ਚੰਡੀਗੜ੍ਹ:- ਅਕਾਲੀ ਦਲ ਦੇ ਦਿਗਜ ਨੇਤਾ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਰਾਜ ਸਭਾ ਚ ਅਕਾਲੀ ਦਲ ਦੇ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇਣ ਦੀਆਂ ਪ੍ਰਕਾਸ਼ਿਤ ਖ਼ਬਰ ਤੋਂ ਬਾਅਦ ਜਿੱਥੇ ਪੰਜਾਬ ਦੀ ਸਿਆਸਤ ਚ ਇੱਕ ਵਾਰ ਫਿਰ ਹਲਚਲ ਪੈਦਾ ਹੋ ਗਈ ਹੈ ।ਉੱਥੇ ਸਿੱਖ ਸਿਆਸਤ ਚ ਉੱਠਣ ਵਾਲੇ ਤੂਫਾਨ ਨੂੰ ਰੋਕਣ ਲਈ ਅਕਾਲੀ ਦਲ (ਬਾਦਲ) ਨੇ ਸੋਸ਼ਲ ਮੀਡੀਆ ਤੇ ਸੁਖਬੀਰ ਸਿੰਘ ਬਾਦਲ ਦੇ ਦਸਤਖਤ ਹੇਠ ਇਕ ਚਿੱਠੀ ਜਾਰੀ ਕੀਤੀ ਹੈ ਅਤੇ ਨਾਲ ਹੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਵੱਲੋਂ ਵੀ ਅਕਾਲੀ ਦਲ ਦੇ ਲੈਟਰਪੈਡ ਤੇ ਲਿਖੀ ਗਈ ਇਸ ਚਿੱਠੀ ਨੂੰ ਨਾਲ ਟਵਿੱਟਰ ਤੇ ਸ਼ੇਅਰ ਕੀਤਾ ਗਿਆ ਹੈ । ਇਹ ਚਿੱਠੀ ਸੰਸਦੀ ਮਾਮਲਿਆਂ ਦੇ ਮੰਤਰੀ ਨੂੰ 12 ਜੂਨ ,2019 ਤਰੀਕ ਨੂੰ ਲਿਖੀ ਹੈ ।ਜਿਸ ਵਿੱਚ ਬਲਵਿੰਦਰ ਸਿੰਘ ਭੂੰਦੜ ਨੂੰ ਰਾਜ ਸਭਾ ਚ ਅਕਾਲੀ ਦਲ ਦਾ ਲੀਡਰ ਅਤੇ ਨਰੇਸ਼ ਗੁਜਰਾਲ ਨੂੰ ਡਿਪਟੀ ਲੀਡਰ ਬਣਾਉਣ ਲਈ ਲਿਖਿਆ ਹੈ ।
ਭਾਵੇਂ ਕਿ ਇਹ ਗੱਲ ਸਪੱਸ਼ਟ ਹੈ ਕਿ ਇਸ ਚਿੱਠੀ ਨੂੰ ਵਾਇਰਲ ਕਰਕੇ ਅਕਾਲੀ ਦਲ ਵੱਲੋਂ ਸੁਖਦੇਵ ਸਿੰਘ ਢੀਂਡਸਾ ਵੱਲੋਂ ਦਿੱਤੇ ਗਏ ਰਾਜ ਸਭਾ ਚ ਅਕਾਲੀ ਦਲ ਦੇ ਲੀਡਰ ਦੇ ਅਹੁਦੇ ਤੋਂ ਅਸਤੀਫੇ ਨੂੰ ਝੂਠਾ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਇਸ ਨਾਲ ਕਈ ਸਵਾਲ ਖੜ੍ਹੇ ਹੁੰਦੇ ਹਨ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਚ "ਆਪ " ਦੇ ਝਟਕੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਪਾਵਰਫੁਲ ਮੰਨੇ ਜਾਂਦੇ ਅਕਾਲੀ ਦਲ ਵੱਲੋਂ ਪਹਿਲਾਂ ਇਹੋ ਜਿਹੀ ਕਦੇ ਚਿੱਠੀ ਵਾਇਰਲ ਕਿਉਂ ਨਹੀਂ ਕੀਤੀ ? ਇਸ ਸਮੇਂ ਇਹ ਵੀ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਅਕਾਲੀ ਦਲ ਵੱਲੋਂ ਢੀਂਡਸਾ ਦੀ ਥਾਂ ਤੇ ਬਲਵਿੰਦਰ ਸਿੰਘ ਭੂੰਦੜ ਦੀ ਨਿਯੁਕਤੀ ਕੀਤੀ ਸੀ ਤਾਂ ਰਾਜ ਸਭਾ ਦੇ ਲੰਘ ਕੇ ਗਏ ਸੈਸ਼ਨ ਚ ਸੁਖਦੇਵ ਸਿੰਘ ਢੀਡਸਾ ਰਾਜ ਸਭਾ ਚ ਅਕਾਲੀ ਦਲ ਦੇ ਲੀਡਰ ਵਜੋਂ ਕਿਉਂ ਭਾਗ ਲੈਂਦੇ ਰਹੇ ? ਵੱਖ ਵੱਖ ਰਾਜਸੀ ਪਾਰਟੀਆਂ ਵੱਲੋਂ ਰਾਜ ਸਭਾ ਚ ਚੁਣਕੇ ਆਏ ਮੈਂਬਰਾਂ ਦੇ ਲੀਡਰਾਂ ਦੀ ਹੁੰਦੀ ਮੀਟਿੰਗ ਚ ਸੁਖਦੇਵ ਸਿੰਘ ਢੀਂਡਸਾ ਨੂੰ ਰਾਜ ਸਭਾ ਦੇ ਚੇਅਰਮੈਨ /ਉਪ ਰਾਸ਼ਟਰਪਤੀ ਵੱਲੋਂ ਰਾਜ ਸਭਾ ਚ ਅਕਾਲੀ ਦਲ ਦੇ ਲੀਡਰ ਦੀ ਹੈਸੀਅਤ ਚ ਕਿਉਂ ਸੱਦਾ ਦਿੱਤਾ ਜਾਂਦਾ ਰਿਹਾ ?
"ਖ਼ਬਰ ਵਾਲੇ ਡਾਟ ਕਾਮ " ਦੀ ਟੀਮ ਨੇ ਜਦੋਂ ਇਸ ਸਬੰਧੀ ਸੁਖਦੇਵ ਸਿੰਘ ਢੀਂਡਸਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਅਕਾਲੀ ਦਲ ਵੱਲੋਂ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਗਈ ਚਿੱਠੀ ਬਾਰੇ ਅਤੇ ਕੋਈ ਵੀ ਸਿਆਸੀ ਟਿੱਪਣੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ । ਉਨ੍ਹਾਂ ਇੱਕ ਗੱਲ ਦੀ ਜ਼ਰੂਰ ਪੁਸਟੀ ਕਰ ਦਿੱਤੀ ਕਿ ਉਹ ਕੱਲ੍ਹ ਹੀ ਉਪ ਰਾਸ਼ਟਰਪਤੀ ਨੂੰ ਰਾਜ ਸਭਾ ਚ ਅਕਾਲੀ ਦਲ ਦੇ ਲੀਡਰ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇਕੇ ਆਏ ਹਨ । ਉਨ੍ਹਾਂ ਸੁਖਬੀਰ ਸਿੰਘ ਬਾਦਲ 12 ਜੂਨ ਨੂੰ ਲਿਖੀ ਚਿੱਠੀ ਬਾਰੇ ਅਣਜਾਣਤਾ ਪ੍ਰਗਟ ਕੀਤੀ ਅਤੇ ਉਨ੍ਹਾਂ ਦੇ ਅਸਤੀਫੇ ਦੀਆਂ ਖਬਰਾਂ ਪ੍ਰਕਾਸ਼ਤ ਹੋਣ ਤੋਂ ਬਾਅਦ ਅਕਾਲੀ ਦਲ ਵੱਲੋਂ ਵਾਇਰਲ ਕੀਤੀ ਚਿੱਠੀ ਤੇ ਕੋਈ ਵੀ ਟਿੱਪਣੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ।
ਹੁਣ ਦੇਖਣਾ ਹੋਵੇਗਾ ਕਿ ਸ. ਢੀਂਡਸਾ ਵੱਲੋਂ ਜ਼ਿਮਨੀ ਚੋਣਾਂ ਸਿਰ ਤੇ ਹੋਣ ਤੇ ਦਿੱਤੇ ਗਏ ਅਸਤੀਫੇ ਤੋਂ ਬਾਅਦ ਸਿੱਖ ਰਾਜਨੀਤੀ ਕੀ ਮੋੜ ਲੈਂਦੀ ਹੈ ।