ਆਖ਼ਰ ਕਿਥੇ ਗਏ ਸੁਖਦੇਵ ਸਿੰਘ ਢੀਂਡਸਾ ? -ਬਾਦਲਾਂ ਤੋਂ ਬਾਅਦ ਖ਼ੁਫੀਆ ਏਜੰਸੀਆਂ ਵੀ ਫ਼ੇਲ
ਚੰਡੀਗੜ, - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅਚਾਨਕ ਅਕਾਲੀ ਦਲ ਦੀ ਕੋਰ ਕਮੇਟੀ ਤੇ ਸਕੱਤਰ ਜਨਰਲ ਦੇ ਅਹੁਦਿਆਂ ਤੋਂ ਫ਼ਾਰਗ ਹੋਣ ਵਾਲੀ ਚਿੱਠੀ ਲਿਖ ਕੇ ਜਿਥੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਉਥੇ ਹੀ ਉਨਾਂ ਦੇ ਗੁਪਤਵਾਸ ਦੀ ਕਹਾਣੀ ਵੀ ਸਭ ਨੂੰ ਅਚੰਭੇ 'ਚ ਪਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਢੀਂਡਸਾ ਨੂੰ ਲੱਭਣ ਲਈ ਜਿਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ 'ਚ ਉਠੀਆਂ ਬਾਗ਼ੀ ਸੁਰਾਂ ਨੂੰ ਠੁਸ ਕਰਨ ਲਈ ਢੀਂਡਸਾ ਨਾਲ ਸੰਪਰਕ ਬਣਾਉਣ 'ਚ ਫੇਲ ਰਹੇ ਉਥੇ ਹੀ ਪੰਜਾਬ ਸਰਕਾਰ ਦੀਆਂ ਸੂਹੀਆ ਏਜੰਸੀਆਂ ਲਈ ਵੀ ਢੀਂਡਸਾ ਦਾ ਗੁਪਤਵਾਸ ਬੁਝਾਰਤ ਬਣਿਆ ਹੋਇਆ ਹੈ।
ਸੂਤਰ ਦਸਦੇ ਹਨ ਕਿ ਜਿਸ ਦਿਨ ਉਹ ਘਰੋਂ ਨਿਕਲੇ ਸਨ ਤਾਂ ਉਸ ਸਮੇਂ ਉਨਾਂ ਨਾਲ ਉਨਾਂ ਦਾ ਦੋਸਤ ਸੀ ਤੇ ਉਹ ਆਪਣੇ ਸੁਰੱਖਿਆ ਅਮਲੇ ਨੂੰ ਇਹ ਕਹਿ ਕੇ ਨਿਕਲੇ ਸਨ ਕਿ ਉਹ ਥੋੜੀ ਦੇਰ ਤਕ ਵਾਪਸ ਆ ਜਾਣਗੇ ਪਰ ਜਦੋਂ ਕਾਫੀ ਸਮਾਂ ਉਹ ਨਾ ਮੁੜੇ ਤਾਂ ਢੀਂਡਸਾ ਦੀ ਸੁਰੱਖਿਆ ਅਮਲੇ ਦੇ ਕਰਮਚਾਰੀਆਂ 'ਚ ਹੜਕੰਪ ਮੱਚ ਗਿਆ ਕਿਉਂਕਿ ਸ. ਢੀਂਡਸਾ ਦੀ ਅਸਤੀਫ਼ੇ ਵਾਲੀ ਚਿੱਠੀ ਜਾਰੀ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਅਧਿਕਾਰੀ ਢੀਂਡਸਾ ਦੇ ਸੁਰੱਖਿਆ ਕਰਮਚਾਰੀਆਂ ਤੋਂ ਸੂਹ ਲੈਣ ਲੱਗੀ ਤਾਂ ਸੁਰੱਖਿਆ ਅਮਲੇ ਵਲੋਂ ਉਨਾਂ ਦੇ ਬਿਨਾਂ ਦੱਸੇ ਕਿਧਰੇ ਚਲੇ ਜਾਣ ਦਾ ਖ਼ੁਲਾਸਾ ਕਰਨ ਤੋਂ ਬਾਅਦ ਸੁਰੱਖਿਆ ਅਮਲੇ ਦੀ ਬਕਾਇਦਾ ਜਵਾਬ ਤਲਬੀ ਵੀ ਹੋਈ।
ਸੂਤਰ ਦਸਦੇ ਹਨ ਕਿ ਅੱਜ ਵੀ ਅਕਾਲੀ ਦਲ ਤੇ ਪੰਜਾਬ ਸਰਕਾਰ ਆਪਣੇ ਆਪਣੇ ਤੌਰ 'ਤੇ ਉਨਾਂ ਦੀ ਖੋਜ 'ਚ ਲੱਗੇ ਹੋਏ ਹਨ। ਸਰਕਾਰ ਦੀਆਂ ਖ਼ੁਫੀਆ ਏਜੰਸੀਆਂ ਵਲੋਂ ਉਨਾਂ ਦੇ ਨਜ਼ਦੀਕੀਆਂ ਦੇ ਫੋਨ ਟਰੇਸ ਕੀਤੇ ਜਾ ਰਹੇ ਹਨ ਤੇ ਉਨਾਂ 'ਤੇ ਨਜ਼ਰ ਵੀ ਰੱਖੀ ਜਾ ਰਹੀ ਹੈ ਪਰ ਢੀਂਡਸਾ ਦਾ ਕੋਈ ਥਹੁ ਪਤਾ ਨਹੀਂ ਮਿਲ ਰਿਹਾ। ਇਸ ਤਰਾਂ ਲਗਦਾ ਹੈ ਕਿ ਢੀਂਡਸਾ ਨੇ ਇਹ ਯੋਜਨਾ ਬਹੁਤ ਪਹਿਲਾਂ ਹੀ ਬਣਾ ਲਈ ਸੀ।
ਆਮ ਲੋਕਾਂ ਨੂੰ ਸ਼ਾਇਦ ਲਗਦਾ ਹੋਵੇਗਾ ਕਿ ਢੀਂਡਸਾ ਨੇ ਇੱਕ ਦਿਨ 'ਚ ਅਸਤੀਫੇ ਦਾ ਫੈਸਲਾ ਲੈ ਲਿਆ। ਅਜਿਹਾ ਨਹੀਂ ਹੈ ਸਗੋਂ ਇਸ ਦੇ ਪਿਛੇ ਲਗਭਗ ਇੱਕ ਮਹੀਨੇ ਦਾ ਘਟਨਾ ਕ੍ਰਮ ਕੰਮ ਕਰਦਾ ਦਿਖਾਈ ਦੇ ਰਿਹਾ ਹੈ। ਦਰਅਸਲ ਜਿਸ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਤੇ ਬਹਿਬਲ ਕਲਾਂ ਗੋਲੀ ਕਾਂਡ ਆਦਿ ਬਾਰੇ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ 'ਚ ਪੇਸ਼ ਹੋਈ ਸੀ ਤਾਂ ਸੰਗਤਾਂ ਦੇ ਉਠੇ ਰੋਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਬਿਆਨ ਦਿੱਤਾ ਸੀ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਜਿਸ ਨਾਲ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਢਾਹ ਲੱਗੀ ਹੈ ਇਸ ਲਈ ਜਥੇਦਾਰ ਨੂੰ ਇਸ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ ਜਾਂ ਫਿਰ ਸ਼ੋਮਣੀ ਕਮੇਟੀ ਨੂੰ ਉਨਾਂ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ।
ਢੀਂਡਸਾ ਦੇ ਇਸ ਬਿਆਨ ਦਾ ਪ੍ਰਤੀਕਰਮ ਇਹ ਹੋਇਆ ਕਿ ਸੁਖਬੀਰ ਬਾਦਲ ਵਲੋਂ ਦਿੱਲੀ ਤੋਂ ਨਵੇਂ ਲਗਾਏ ਗਏ ਕਾਰਪੋਰੇਟ ਮੈਨੇਜਰ ਨੇ ਅਕਾਲ ਤਖ਼ਤ ਦੇ ਜਥੇਦਾਰ ਤੋਂ ਇੱਕ ਪ੍ਰੈਸ ਕਾਨਫਰੰਸ ਕਰਵਾ ਦਿੱਤੀ ਜਿਸ ਵਿਚ ਜਥੇਦਾਰ ਨੇ ਨਾ ਸਿਰਫ਼ ਆਪਣੇ ਆਪ ਦਾ ਬਚਾ ਕੀਤਾ ਸਗੋਂ ਆਪਣੇ ਪੁੱਤਰ ਦੇ ਬਿਜਨਿਸ ਨੂੰ ਵੀ ਬਚਾ ਲਿਆ ਗਿਆ। ਜਥੇਦਾਰ ਨੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ 'ਚ ਕੋਈ ਕਸਰ ਨਾ ਛੱਡੀ।ਜਥੇਦਾਰ ਦੇ ਇਸ ਬਿਆਨ ਤੋਂ ਬਾਅਦ ਢੀਂਡਸਾ ਸਮਝ ਗਏ ਸਨ ਕਿ ਹੁਣ ਅਕਾਲੀ ਦਲ ਵਿਚ ਉਨਾਂ ਦੀ ਵੱਡੇ ਬਾਦਲ ਵਾਂਗ ਸੁਣਨ ਵਾਲਾ ਕੋਈ ਨਹੀਂ ਹੈ । ਇਸ ਤੋਂ ਬਾਅਦ ਢੀਂਡਸਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨਜ਼ਰ ਆ ਰਹੇ ਸਨ ਤੇ ਉਨਾਂ ਇਹ ਫੈਸਲਾ ਲੈ ਲਿਆ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਨਾਂ ਪਹਿਲਾਂ ਗੁਰਦਵਾਰਾ ਨਾਢਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਉਹ ਵੱਖ ਵੱਖ ਇਤਿਹਾਸਕ ਗੁਰਦਵਾਰਿਆਂ ਦੀ ਧਾਰਮਿਕ ਯਾਤਰਾ 'ਤੇ ਨਿਕਲ ਗਏ। ਅਸਤੀਫੇ ਵਾਲੀ ਚਿੱਠੀ ਵੀ ਉਨਾਂ ਦੇ ਜਾਣ ਤੋਂ ਬਾਅਦ ਹੀ ਉਨਾਂ ਦੇ ਨਿੱਜੀ ਸਹਾਇਕ ਵਲੋਂ ਮੀਡੀਆ ਨੂੰ ਜਾਰੀ ਕੀਤੀ ਗਈ।