ਚੰਡੀਗੜ੍ਹ :-ਸ਼੍ਰੋਮਣੀ ਅਕਾਲੀ ਦਲ ਉੱਪਰ ਬੇਅਦਬੀ ਮਾਮਲੇ ਤੇ ਬਰਗਾੜੀ ਕਾਂਡ ਵਰਗੇ ਧੱਬੇ ਲੱਗਣ ਤੋਂ ਬਾਅਦ ਇਸ ਦਾ ਸਾਰਾ ਦੋਸ਼ ਪਾਰਟੀ ਦੀ ਕਮਾਨ ਗਲਤ ਹੱਥਾਂ ਚ ਹੋਣ ਦਾ ਦੋਸ਼ ਲਗਾ ਕੇ ਪਾਰਟੀ ਦੇ ਸਾਰੇ ਵੱਡੇ ਅਹੁਦਿਆਂ ਤੋਂ ਅਸਤੀਫੇ ਦੇਣ ਵਾਲੇ ਅਕਾਲੀ ਦਲ ਦੇ ਵੱਡੇ ਆਗੂ ਸੁਖਦੇਵ ਸਿੰਘ ਢੀਂਡਸਾ ,ਜਿਹੜੇ ਕਿ ਇੱਕ ਵਰ੍ਹੇ ਤੋਂ ਸ਼ਾਂਤ ਬੈਠੇ ਸਨ ,ਨੇ ਤਿੰਨ ਦਿਨ ਪਹਿਲਾਂ ਅਕਾਲੀ ਦਲ ਦੇ ਪੁਰਾਣੇ ਟਕਸਾਲੀ ਆਗੂਆਂ ਸਾਬਕਾ ਸਪੀਕਰ ਰਵੀਇੰਦਰ ਸਿੰਘ ,ਜਥੇਦਾਰ ਸੇਵਾ ਸਿੰਘ ਸੇਖਵਾਂ ,ਰਣਜੀਤ ਸਿੰਘ ਬ੍ਰਹਮਪੁਰਾ ਨਾਲ ਕੀਤੀ ਮੀਟਿੰਗ ਤੋਂ ਬਾਅਦ ਅਕਾਲੀ ਦਲ ਬਾਦਲ ਨਾਲੋਂ ਲਕੀਰ ਖਿੱਚ ਦਿੱਤੀ ਹੈ । ਸੁਖਦੇਵ ਸਿੰਘ ਢੀਂਡਸਾ ਨੇ "ਖ਼ਬਰ ਵਾਲੇ ਡਾਟ ਕਾਮ "ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਹੈ ,ਜਿਸਦਾ ਉਸਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ।ਸਰਦਾਰ ਢੀਂਡਸਾ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨਾਲੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ,ਜਿਸ ਦੀ ਅਨੇਕਾਂ ਸ਼ਹੀਦੀਆਂ ਦੇ ਕੇ ਸਥਾਪਨਾ ਹੋਈ ਸੀ,ਪਰ ਅਕਾਲੀ ਦਲ ਦਾ ਆਪਣਾ ਮੂਲ ਰੂਪ ਵਾਲਾ ਏਜੰਡਾ ਹੀ ਬਦਲ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਉਹ 14 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਚੀਫ ਖਾਲਸਾ ਦੀਵਾਨ ਦੇ ਇੱਕ ਹਾਲ ਵਿੱਚ ਅਕਾਲੀ ਦਲ ਦੀ ਸਥਾਪਨਾ ਦੇ 99 ਸਾਲ ਪੂਰੇ ਹੋਣ ਅਤੇ 100 ਸਾਲਾਂ ਸ਼ੁਰੂ ਹੋਣ ਤੇ ਸਥਾਪਨਾ ਦਿਵਸ ਪ੍ਰੋਗਰਾਮ ਕਰਨ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਨਾ ਤਾਂ ਉਹ ਅਕਾਲੀ ਦਲ ਨੂੰ ਛੱਡ ਰਹੇ ਹਨ ਤੇ ਨਾ ਹੀ ਕੋਈ ਨਵੀਂ ਪਾਰਟੀ ਬਣਾ ਰਹੇ ਹਨ ,ਸਗੋਂ ਸਾਰੇ ਇਸ ਗੱਲ ਲਈ ਸਹਿਮਤ ਹਨ ਕਿ ਕਿਉਂ ਨਾ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਇੱਕ ਮੰਚ ਤੇ ਇਕੱਠੇ ਹੋਇਆ ਜਾਵੇ । ਸ ਢੀਂਡਸਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕੋਈ ਕੁਰਸੀ ਦੀ ਲਾਲਸਾ ਨਹੀਂ ,ਸਗੋਂ ਉਨ੍ਹਾਂ ਦਾ ਮੁੱਖ ਮਕਸਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਬਹਾਲ ਕਰਵਾਉਣ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਏਜੰਡੇ ਹੇਠ ਲਿਆਉਣਾ ਹੀ ਹੈ ।
ਉਨ੍ਹਾਂ ਇਸ ਸਮੇਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਿਮਰਜੀਤ ਸਿੰਘ ਬੈਂਸ ਨਾਲ ਵੀ ਗੱਲ ਹੋਈ ਹੈ ਅਤੇ ਉਨ੍ਹਾਂ ਨੇ ਵੀ ਮੈਨੂੰ ਇਹੋ ਹੀ ਕਿਹਾ ਕਿ ਅਸੀਂ ਵੀ "ਅਕਾਲੀ" ਹੀ ਹਾਂ ! ਤੁਸੀਂ ਇਸ ਦੀ ਅਗਵਾਈ ਕਰੋ । ਇਸ ਸਮੇਂ ਸ.ਢੀਂਡਸਾ ਨੇ ਕਿਹਾ ਕਿ 14 ਦਸੰਬਰ ਨੂੰ ਰੱਖੇ ਗਏ ਇਸ ਸਮਾਗਮ ਲਈ ਉਨ੍ਹਾਂ ਵੱਲੋਂ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਕੀਤਾ ਜਾ ਰਿਹਾ ਸਗੋਂ ਅਕਾਲੀ ਦਲ ਨੂੰ ਮੁੜ ਪੰਥਕ ਏਜੰਡੇ ਤੇ ਲਿਆਉਣ ਲਈ ਅਕਾਲੀ ਦਲ ਦੇ ਚਿੰਤਤ ਇਕੱਠੇ ਹੋ ਕੇ ਚਰਚਾ ਕਰਨ ਜਾ ਰਹੇ ਹਨ।
ਦੂਜੇ ਪਾਸੇ ਸੂਤਰਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਕਿ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਵਿਧਾਇਕ ਦਲ ਦੇ ਨੇਤਾ ਵੀ ਹਨ ,ਵੱਲੋਂ ਵੀ ਦੋ ਤਿੰਨ ਦਿਨਾਂ ਚ ਆਪਣੇ ਵਿਧਾਇਕ ਦਲ ਦੇ ਨੇਤਾ ਤੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਕੇ 14 ਦਸੰਬਰ ਨੂੰ ਬਾਦਲ ਦਲ ਨਾਲੋਂ ਵੱਖਰੇ ਰੱਖੇ ਗਏ ਸਥਾਪਨਾ ਦਿਵਸ ਵਿੱਚ ਭਾਗ ਲੈ ਸਕਦੇ ਹਨ ।
ਦੱਸਣਯੋਗ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ 14 ਦਸੰਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਹਰਿਮੰਦਰ ਸਾਹਿਬ ,ਅੰਮ੍ਰਿਤਸਰ ਵਿਖੇ ਸਥਾਪਨਾ ਦਿਵਸ ਰੱਖਿਆ ਗਿਆ ਹੈ । ਜਿੱਥੇ ਕਿ ਸੁਖਬੀਰ ਬਾਦਲ ਦੇ ਦੁਬਾਰਾ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਦੀ ਤਾਜਪੋਸ਼ੀ ਤੈਅ ਕੀਤੀ ਗਈ ਹੈ । ਇਹ ਵੀ ਪਤਾ ਲੱਗਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਫਿਰ ਤੋਂ ਪ੍ਰਧਾਨ ਬਣਾਏ ਜਾਣ ਦੇ ਉਲੀਕੇ ਪ੍ਰੋਗਰਾਮ ਚ ਸੁਖਬੀਰ ਸਿੰਘ ਬਾਦਲ ਦੇ ਨਾਮ ਦੀ ਪੇਸ਼ਕਸ਼ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਕਰਵਾਉਣ ਦਾ ਪ੍ਰੋਗਰਾਮ ਤੈਅ ਹੋਇਆ ਸੀ ।