ਚੰਡੀਗੜ੍ਹ :-ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਚ ਹੋ ਰਹੀ ਜ਼ਿਮਨੀ ਚੋਣ ਨੂੰ ਲੈ ਕੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ , ਹਰਸਿਮਰਤ ਕੌਰ ਬਾਦਲ ,ਬਿਕਰਮ ਸਿੰਘ ਮਜੀਠੀਆ ਅਤੇ ਆਦੇਸ਼ ਪ੍ਰਤਾਪ ਕੈਰੋਂ ਦੇ ਨਾਮ ਤੋਂ ਇਲਾਵਾ ਕਈ ਸਾਬਕਾ ਤੇ ਮੌਜੂਦਾ ਵਿਧਾਇਕਾਂ ਤੇ ਸੁਖਬੀਰ ਬਾਦਲ ਦੇ ਆਪਣੇ ਦਫ਼ਤਰੀ ਅਮਲੇ ਨੂੰ ਸ਼ਾਮਿਲ ਕੀਤਾ ਗਿਆ ਹੈ ।ਪਰ ਸਟਾਰ ਪ੍ਰਚਾਰਕਾਂ ਦੀ ਸੂਚੀ ਚ ਬਾਦਲ ਪਰਿਵਾਰ ਨਾਲ ਸਬੰਧਤ ਪੰਜ ਮੈਂਬਰਾਂ ਨੂੰ ਸ਼ਾਮਿਲ ਕਰਨ ਅਤੇ ਤਿੰਨ ਅਕਾਲੀ ਦਲ ਦੇ ਦਿੱਗਜ ਆਗੂਆਂ ਦੇ ਜਾਨਸੀਨਾ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਚੋਂ ਬਾਹਰ ਕੱਢਣ ਦੇ ਫੈਸਲੇ ਨਾਲ ਅਕਾਲੀ ਦਲ ਦੀ ਲੀਡਰਸ਼ਿਪ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ ।
ਵਿਧਾਨ ਸਭਾ ਚ ਵਿਧਾਇਕ ਦਲ ਦੇ ਨੇਤਾ ਪਰਮਿੰਦਰ ਸਿੰਘ ਢੀਂਡਸਾ , ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ , ,ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਨੂੰ ਸੂਚੀ ਚੋਂ ਬਾਹਰ ਰੱਖਣ ਨਾਲ ਇੱਕ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਕੀ ਇਹ ਆਗੂ ਰਾਜਨੀਤੀ ਚੋਂ ਸੰਨਿਆਸ ਲੈ ਗਏ ਹਨ ਜਾਂ ਫਿਰ ਬਾਦਲ ਪਰਿਵਾਰ ਇਨ੍ਹਾਂ ਨੂੰ ਪ੍ਰਚਾਰਕ ਦੇ ਲਾਇਕ ਨਹੀਂ ਸਮਝਦਾ ?
ਸ਼੍ਰੋਮਣੀ ਅਕਾਲੀ ਦਲ ਦੇ ਗਠਨ ਤੋਂ ਲੈ ਕੇ ਜੇਲ੍ਹਾਂ ਕੱਟਣ ਅਤੇ ਵੱਖ ਵੱਖ ਮੋਰਚਿਆਂ ਦੀ ਅਗਵਾਈ ਕਰਨ ਵਾਲੇ ਢੀਂਡਸਾ, ਤਲਵੰਡੀ ਤੇ ਬਰਨਾਲਾ ਪਰਿਵਾਰਾਂ ਦੇ ਪਿਛੋਕੜ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦਾ ਖੂਨ ਤਾਂ ਨੀਲਾ ਹੈ ।ਪਰ ਇਹ ਗੱਲ ਦੀ ਹਰ ਹੱਟੀ ਭੱਠੀ ਤੇ ਚਰਚਾ ਹੈ ਕਿ ਅਕਾਲੀ ਦਲ ਦੇ ਹੁਕਮਰਾਨ ਬਾਦਲ ਪਰਿਵਾਰ ਲਈ ਇਨ੍ਹਾਂ ਦਾ ਖੂਨ ਚਿੱਟਾ ਕਿਵੇਂ ਹੋ ਗਿਆ ?
ਸਭ ਤੋਂ ਪਹਿਲਾਂ ਗੱਲ ਕਰੀਏ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਪਰਮਿੰਦਰ ਸਿੰਘ ਢੀਂਡਸਾ ਦੀ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅੱਤ ਨਜ਼ਦੀਕੀਆਂ ਚੋਂ ਰਹੇ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਸਪੁੱਤਰ ਹਨ । ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਪ੍ਰਧਾਨ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਚ ਅਕਾਲੀ ਦਲ ਵੱਲੋਂ ਲਗਾਏ ਗਏ ਮੋਰਚਿਆਂ ਚ ਜਿੱਥੇ ਅਹਿਮ ਹੁਣ ਭੂਮਿਕਾ ਨਿਭਾਈ ,ਉੱਥੇ ਉਹ ਪਿਛਲੇ ਦਹਾਕੇ ਚ ਅਕਾਲੀ ਦਲ ਦੇ ਹੁੰਦੇ ਬਟਵਾਰੇ ਸਮੇਂ ਪ੍ਰਕਾਸ਼ ਸਿੰਘ ਬਾਦਲ ਵਾਲੇ ਪਲੜੇ ਚ ਚਟਾਨ ਵਾਂਗ ਖੜ੍ਹੇ ਰਹਿੰਦੇ ਸਨ । ਆਪਣੀ ਗੱਲ ਨੂੰ ਸਮੇਂ ਦੀ ਨਜ਼ਾਕਤ ਅਨੁਸਾਰ ਰੱਖਣ ਵਾਲੇ ਢੀਂਡਸਾ ਦਾ ਇਕੱਲੇ ਮਾਲਵੇ ਚ ਨਹੀਂ ,ਸਗੋਂ ਦਿੱਲੀ ਦੀ ਉੱਚ ਕੋਟੀ ਦੀ ਲੀਡਰਸ਼ਿਪ ਚ ਵੀ ਚੰਗਾ ਪ੍ਰਭਾਵ ਹੈ। ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਚ ਕੇਂਦਰੀ ਮੰਤਰੀ ਰਹੇ ਸਰਦਾਰ ਢੀਂਡਸਾ ਨੇ ਸਾਲ 2004 ਚ ਦੇਸ਼ ਦੀ ਪਾਰਲੀਮੈਂਟ ਚ 1984 ਦੌਰਾਨ ਹੋਏ ਸਿਖ ਕਤਲੇਆਮ ਅਤੇ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਦਾ ਮੁੱਦਾ ਉਠਾਕੇ ,ਪਾਰਲੀਮੈਂਟ ਚ ਨਿੰਦਣਯੋਗ ਘਟਨਾ ਦਾ ਮਤਾ ਪੇਸ਼ ਕਰਵਾਇਆ ਸੀ ।
ਪਿਛਲੇ ਵਰ੍ਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿਰੁੱਧ ਲੱਗੇ ਬਰਗਾੜੀ ਮੋਰਚੇ ਅਤੇ ਵਿਧਾਨ ਸਭਾ ਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਯਾਦਾ ਤੇ ਉੱਠੇ ਸਵਾਲ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਆਗੂਆਂ ਨੂੰ ਮਾਫ਼ੀ ਮੰਗਣ ਲਈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤਖ਼ਤ ਸਾਹਿਬ ਦੇ ਪਵਿੱਤਰ ਅਹੁਦੇ ਤੋਂ ਲਾਂਭੇ ਹੱਟ ਜਾਣ ਲਈ ਬਿਆਨ ਦਿੱਤਾ ਸੀ , ਇਹ ਸਭ ਕੁਝ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਨੂੰ ਹਜ਼ਮ ਨਹੀਂ ਸੀ ।ਜਿਸ ਕਾਰਨ ਉਹ ਘੁਟਨ ਮਹਿਸੂਸ ਕਰਦਿਆਂ ਅਚਾਨਕ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਗੁਪਤਵਾਸ ਚ ਚਲੇ ਗਏ ਸਨ । ਕਈ ਦਿਨਾਂ ਬਾਅਦ ਵਾਪਸੀ ਤੇ ਸਰਦਾਰ ਢੀਂਡਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੁੱਲ ਬਖਸ਼ਾਉਣ ਲਈ ਖਿਮਾ ਯਾਚਨਾ ਵੀ ਕੀਤੀ ਸੀ । ਜਦਕਿ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਸਮੇਤ ਕਈ ਆਗੂਆਂ ਨੇ ਸਰਦਾਰ ਢੀਂਡਸਾ ਨੂੰ ਵਾਪਸ ਅਕਾਲੀ ਦਲ ਚ ਕੰਮ ਕਰਨ ਦੀ ਅਪੀਲ ਕੀਤੀ ,ਪਰ ਉਨ੍ਹਾਂ ਵੱਲੋਂ ਆਪਣੀ ਸਿਹਤ ਦਾ ਬਹਾਨਾ ਲਗਾ ਕੇ ਕੋਰੀ ਨਾ ਕਰ ਦਿੱਤੀ ਸੀ। ਭਾਵੇਂ ਕਿ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਸੁਖਬੀਰ ਸਿੰਘ ਬਾਦਲ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਵਿਧਾਇਕ ਦਲ ਦਾ ਨੇਤਾ ਚੁਣਿਆ ਹੋਇਆ ਹੈ। ਪਰ ਰਾਜਸੀ ਮਾਹਰ ਢੀਂਡਸਾ ਦੇ ਪੁੱਤਰ ਨੂੰ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਪਿੱਛੇ ਬਾਦਲ ਦਲ ਵੱਲੋਂ ਸਿਆਸੀ ਮੋਹਰਾ ਬਣਾਉਣਾ ਆਖਦੇ ਹਨ।
ਹੁਣ ਗੱਲ ਕਰਦੇ ਹਾਂ ਰਣਜੀਤ ਸਿੰਘ ਤਲਵੰਡੀ ਦੀ ,ਜਿਹੜੇ ਕਿ ਸਾਬਕਾ ਵਿਧਾਇਕ ਹਨ ਅਤੇ ਉਨ੍ਹਾਂ ਦਾ ਜੱਦੀ ਹਲਕਾ ਰਾਏਕੋਟ ਰਿਜ਼ਰਵ ਹੋਣ ਤੋਂ ਬਾਅਦ ਉਸ ਨੂੰ ਬਹੁਗਿਣਤੀ ਹਿੰਦੂ ਵੋਟਰਾਂ ਵਾਲੇ ਹਲਕਾ ਖੰਨਾ ਦਾ ਇੰਚਾਰਜ ਬਣਾਇਆ ਹੋਇਆ ਹੈ ਤਾਂ ਕਿ ਰਾਜਨੀਤੀ ਦੇ ਹਾਸ਼ੀਏ ਤੇ ਹੀ ਰਹਿਣ । ਰਣਜੀਤ ਸਿੰਘ ਤਲਵੰਡੀ ਦੇ ਪਿਤਾ ਜਥੇਦਾਰ ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਹਨ। ਜਿਨ੍ਹਾਂ ਨੂੰ ਲੋਹ ਪੁਰਸ਼ ਦਾ ਖ਼ਿਤਾਬ ਹਾਸਲ ਸੀ,।
ਜਥੇ. ਤਲਵੰਡੀ ਵੱਲੋਂ ਪੰਜਾਬੀ ਸੂਬੇ ਦੀ ਬਹਾਲੀ ਲਈ ਹਵਨ ਕੁੰਡ ਬਣਾ ਕੇ ਮਰਨ ਵਰਤ ਤੇ ਬੈਠਣਾ ਆਦਿ ਤੋਂ ਇਲਾਵਾ ਧਰਮ ਯੁੱਧ ਅਤੇ ਹੋਰ ਵੱਖ ਵੱਖ ਮੋਰਚਿਆਂ ਚ 19 ਮਹੀਨੇ ਜੇਲ੍ਹਾਂ ਕਟਣ ਤੋਂ ਇਲਾਵਾ ਆਨੰਦਪੁਰ ਸਾਹਿਬ ਦਾ ਮਤਾ ਪੇਸ ਕੀਤਾ ਗਿਆ । ਇੱਥੇ ਇਹ ਵੀ ਦੱਸਣਯੋਗ ਹੈ ਕਿ ਰਣਜੀਤ ਸਿੰਘ ਤਲਵੰਡੀ ਦੇ ਦਾਦਾ ਬਾਪੂ ਸਾਂਗਾ ਸਿੰਘ ਜਿਹੜੇ ਕਿ ਅਕਾਲੀ ਲਹਿਰ ਦੇ ਮੋਢੀਆਂ ਚੋਂ ਰਹੇ ਹਨ, ਨੇ ਗੁਰੂ ਕਾ ਬਾਗ ਤੇ ਹੋਰ ਅਕਾਲੀ ਲਹਿਰ ਸਮੇਂ ਲਗਾਏ ਗਏ ਮੋਰਚਿਆਂ ਚ ਭਾਗ ਲੈਂਣ ਤੋਂ ਇਲਾਵਾ ਜੇਲ੍ਹਾਂ ਕੱਟੀਆਂ ਤੇ ਉਨ੍ਹਾਂ ਉਸ ਸਮੇਂ ਅੰਗਰੇਜ਼ ਸਾਮਰਾਜ ਦਾ ਹੱਥ ਠੋਕਾ ਬਣੇ ਨਰੈਣੂ ਮਹੰਤ ਦੇ ਟੋਲੇ ਤੋਂ ਗੁਰਦੁਆਰਾ ਸਾਹਿਬਾਨਾਂ ਨੂੰ ਆਜ਼ਾਦ ਕਰਵਾਉਣ ਲਈ ਵੱਡਾ ਯੋਗਦਾਨ ਪਾਇਆ, ਕਿਉਂਕਿ ਉਸ ਸਮੇ ਕਾਨੂੰਨ ਚ ਸੋਧ ਕਰਵਾਉਣ ਲਈ ਵਿਧਾਨ ਸਭਾ ਚ ਸਿੱਖ ਨੁਮਾਇੰਦੇ ਦੀ ਲੋੜ ਸੀ।
ਜਿਸ ਕਾਰਨ ਪੰਥ ਦੇ ਦਿਮਾਗ਼ ਸਮਝੇ ਜਾਂਦੇ ਗਿਆਨੀ ਕਰਤਾਰ ਸਿੰਘ ਨੂੰ ਵਿਧਾਨ ਸਭਾ ਚ ਭੇਜਣ ਲਈ ਉਸ ਦੇ ਨਾਮ ਤੇ ਆਪਣੀ ਇੱਕ ਮੁਰੱਬਾ ਜੱਦੀ ਜ਼ਮੀਨ ਕਰਵਾਈ ,ਕਿਉਂਕਿ ਉਸ ਸਮੇਂ ਦੇ ਕਾਨੂੰਨ ਅਨੁਸਾਰ ਚੋਣ ਲੜਨ ਵਾਲੇ ਉਮੀਦਵਾਰ ਪਾਸ ਮੁਰੱਬਾ ਜ਼ਮੀਨ ਹੋਣਾ ਲਾਜ਼ਮੀ ਸੀ ।ਜਿਸ ਤੋਂ ਬਾਅਦ ਗਿਆਨੀ ਕਰਤਾਰ ਸਿੰਘ ਵਿਧਾਇਕ ਬਣ ਕੇ ਉਸ ਸਮੇਂ ਦੇ ਮੁੱਖ ਮੰਤਰੀ ਸਰ ਸਿਕੰਦਰ ਹਯਾਤ ਖ਼ਾਨ ਦੀ ਸਰਕਾਰ ਚ ਮੰਤਰੀ ਵੀ ਬਣੇ ਅਤੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਵਿਧਾਨ ਸਭਾ ਚ ਬਿੱਲ ਪਾਸ ਕਰਵਾਇਆ । ਮੰਨਿਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਤਲਵੰਡੀ ਆਪਣੇ ਬਾਪ ਵਾਂਗ ਅੱਖੜ ਸੁਭਾਅ ਦੇ ਹਨ ਅਤੇ ਉਨ੍ਹਾਂ ਵੱਲੋਂ ਪਿਛਲੇ ਦੇ ਜ਼ਿਮਨੀ ਚੋਣ ਲਈ ਦਾਖਾ ਹਲਕੇ ਤੋ ਉਸ ਨੇ ਆਪਣੇ ਲਈ ਟਿਕਟ ਮੰਗੀ ਸੀ ਅਤੇ ਇਹ ਤਰਕ ਦਿੱਤਾ ਗਿਆ ਸੀ ,ਕਿ ਮੁੱਲਾਂਪੁਰ ਉਨ੍ਹਾਂ ਦਾ ਜੱਦੀ ਪਿੰਡ ਹੈ ਅਤੇ ਖਾਸ ਕਰਕੇ ਹਲਕਾ ਰਾਏਕੋਟ ਤੇ ਜਗਰਾਉਂ ਦੇ ਨਵੇਂ ਲੱਗੇ ਹਲਕਾ ਦਾਖਾ ਨਾਲ ਪਿੰਡਾਂ ਦਾ ਵੀ ਜ਼ਿਕਰ ਕੀਤਾ ਸੀ ।
ਹੁਣ ਗੱਲ ਕਰਦੇ ਹਾਂ ਗਗਨਜੀਤ ਸਿੰਘ ਬਰਨਾਲਾ ਦੀ ਜੋ ਕਿ ਸਾਬਕਾ ਵਿਧਾਇਕ ਰਹੇ ਹਨ ਅਤੇ ਉਹ ਅਕਾਲੀ ਦਲ ਦੇ ਸਾਬਕਾ ਪ੍ਰਧਾਨ ,ਪੰਜਾਬ ਦੇ ਮੁੱਖ ਮੰਤਰੀ ਤੇ ਗਵਰਨਰ ਰਹੇ ।
ਸੁਰਜੀਤ ਸਿੰਘ ਬਰਨਾਲਾ ਦੇ ਜਾਨਸ਼ੀਨ ਹਨ । ਸਰਜੀਤ ਸਿੰਘ ਬਰਨਾਲਾ ਭਾਵੇਂ ਦੇਸ਼ ਦੀ ਰਾਜਨੀਤੀ ਚ ਜੋੜ ਤੋੜ ਕਰਨ ਦੇ ਮਾਹਰ ਵੀ ਸਮਝ ਜਾਂਦੇ ਸਨ ।ਸਭ ਤੋਂ ਵੱਧ ਪੜ੍ਹੇ ਲਿਖੇ ਹੋਣ ਕਰਕੇ ਸੁਰਜੀਤ ਸਿੰਘ ਬਰਨਾਲਾ ਜਿੱਥੇ ਪੰਜਾਬੀ ਸੂਬੇ ਨੂੰ ਬਹਾਲ ਕਰਵਾਉਣ ਵਾਲੇ ਮੋਰਚੇ ਦੇ ਮੋਢੀਆਂ ਚੋਂ ਸਨ ਅਤੇ ਨਾਲ ਹੀ ਉਨ੍ਹਾਂ ਵੱਲੋਂ ਅਕਾਲੀ ਦਲ ਪਾਰਟੀ ਨੂੰ ਨਵੀਂ ਦਿੱਖ ਦਿੱਤੀ ਗਈ । ਸੁਰਜੀਤ ਸਿੰਘ ਬਰਨਾਲਾ ਨੇ ਸੰਵਿਧਾਨ ਚ ਸੋਧ ਕਰਦਿਆਂ ਪੰਥਕ ਪਾਰਟੀ ਅਕਾਲੀ ਦਲ ਨੂੰ ਤੇ ਪਾਰਟੀ ਦਾ ਚੋਣ ਨਿਸ਼ਾਨ ਤੱਕੜੀ ਚੋਣ ਕਮਿਸ਼ਨ ਜਿਸ ਤੋਂ ਰਜਿਸਟਰਡ ਕਰਵਾਇਆ ।