦਲ ਨਾਲ ਗੂੜ੍ਹੀ ਸਾਂਝ ਰੱਖਣ ਵਾਲੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਵੀ ਬਾਦਲਾਂ ਨੂੰ ਬਾਏ- ਬਾਏ ਆਖ ਕੇ ਕਿਸਾਨਾਂ ਦੇ ਘੋਲਾਂ ਚ ਸ਼ਾਮਲ ਹੀ ਨਹੀਂ ਹੋਏ ,ਸਗੋਂ 31 ਮੈਂਬਰੀ ਕਮੇਟੀ ਦੇ ਮੈਂਬਰ ਵੀ ਬਣ ਗਏ । ਦੂਜੇ ਪਾਸੇ ਪੰਜਾਬ ਦੇ ਗਾਇਕਾਵਾਂ ਦੀ ਵੀ ਗੱਲ ਕਰੀਏ ਜੋ ਕਿ ਕਿਸਾਨਾਂ ਦੇ ਅੰਦੋਲਨਾਂ ਚ ਸ਼ਾਮਲ ਹੋਣ ਦੀ ਥਾਂ ਅਕਾਲੀ ਦਲ ਵਾਂਗੂੰ ਵੱਖੋ -ਵੱਖਰੇ ਪ੍ਰਦਰਸ਼ਨ ਕਰ ਰਹੇ ਹਨ ,ਵੀ ਪੰਜਾਬ ਲਈ ਬਹੁਤੇ ਵਧੀਆ ਨਹੀਂ ਕਿਉਂਕਿ ਗਾਇਕ ਸਿੱਧੇ ਤੌਰ ਤੇ ਸਾਡੀ ਨੌਜਵਾਨ ਪੀੜ੍ਹੀ ਜਿਨ੍ਹਾਂ ਨੇ ਪੰਜਾਬ ਨਾਲ ਹੋਈ ਧੱਕੇਸ਼ਾਹੀ ਵਿਰੁੱਧ ਚੱਲ ਰਹੇ ਅੰਦੋਲਨਾਂ ਚ ਸ਼ਾਮਲ ਹੋ ਕੇ ਖੇਤੀ ਬਿੱਲਾਂ ਪਿੱਛੇ ਸਚਾਈ ਬਾਰੇ ਜਾਗਰੂਕ ਹੋ ਕੇ ਪੜਚੋਲ ਕਰਨੀ ਸੀ,ਉਹ ਪੰਜਾਬ ਦੇ ਨੌਜਵਾਨਾਂ ਦਾ ਧਿਆਨ ਸਿਰਫ਼ ਆਪਣੇ ਸ਼ਕਤੀ ਪ੍ਰਦਰਸ਼ਨ ਤੱਕ ਹੀ ਸੀਮਤ ਕਰ ਰਹੇ ਹਨ ।ਕਾਲੇ ਖੇਤੀ ਕਾਨੂੰਨਾਂ ਤੋਂ ਬਾਅਦ ਪੰਜਾਬ ਨੂੰ ਸਿਆਸੀ ਪਿੜ ਬਣਿਆ ਦੇਖ ਕੇ ਲੰਬੇ ਅਰਸੇ ਤੋਂ ਸੱਤਾ ਤੋਂ ਬਾਹਰ ਬੈਠੇ ਕੁੱਲ ਹਿੰਦ ਕਾਂਗਰਸ ਨੂੰ ਵੀ ਹੁਣ ਪੰਜਾਬ ਦਾ ਹੇਜ ਜਾਗ ਪਿਆ ਹੈ ।ਜਿਸ ਕਾਰਨ ਕਾਂਗਰਸ ਦੇ ਹਾਕਮ ਰਾਹੁਲ ਗਾਂਧੀ ਵੱਲੋਂ ਵੀ ਪੰਜਾਬ ਚ ਟਰੈਕਟਰ ਰੈਲੀਆਂ ਰਾਹੀਂ ਪ੍ਰਦਰਸ਼ਨ ਚ ਸ਼ਾਮਿਲ ਹੋਣ ਦਾ ਪ੍ਰੋਗਰਾਮ ਉਲੀਕ ਦਿੱਤਾ ਗਿਆ ਹੈ । ਕਾਲੇ ਕਾਨੂੰਨਾਂ ਵਿਰੁੱਧ 31 ਮੈਂਬਰੀ ਕਿਸਾਨ ਕਮੇਟੀ ਵੱਲੋਂ ਵਿੱਢੇ ਗਏ ਸੰਘਰਸ਼ ਦੇ ਬਰਾਬਰ ਸਿਆਸੀ ਲੋਕਾਂ ਵੱਲੋਂ ਸਿਆਸੀ ਲਾਹਾ ਲੈਣ ਲਈ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੂੰ ਲੈ ਕੇ ਕੁੱਲ ਮਿਲਾ ਕੇ ਇੰਝ ਲੱਗਦਾ ਹੈ ਕਿ ਕਿਤੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਕੋਈ ਵੱਡੀ ਸਾਜਿਸ਼ ਤਾਂ ਨਹੀਂ ?