ਬੈਂਸ ਭਰਾਵਾਂ ਨਾਲ ਖਹਿਰੇ ਨੂੰ ਯਾਰੀ ਮਹਿੰਗੀ ਪਈ -“ਆਪ” ਦੀ “ਸ਼ਤਰੰਜੀ” ਖੇਡ ਦੀਆਂ ਹੁਣ ਗੋਟੀਆਂ ਕਿਸ ਕੋਲ .?
ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਉਸ ਦੀ ਦਿੱਲੀ ਹਾਈ ਕਮਾਨ ਵੱਲੋਂ ਲਾਹੇ ਜਾਣ ਦੇ ਐਲਾਨ ਤੋਂ ਬਾਅਦ ਜਿੱਥੇ ਉਸ ਦੀਆਂ ਦੋ ਵਿਰੋਧੀ ਪ੍ਰਮੁੱਖ ਧਿਰਾਂ ਕਾਂਗਰਸੀਆਂ ਤੇ ਅਕਾਲੀਆਂ ਵੱਲੋਂ ਖੁਸ਼ੀ ' ਚ ਜਸ਼ਨ ਮਨਾਏ ਜਾ ਰਹੇ ਹਨ,ਉੱਥੇ ਮੇਰੇ ਨਜ਼ਰੀਏ ਚ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਸਨਮਾਨਤ ਅਹੁਦੇ ਤੋਂ ਇਸ ਲਈ ਹਟਾਇਆ ਗਿਆ ,ਕਿ ਉਹ ਆਗਾਮੀ ਚੋਣਾਂ ਚ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਕੋਈ ਵੱਡਾ ਫਰੰਟ ਨਾ ਬਣਾ ਲਵੇ ।
ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਤੋਂ ਅਦਾਲਤੀ ਮਾਨਹਾਨੀ ਦੇ ਮਾਮਲੇ ਚ ਮੁਆਫੀ ਮੰਗਣ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਸੱਤਾ ਚ ਆਈ ਲੋਕ ਇਨਸਾਫ਼ ਪਾਰਟੀ ਦੇ ਦੋਵੇਂ ਵਿਧਾਇਕ ਬੈਂਸ ਬ੍ਰਦਰਜ਼ ਜਿਨ੍ਹਾਂ ਨੇ ਮੁਆਫ਼ੀ ਮੰਗਣ ਵਾਲੇ ਦਿਨ ਹੀ ਆਮ ਆਦਮੀ ਪਾਰਟੀ ਨਾਲੋਂ ਨਾਤਾ ਤੋੜ ਲਿਆ ਸੀ ,ਪਰ ਸੁਖਪਾਲ ਸਿੰਘ ਖਹਿਰਾ ਆਪਣੀ ਪਾਰਟੀ ਦੇ ਪਲੇਟ ਫਾਰਮ ਤੋਂ ਪਾਸੇ ਹਟ ਕੇ ਹਮੇਸ਼ਾ ਬੈਂਸ ਭਰਾਵਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਰਿਹਾ ਸੀ ।ਅਸਲ ਵਿੱਚ ਬੈਂਸ ਭਰਾਵਾਂ ਨਾਲ ਖਹਿਰੇ ਦੀ ਯਾਰੀ ਵੀ ਉਸ ਦੀ ਛੁੱਟੀ ਦਾ ਮੁੱਖ ਕਾਰਨ ਹੈ ।
ਸੁਖਪਾਲ ਸਿੰਘ ਖਹਿਰਾ ਦੀ ਉਸ ਦੀ ਪਾਰਟੀ ਹਾਈਕਮਾਨ ਵਿੱਚ ਤਾਂ ਭਾਵੇਂ ਪੁੱਠੀ ਗਿਣਤੀ ਉਸ ਸਮੇਂ ਹੀ ਸ਼ੁਰੂ ਹੋ ਗਈ ਸੀ, ਜਦੋਂ ਉਸ ਨੇ ਆਮ ਆਦਮੀ ਪਾਰਟੀ ਦੇ ਬਾਨੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹੁਕਮ ਅਦੂਲੀ ਕੀਤੀ । ਉਸ ਨੇ ਅਕਾਲੀ ਆਗੂ ਬਿਕਰਜੀਤ ਸਿੰਘ ਮਜੀਠੀਆ ਤੋਂ ਮਾਨਹਾਨੀ ਦੇ ਮਾਮਲੇ ਚ ਮੁਆਫੀ ਮੰਗਣ ਤੋਂ ਬਾਅਦ ਵਿੱਚ ਅਰਵਿੰਦ ਕੇਜਰੀਵਾਲ ਦਾ ਵਿਰੋਧ ਕੀਤਾ ਸੀ ਅਤੇ ਕੇਜਰੀਵਾਲ ਵੱਲੋਂ ਦਿੱਲੀ ਚ ਬੁਲਾਈ ਗਈ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਚ ਵੀ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਨਹੀਂ ਗਏ ਸਨ ।,ਸਗੋਂ ਪਾਰਟੀ ਦੇ ਪਲੇਟਫਾਰਮ ਤੋਂ ਪਾਸੇ ਹੱਟ ਕੇ ਉਸ ਨੇ ਚੰਡੀਗੜ੍ਹ ਮੀਟਿੰਗ ਬੁਲਾਈ ।
ਭਾਵੇਂ ਲੋਕਾਂ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਲੋਕਪ੍ਰਿਅਤਾ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਵਿਰੁੱਧ ਬਿਆਨਬਾਜ਼ੀ ਕਰਨ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਅਤੇ ਪੁਲਿਸ ਅਫ਼ਸਰਾਂ ਨੂੰ ਨਸ਼ਿਆਂ ਵਿਰੁੱਧ ਘੇਰਨ ਕਾਰਨ ਹੋਈ ਸੀ ।ਪਰ ਪੰਜਾਬ ਚ ਇਸ ਦੀ ਆਪਣੀ ਹੀ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਇਹ ਸਭ ਕੁਝ ਹਜ਼ਮ ਨਹੀਂ ਸੀ ਹੋ ਰਿਹਾ ,ਇਸੇ ਕਾਰਨ "ਅਾਪ" ਦੀਆਂ ਲੋਕ ਸਭਾ ਚੋਣਾਂ ਤੋਂ ਮਾਲਵੇ ਵਿੱਚ ਜੜ੍ਹਾਂ ਲਗਾਉਣ ਵਾਲਾ ਕੈਮੇਡੀਅਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਜਿਹੜਾ ਕਿ ਕਿਸੇ ਸਮੇਂ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਸੀ ,ਦਾ ਵੀ ਰਾਜਨੀਤਕ ਭਵਿੱਖ ਹਾਸ਼ੀਏ ਤੇ ਹੋਣ ਕਾਰਨ ਉਸ ਦੀਆਂ ਚਰਚਾਵਾਂ ਕਾਂਗਰਸ ਚ ਸ਼ਾਮਿਲ ਹੋਣ ਦੀਆਂ ਚੱਲੀਆਂ ਸਨ ।
ਆਮ ਆਦਮੀ ਪਾਰਟੀ ਦੇ ਬਾਨੀ ਅਰਵਿੰਦ ਕੇਜਰੀਵਾਲ ਵੱਲੋਂ ਪਿਛਲੇ ਦਿਨੀਂ ਸੁਖਪਾਲ ਸਿੰਘ ਖਹਿਰਾ ਵੱਲੋਂ ਸਿੱਖ ਰਿਫਰੈਂਡਮ 2020 ਦੇ ਹੱਕ ਵਿੱਚ ਦਿੱਤੇ ਗਏ ਬਿਆਨ ਤੋਂ ਬਾਅਦ ਚ ਖਹਿਰਾ ਨੂੰ ਹਟਾਉਣ ਦਾ ਮਨ ਬਣਾਇਆ ਸੀ ,ਪਰ ਖਹਿਰਾ ਦੇ ਹੱਕ ਵਿੱਚ ਸਿੱਖ ਐਨ ਆਰ ਆਈਜ਼ ਵੱਲੋਂ ਖੁੱਲ੍ਹ ਕੇ ਆਉਣ ਕਾਰਨਬਉਸ ਨੂੰ ਫੈਸਲਾ ਟਾਲਣਾ ਪਿਆ ਸੀ ।
ਆਪਣੇ ਸੁਭਾਅ ਮੁਤਾਬਿਕ ਪਾਰਟੀ ਦੀਆਂ ਹੱਦਾਂ ਬੰਨੇ ਟੱਪ ਕੇ ਮੀਡੀਆ ਦੇ ਸਹਾਰੇ ਚੱਲਣ ਵਾਲੇ ਸੁਖਪਾਲ ਸਿੰਘ ਖਹਿਰਾ ਨੂੰ ਮੀਡੀਆ ਹੀ ਲੈ ਡੁੱਬਾ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਆਪ ਦੇ ਸਹਿ ਪ੍ਰਧਾਨ ਡਾ ਬਲਵੀਰ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਵਿੱਚ ਚੱਲ ਰਹੀ ਸ਼ਬਦੀ ਜੰਗ ਤੋਂ ਬਾਅਦ ,ਜਦੋਂ ਇਸ ਨੇ ਸੋਸ਼ਲ ਮੀਡੀਆ ਤੇ ਆਪਣੀ ਡਾ ਬਲਬੀਰ ਸਿੰਘ ਵਿਰੁੱਧ ਵੀਡੀਓ ਵਾਇਰਲ ਕੀਤੀ ਤਾਂ ਉਸ ਤੋਂ ਬਾਅਦ ਖਹਿਰਾ ਨੇ ਆਪ ਦੇ ਵਿਧਾਇਕ ਦਲ ਦੀ ਮੀਟਿੰਗ ਪਾਰਟੀ ਹਾਈ ਕਮਾਨ ਦੀ ਇਜਾਜ਼ਤ ਤੋਂ ਬਿਨਾਂ ਬੁਲਾ ਲਈ । ਜਿਸ ਨੂੰ ਰਾਜਸੀ ਮਾਹਿਰਾਂ ਵੱਲੋਂ ਖਹਿਰਾ ਦਾ ਸ਼ਕਤੀ ਪ੍ਰਦਰਸ਼ਨ ਦੱਸਿਆ ਗਿਆ । ਪਰ ਅਖੀਰ ਚੱਲ ਰਹੀ ਇਸ ਸ਼ਤਰੰਜੀ ਖੇਡ ਦੀਆਂ ਗੋਟੀਆਂ ਭਗਵੰਤ ਮਾਨ ਲੈ ਗਿਆ ਅਤੇ ਉਸ ਨੇ ਆਪਣੇ ਹਲਕੇ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਦਾ ਨਾਮ ਵਿਰੋਧੀ ਧਿਰ ਦੇ ਨੇਤਾ ਵਜੋਂ ਪੇਸ਼ ਕਰ ਦਿੱਤਾ ।ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਸੁਖਪਾਲ ਸਿੰਘ ਖਹਿਰਾ ਆਪਣੇ ਤੇਵਰ ਕੀ ਦਿਖਾਉਂਦੇ ਹਨI