ਡੇਰਾ ਬਾਬਾ ਨਾਨਕ:- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਦੋਵਾਂ ਸਰਕਾਰਾਂ ਵੱਲੋਂ ਕਰਵਾਏ ਗਏ ਪਾਕਿਸਤਾਨ ਵਾਲੇ ਪਾਸੇ ਅਤੇ ਭਾਰਤ ਵਾਲੇ ਪਾਸੇ ਉਦਘਾਟਨੀ ਸਮਾਰੋਹ ਜਿੱਥੇ ਇੱਕ ਇਤਿਹਾਸ ਦਾ ਸੁਨਹਿਰੀ ਪੰਨਾ ਸਿਰਜ ਗਏ , ਉੱਥੇ ਹੀ ਲਾਂਘੇ ਤੇ " ਕ੍ਰੈਡਿਟ ਵਾਰ" ਤੋਂ ਇਲਾਵਾ ਕਾਂਗਰਸੀਆਂ ਤੇ ਅਕਾਲੀਆਂ ਵੱਲੋਂ ਸਮਾਗਮਾਂ ਨੂੰ ਲੈ ਕੇ ਚੱਲ ਰਹੇ ਹਾਈ ਡਰਾਮੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਾਰੇ ਗਏ ਧੋਬੀ ਪਟਕੇ ਅਤੇ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਵੱਲੋਂ ਉਦਘਾਟਨੀ ਸਮਾਰੋਹ ਸਮੇਂ ਲਾਂਘੇ ਦਾ ਸਿਹਰਾ ਨਵਜੋਤ ਸਿੱਧੂ ਸਿਰ ਬੰਨ੍ਹ ਕੇ ਸਭ ਨੂੰ ਧੂੜ ਥੱਲੇ ਰੋਲਣ ਦਾ ਵੀ ਇਤਿਹਾਸ ਨਾਲ -ਨਾਲ ਚੱਲਦਾ ਰਹੇਗਾ ।
ਭਾਵੇਂ 9 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨੀ ਸਮਾਗਮਾਂ ਨੂੰ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਪੰਜਾਬ ਚ ਕਾਂਗਰਸ ਦੀ ਸਰਕਾਰ ਅਤੇ ਕੇਂਦਰੀ ਸਰਕਾਰ ਦੀ ਭਾਈਵਾਲ ਪਾਰਟੀ ਅਕਾਲੀ ਦਲ ਵੱਲੋਂ ਇੱਕ ਦੂਜੇ ਖ਼ਿਲਾਫ਼ ਬਿਆਨਬਾਜ਼ੀ ਤੋਂ ਇਲਾਵਾ ਪਹਿਲਾਂ ਅਲੱਗ -ਅਲੱਗ ਥਾਵਾਂ ਤੇ ਸ਼ਕਤੀ ਪ੍ਰਦਰਸ਼ਨ ਰੱਖੇ ਗਏ ਸਨ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦਖ਼ਲ ਦੇਣ ਤੋਂ ਬਾਅਦ ਵੀ ਸਮਾਗਮ ਦੀ ਸਥਿਤੀ ਦੁਬਿਧਾ ਚ ਸੀ । ਜਿਸ ਬਾਰੇ ਪਹਿਲਾਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਸਮਾਗਮਾਂ ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਤੇ ਬਾਅਦ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਚ ਹਿੱਸਾ ਲੈਣ ਦਾ ਸੱਦਾ ਦਿੱਤਾ ਸੀ । ਉਸ ਸਮੇਂ ਪ੍ਰਧਾਨ ਮੰਤਰੀ ਵੱਲੋਂ ਦੋਵਾਂ ਧਿਰਾਂ ਦਾ ਸੱਦਾ ਦਾ ਕਬੂਲ ਕਰ ਲਿਆ ਸੀ। ਪਰ ਨਰਿੰਦਰ ਮੋਦੀ ਵੱਲੋਂ ਅਖੀਰ ਤੱਕ ਆਪਣੇ 9 ਨਵੰਬਰ ਦੇ ਪ੍ਰੋਗਰਾਮਾਂ ਦੇ ਪੱਤੇ ਨਹੀਂ ਖੋਲ੍ਹੇ ਗਏ ਸਨ । ਇੱਥੋਂ ਤੱਕ ਕਿ ਟਰਮੀਨਲ ਤੇ ਨੀਂਹ ਪੱਥਰ ਵੀ ਰਾਤ ਨੂੰ ਹੀ ਫਿੱਟ ਕੀਤਾ ਗਿਆ । ਸਿਆਸੀ ਮਾਹਿਰਾਂ ਅਨੁਸਾਰ 9 ਨਵੰਬਰ ਦੇ ਸਮਾਗਮਾਂ ਤੋਂ ਬਾਅਦ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਕੈਪਟਨ ਨੇ ਅਕਾਲ ਤਖ਼ਤ ਦੇ ਜਥੇਦਾਰ ਦਾ ਹੁਕਮ ਮੰਨਿਆ ,ਤੇ ਨਰਿੰਦਰ ਮੋਦੀ ਨੇ ਕੈਪਟਨ ਦੀ ਕੱਲ੍ਹ ਮੰਨੀ ! ਕਿਉਂਕਿ ਭਾਰਤ ਸਰਕਾਰ ਦੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਡੇਰਾ ਬਾਬਾ ਨਾਨਕ ਚ ਸ਼ਿਕਾਰ ਮਾਛੀਆਂ ਵਿਖੇ ਕਰਵਾਏ ਗਏ ਸਮਾਗਮ ,ਜਿਸ ਦੀ ਸਟੇਜ ਦਾ ਸੰਚਾਲਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਕਾਸ਼ ਹੋਣ ਕਾਰਨ ਸ਼੍ਰੋਮਣੀ ਕਮੇਟੀ ਕੋਲ ਸੀ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁੱਜਣਾ ਤੇ ਪ੍ਰੋਟੋਕੋਲ ਅਨੁਸਾਰ ਕੈਪਟਨ ਦੀ ਕੁਰਸੀ ਵੀ ਨਰਿੰਦਰ ਮੋਦੀ ਦੇ ਨਾਲ ਲੱਗਣ ਕਾਰਨ ਪੰਡਾਲ ਚ ਬੈਠੇ ਬਹੁਤ ਸਾਰੇ ਅਕਾਲੀਆਂ ਨੂੰ ਹਜ਼ਮ ਨਹੀਂ ਹੋ ਰਹੀ ਸੀ । ਅਕਾਲੀ ਦਲ ਵੱਲੋਂ ਆਲੇ ਦਆਲੇ ਦੇ ਹਲਕਿਆਂ ਚੋਂ ਬੱਸਾਂ ਰਾਹੀਂ ਲਿਆਂਦੇ ਗਏ ਵਰਕਰਾਂ ਨੂੰ ਭਾਰਤ ਸਰਕਾਰ ਦਾ ਪ੍ਰੋਗਰਾਮ ਹੋਣ ਬਾਰੇ ਉਸ ਸਮੇਂ ਪਤਾ ਲੱਗਿਆ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੋਲਣ ਦਾ ਸਮਾਂ ਹੀ ਨਹੀਂ ਦਿੱਤਾ ਗਿਆ ।
ਮਾਛੀਆਂ ਕਲਾਂ ਦੇ ਪ੍ਰੋਗਰਾਮ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਤੋਂ ਹੀ ਨਰਿੰਦਰ ਮੋਦੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਨਾਲ ਜਹਾਜ਼ ਚ ਬਿਠਾ ਕੇ ਨਾਲ ਲੈ ਕੇ ਆਉਣਾ ਤੇ ਉਸ ਤੋਂ ਬਾਅਦ ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਸਰਕਾਰ ਦੀ ਟੈਂਟ ਸਿਟੀ ਚ ਪੁੱਜ ਕੇ ਪੰਗਤ ਚ ਬੈਠ ਕੇ ਲੰਗਰ ਛਕਣਾ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਤੋਂ ਇਲਾਵਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਡੇਰਾ ਬਾਬਾ ਨਾਨਕ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਦੇ ਇੰਚਾਰਜ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਮੁਬਾਰਕਾਂ ਦੇਣੀਆਂ । ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮੇਂ ਉਦਘਾਟਨੀ ਪੱਥਰ ਤੋਂ ਪਰਦਾ ਚੁੱਕਣ ਸਮੇਂ ਕੈਪਟਨ ਨੂੰ ਆਪਣੇ ਕੋਲ ਬੁਲਾਉਣਾ ਆਦਿ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਿਆਸੀ ਚਰਚਾਵਾਂ ਚੱਲ ਪਈਆਂ ਹਨ।
ਜਦਕਿ ਦੂਜੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹਿਲੇ ਜਥੇ ਨਾਲ ਪੁੱਜੇ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਛੇ ਮਹੀਨਿਆਂ ਦੀ ਚੁੱਪ ਤੋੜ ਕੇ ਸੇਅਰੋ ਸ਼ਾਇਰੀ ਰਾਹੀਂ ਗੁੱਭ- ਗੁਬਾਹਟ ਕੱਢਣਾ ਤੇ ਬਾਅਦ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਨਵਜੋਤ ਸਿੱਧੂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹ ਕੇ ਉਸ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕ੍ਰੈਡਿਟ ਦੇਣ ਤੋਂ ਬਾਅਦ ਦੋਵਾਂ ਦੇਸ਼ਾਂ ਚ ਅਮਨ ਸ਼ਾਂਤੀ ਲਈ ਨਵਜੋਤ ਸਿੱਧੂ ਨੂੰ ਮੋਹਰਾ ਬਣਾਉਣ ਦੇ ਸੰਕੇਤ ਦਿੱਤੇ ।