ਚੰਡੀਗੜ੍ਹ :- 1991 ਚ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਮਾਮਲੇ ਚ ਨਾਮਜ਼ਦ ਸਾਬਕਾ ਡੀਜੀਪੀ ਸਮੇਧ ਸੈਣੀ ਦੀ ਸੈਸ਼ਨ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਹੋਣ ਤੋਂ ਬਾਅਦ ਭਾਵੇਂ ਉਹ ਆਪਣੀ ਜ਼ੈੱਡ ਪਲੱਸ ਸੁਰੱਖਿਆ ਨੂੰ ਚਕਮਾ ਦੇ ਕੇ ਰੂਪੋਸ਼ ਹੋ ਗਿਆ, ਪਰ ਉਸ ਦੇ ਫਰਾਰ ਹੋਣ ਦੀਆਂ ਚਰਚਾਵਾਂ ਦਾ ਦੌਰ ਜਾਰੀ ਹੈ । ਸਮੇਧ ਸੈਣੀ ਦੀ ਸੁਰੱਖਿਆ ਵਾਪਸ ਲਏ ਜਾਣ ਦੀਆਂ ਖਬਰਾਂ ਨੂੰ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠਕਰਾਲ ਨੇ ਝੂਠੀਆਂ ਦੱਸਦਿਆਂ ਕਿਹਾ ਕਿ ਉਸ ਦੀ ਸੁਰੱਖਿਆ ਬਰਕਰਾਰ ਹੈ । ਉਨ੍ਹਾਂ ਮੰਨਿਆ ਕਿ ਉਹ ਕਤਲ ਕੇਸ ਚ ਅਦਾਲਤ ਦਾ ਦੋਸ਼ੀ ਹੈ । ਪਰ ਉਸ ਦੀ ਸੁਰੱਖਿਆ ਜਿਉਂ ਦੀ ਤਿਉਂ ਹੈ ਜਿਸ ਨੂੰ ਉਹ ਛੱਡ ਕੇ ਕਿਧਰੇ ਗਾਇਬ ਹੋ ਗਿਆ । ਦੂਜੇ ਪਾਸੇ ਇਹ ਵੀ ਚਰਚਾ ਜ਼ੋਰਾਂ ਤੇ ਹੈ ਕਿ ਮੁਹਾਲੀ ਪੁਲਿਸ ਜਦੋਂ ਸਮੇਧ ਸੈਣੀ ਦੀ ਅਗਾਊਂ ਜ਼ਮਾਨਤ ਜ਼ਿਲ੍ਹਾ ਅਦਾਲਤ ਵੱਲੋਂ ਰੱਦ ਕਰਨ ਤੇ ਉਸ ਦੀ ਗ੍ਰਿਫਤਾਰੀ ਲਈ ਵਿਉਂਤਬੰਦੀ ਬਣਾ ਰਹੀ ਸੀ ਤਾਂ ਉਸ ਸਮੇਂ ਹੀ ਸਮੇਧ ਸੈਣੀ ਇੱਕ ਵਪਾਰੀ ਘਰਾਣੇ ਦੇ ਬੰਗਲੌਰ ਤੋਂ ਚੰਡੀਗੜ੍ਹ ਆਏ ਹਵਾਈ ਜਹਾਜ਼ ਚ ਉਨ੍ਹਾਂ ਦੇ ਨਾਲ ਬੈਠ ਕੇ ਚਲਾ ਗਿਆ । ਉਸ ਨੂੰ ਉਸ ਦੀ ਜ਼ੈੱਡ -ਪਲੱਸ ਸੁਰੱਖਿਆ ਦੇ ਘੇਰੇ ਚੋਂ ਨਾਟਕੀ ਢੰਗ ਨਾਲ ਲਿਜਾਣ ਲਈ ਉਸ ਦੇ ਨੇੜਲੇ ਇੱਕ ਦੋ ਅਧਿਕਾਰੀਆਂ ਦਾ ਨਾਮ ਵੀ ਚੱਲ ਰਿਹਾ ਹੈ ,ਜਿਨ੍ਹਾਂ ਨੇ ਸਮੇਧ ਸੈਣੀ ਨੂੰ ਪੰਜਾਬ ਪੁਲਿਸ ਦੀ ਗ੍ਰਿਫ਼ਤਾਰੀ ਦੇ ਚੁੰਗਲ ਚੋਂ ਕੱਢਣ ਲਈ ਅਹਿਮ ਭੂਮਿਕਾ ਨਿਭਾਈ । ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਸਮੇਧ ਸੈਣੀ ਵਿਰੁੱਧ ਦਰਜ ਹੋਏ ਮੁਕੱਦਮੇ ਤੋਂ ਬਾਅਦ ਬਿਨਾਂ ਪੁਲਿਸ ਦੇ ਇੱਕ ਧੜੇ ਵਿੱਚ ਕੈਪਟਨ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ ,ਇਸ ਧੜੇ ਵਿੱਚ ਉਹ ਅਧਿਕਾਰੀ ਅੰਦਰੂਨੀ ਤੌਰ ਤੇ ਵਿਰੋਧ ਕਰ ਰਹੇ ਹਨ ਜਿਨ੍ਹਾਂ ਦੇ ਕਾਲੇ ਦਿਨਾ ਦੇ ਦੌਰਾਨ ਸਿੱਖ ਕਤਲੇਆਮ ਦੇ ਖੂਨ ਨਾਲ ਹੱਥ ਰੰਗੇ ਹੋਏ ਹਨ ।
ਕਿਉਂਕਿ ਉਨ੍ਹਾਂ ਨੂੰ ਇਹ ਜਾਪਦਾ ਹੈ ਕਿ ਸਮੇਧ ਸੈਣੀ ਦੀ ਗ੍ਰਿਫਤਾਰੀ ਤੋਂ ਬਾਅਦ ਕਿਤੇ ਕਾਲੇ ਦਿਨਾਂ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਚ ਸਾਰੀ ਪੁਲਿਸ ਅਧਿਕਾਰੀਆਂ ਵਿਰੁੱਧ ਮੁਕੱਦਮੇ ਦਰਜ ਕਰਵਾਉਣ ਦੀ ਰਵਾਇਤ ਨਾ ਸ਼ੁਰੂ ਹੋ ਜਾਵੇ ।