-ਪਰਮਿੰਦਰ ਸਿੰਘ ਜੱਟਪੁਰੀ -
ਚੰਡੀਗੜ੍ਹ :-ਅਕਾਲੀਆਂ ਦੀ ਭਾਈਵਾਲ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕ ਸਭਾ ਚ ਲਿਆਂਦੇ ਗਏ ਕਿਸਾਨ ਆਰਡੀਨੈੱਸ ਬਿੱਲ ਨੂੰ ਲੈ ਕੇ ਅਕਾਲੀ ਦਲ ਦੇ ਹਾਲਾਤ "ਸੱਪ ਦੇ ਮੂੰਹ ਚ ਕੋਹੜ ਕਿਰਲੀ" ਵਾਲੇ ਬਣ ਗਏ ਹਨ ਅਤੇ ਨਾਲ ਹੀ ਕੇਂਦਰ ਚ ਅਕਾਲੀ ਦਲ ਵੱਲੋਂ ਵਜ਼ੀਰ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਦੇ ਅਸਤੀਫੇ ਨੂੰ ਲੈ ਕੇ ਵੀ ਬਾਦਲ ਖੇਮੇ ਵਾਲੇ ਅਕਾਲੀ ਦਲ ਦੇ ਆਗੂ ਦੋ ਧੜਿਆਂ ਚ ਵੰਡੇ ਗਏ ਹਨ। ਜਿਸ ਕਾਰਨ ਪਹਿਲਾਂ ਹੀ ਬਰਗਾੜੀ ਮਾਮਲੇ ਅਤੇ ਸਾਬਕਾ ਡੀ ਜੀ ਪੀ ਸਮੇਤ ਸੈਣੀ ਦਾ ਧੱਬਾ ਲੱਗਣ ਕਾਰਨ ਅਕਾਲੀ ਦਲ ਕਸੂਤੀ ਸਥਿਤੀ ਚ ਹੈ, ਪਰ ਕਿਸਾਨ ਆਰਡੀਨੈੱਸ ਬਿੱਲ ਤਾਂ ਅਕਾਲੀ ਦਲ ਦੇ ਗਲੇ ਦੀ ਹੱਡੀ ਬਣ ਗਿਆ ਹੈ । ਛੇ ਮਹੀਨੇ ਪਹਿਲਾਂ ਕਿਸਾਨ ਆਰਡੀਨੈੱਸ ਬਿੱਲ ਬਾਰੇ ਵਿਰੋਧ ਵਜੋਂ ਰੌਲਾ ਪਾ ਰਹੀਆਂ ਪੰਜਾਬ ਦੀਆਂ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਝੂਠਾ ਕਹਿ ਕੇ ਕੇਂਦਰ ਸਰਕਾਰ ਦੀ ਵਕਾਲਤ ਕਰਨ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਖੀਰ ਪੰਜਾਬ ਚ ਉੱਠੇ ਬਿੱਲ ਖ਼ਿਲਾਫ਼ ਕਿਸਾਨ ਵਿਦਰੋਹ ਨੂੰ ਦੇਖਦਿਆਂ ਜਿੱਥੇ ਭਾਜਪਾ ਨਾਲੋਂ ਗੱਠਜੋੜ ਤੋੜਨ ਦੀ ਅਸਿੱਧੇ ਤੌਰ ਤੇ ਧਮਕੀ ਦੇ ਰਹੇ ਹਨ ,ਉਥੇ ਹੀ ਉਨ੍ਹਾਂ ਵੱਲੋਂ ਬਿੱਲ ਦਾ ਵਿਰੋਧ ਕਰਨ ਲਈ ਲੋਕ ਸਭਾ ਅਤੇ ਰਾਜ ਸਭਾ ਚ ਵਿਪ ਵੀ ਜਾਰੀ ਕਰ ਦਿੱਤਾ ਗਿਆ ਹੈ । ਜਦਕਿ ਵਿਰੋਧੀ ਧਿਰਾਂ ਤੇ ਕਿਸਾਨ ਆਗੂ ਪਿਛਲੇ ਛੇ ਮਹੀਨਿਆਂ ਤੋਂ ਜਦੋਂ ਬਿੱਲ ਕੈਬਨਿਟ ਵਿੱਚ ਲਿਆਂਦਾ ਜਾਣਾ ਸੀ ,ਇਹ ਮੰਗ ਕਰ ਰਹੇ ਸਨ ਕਿ ਇਸ ਬਿੱਲ ਦੇ ਵਿਰੋਧ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਸਤੀਫਾ ਦੇਵੇ । ਪਰ ਦੂਜੇ ਪਾਸੇ ਅਸਤੀਫੇ ਨੂੰ ਇੱਕ ਪਾਸੇ ਰੱਖ ਸਿਰਫ਼ ਅਕਾਲੀ ਦਲ ਵੱਲੋਂ ਬਿਆਨਬਾਜ਼ੀ ਹੀ ਕੀਤੀ ਗਈ ।ਦੂਜੇ ਪਾਸੇ ਬੀਬੀ ਹਰਸਿਮਰਤ ਕੌਰ ਦੇ ਅਸਤੀਫੇ ਨੂੰ ਲੈ ਕੇ ਵੀ ਅਖੀਰਲੇ ਦੌਰ ਚ ਅਕਾਲੀ ਦਲ ਦੇ ਖੇਮੇ ਅੰਦਰ ਵੀ ਦੋ ਧੜੇ ਬਣ ਗਏ ਦੱਸੇ ਜਾਂਦੇ ਹਨ । ਪਤਾ ਲੱਗਾ ਹੈ ਕਿ ਅਕਾਲੀ ਦਲ ਚ ਤਿੰਨ ਹੋਰ ਵੱਡੇ ਕੱਦ ਦੇ ਆਗੂ ਸੁਖਬੀਰ ਸਿੰਘ ਬਾਦਲ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਿਵਾਉਣ ਦੀ ਗੱਲ ਕਰਦੇ ਹਨ ,ਉਨ੍ਹਾਂ ਵੱਲੋਂ ਲਗਾਤਾਰ ਇਹੋ ਦਲੀਲ ਦਿੱਤੀ ਜਾ ਰਹੀ ਹੈ ਕਿ ਅਕਾਲੀ ਦਲ ਦੀ ਬੁਨਿਆਦ ਕਿਸਾਨ ਮਸਲਿਆਂ ਨੂੰ ਹੀ ਲੈ ਕੇ ਹੀ ਹੈ ।ਪਰ ਬੀਬੀ ਹਰਸਿਮਰਤ ਕੌਰ ਬਾਦਲ ਅਸਤੀਫਾ ਨਾ ਦੇਣ ਲਈ ਬਜ਼ਿੱਦ ਹਨ । ਸਿਆਸੀ ਮਾਹਿਰ ਦੱਸਦੇ ਹਨ ਕਿ ਜੇਕਰ ਬੀਬੀ ਹਰਸਿਮਰਤ ਅਸਤੀਫ਼ਾ ਦੇ ਦਿੰਦੀ ਹੈ ਤਾਂ ਅਕਾਲੀ ਦਲ ਦੇ ਆਗੂਆਂ ਤੇ ਕੇਂਦਰੀ ਏਜੰਸੀਆਂ ਦੀ ਤਲਵਾਰ ਲਟਕ ਸਕਦੀ ਹੈ, ਜਿਵੇਂ ਕਿ ਸਭ ਤੋਂ ਪਹਿਲਾਂ ਈਡੀ ਭੋਲਾ ਡਰੱਗ ਕਨੈਕਸ਼ਨ ਦੀ ਫਾਈਲ ,ਡਰੱਗ ਮਾਫ਼ੀਏ ਬਾਰੇ ਹਾਈਕੋਰਟ ਵਿੱਚ ਸ਼ਾਮਲ ਕੀਤਾ ਗਿਆ ਸੀਲਬੰਦ ਲਿਫਾਫੇ ਖੁੱਲ੍ਹਣ ਤੋਂ ਇਲਾਵਾ ਬਰਗਾੜੀ ਮਾਮਲਿਆਂ ਬਾਰੇ ਵੀ ਸੀਬੀਆਈ ਪੰਜਾਬ ਪੁਲਸ ਦੀ SIT ਵਾਲੇ ਰਾਹ ਤੁਰ ਸਕਦੀ ਹੈ ,ਕਿਉਂਕਿ ਇਤਿਹਾਸ ਗਵਾਹ ਹੈ ਕਿ ਭਾਜਪਾ ਦੀਆਂ ਜਿਹੜੀਆਂ ਗੱਠਜੋੜ ਪਾਰਟੀਆਂ ਨੇ ਭਾਜਪਾ ਨੂੰ ਛੱਡਿਆ ਉਨ੍ਹਾਂ ਦਾ ਪਾਵਰਫੁੱਲ ਬਣੀ ਭਾਜਪਾ ਨੇ ਕਾਨੂੰਨੀ ਸ਼ਿਕੰਜੇ ਚ ਫਸਾ ਕੇ ਮਾੜਾ ਹੀ ਹਸ਼ਰ ਕੀਤਾ, ਭਾਵੇਂ ਸ਼ਿਵ ਸੈਨਾ ਹੀ ਕਿਉਂ ਨਾ ਹੋਵੇ ।ਦੱਸਣਯੋਗ ਹੈ ਕਿ ਅਕਾਲੀ ਦਲ ਦਾ ਭਾਜਪਾ ਨਾਲ 1992 ਚ ਗਠਜੋੜ ਹੋਇਆ ਸੀ । ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਸਰਕਾਰ ਦੇ ਮੰਤਰੀ ਮੰਡਲ ਵਿੱਚ ਲਿਆਉਣ ਲਈ ਅਕਾਲੀ ਦਲ ਨੇ ਵੱਡੇ ਕੱਦ ਦੇ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ,ਪ੍ਰੇਮ ਸਿੰਘ ਚੰਦੂਮਾਜਰਾ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਬਲੀ ਦਿੱਤੀ ਸੀ । ਹੁਣ ਇਹ ਦੇਖਣਾ ਹੋਵੇਗਾ ਕਿ ਆਰਡੀਨੈੱਸ ਦੇ ਵਿਰੋਧ ਵਜੋਂ ਅਕਾਲੀ ਦਲ ਦਾ ਆਖ਼ਰੀ ਸਟੈਂਡ ਕੀ ਹੋਵੇਗਾ