ਯੂਨੀਵਰਸਿਟੀ ਚੋਣਾਂ :-ਨਵੀਂ ਬਣੀ ਪ੍ਰਧਾਨ ਕੰਨੂੰ ਪ੍ਰਿਆ ਕੌਣ ਹੈ ? ਰਾਜਨੀਤਿਕ ਪਾਰਟੀਆਂ ਨੂੰ ਕਿਉਂ ਵੱਜੀ ਪਲਟੀ ! ਪੜ੍ਹ
ਪੰਜਾਬ ਯੂਨੀਵਰਸਿਟੀ ਚੋਣਾਂ ਤੇ ਪੰਜਾਬ , ਹਰਿਆਣਾ ਅਤੇ ਚੰਡੀਗੜ੍ਹ ਦੇ ਸਿਆਸਤਦਾਨਾਂ ਦੀ ਪੂਰੀ ਨਜ਼ਰ ਲੱਗੀ ਹੋਈ ਸੀ ਕਿਉਂਕਿ ਅੱਜ ਦੇ ਵਿਦਿਆਰਥੀ ਕੱਲ੍ਹ ਦੇ ਨੇਤਾ ਹਨ।
ਇਨ੍ਹਾਂ ਚੋਣਾਂ ਚ ਪਿਛਲੇ ਸਮੇਂ ਤੋਂ ਪੰਜਾਬ ਅਤੇ ਹਰਿਆਣਾ ਦੀਆਂ ਪ੍ਰਮੁੱਖ ਰਾਜਸੀ ਧਿਰਾਂ ਸਿੱਧੇ ਤੌਰ ਤੇ ਆਪਣੇ ਵਿਦਿਆਰਥੀ ਯੂਨਿਟ ਬਣਾ ਕੇ ਚੋਣਾਂ ਲੜਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਦੇ ਸਨ,ਅਤੇ ਕਈ ਵਾਰ ਰਾਜਸੀ ਲੋਕਾਂ ਵੱਲੋਂ ਗੈਂਗਸਟਰਾਂ ਦਾ ਵੀ ਸਹਾਰਾ ਲਿਆ ਜਾਂਦਾ ਸੀ । ਪਰ ਇਸ ਵਾਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਡੀਆਂ ਰਾਜਸੀ ਧਿਰਾਂ ਨੂੰ ਚਿੱਤ ਕਰਦਿਆਂ ਇੱਕ ਵੱਖਰਾ ਇਤਿਹਾਸ ਕਾਇਮ ਕੀਤਾ ਹੈ ।
ਪੰਜਾਬ ਦੇ ਸਰਹੱਦੀ ਖੇਤਰ ਤਰਨ -ਤਾਰਨ ਦੀ ਖੱਬੇ ਪੱਖੀ ਵਿਚਾਰ ਧਾਰਾ ਵਾਲੀ , ਸਟੂਡੈਂਟ ਫਾਰ ਸੋਸਾਇਟੀ ਦੀ ਕਨੂੰਪ੍ਰਿਆ ਨੇ ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਪ੍ਰਧਾਂਨ ਦੀ ਚੋਣ ਸ਼ਾਨਦਾਰ ਢੰਗ ਨਾਲ ਜਿੱਤ ਕੇ ਇਹ ਪ੍ਰਭਾਵ ਦਿੱਤਾ ਹੈ ਕਿ ਨੌਜਵਾਨ ਵਰਗ, ਪੰਜਾਬ ਦੇ ਲੋਕਾਂ ਵਾਂਗ ਰਿਵਾਇਤੀ ਪਾਰਟੀਆਂ ਦਾ ਗੁਲਾਮ ਨਹੀਂ , ਸਗੋਂ ਉਹ ਆਪਣੇ ਹਿੱਤਾਂ ਦੀ ਪੈਰਵੀ ਕਰਨ ਵਾਲਿਆਂ ਨੂੰ ਹੀ ਤਰਜੀਹ ਦਿੰਦਾ ਹੈ।
ਕਨੂੰਪ੍ਰਿਯਾ ਪੰਜਾਬ ਯੂਨੀਵਰਸਿਟੀ ਵਿਚ ਪ੍ਰਧਾਨਗੀ ਸੀਟ ਤੇ ਜਿੱਤਣ ਵਾਲੀ ਪਹਿਲੀ ਬੀਬੀ ਪ੍ਰਧਾਨ ਹੈ , ਜਿਸਨੇ ਆਪਣੇ ਪ੍ਰਭਾਵ ਨਾਲ ਕਾਕਾਸ਼ਾਹੀ ਨੂੰ ਹਾਵੀ ਨਹੀਂ ਹੋਣ ਦਿੱਤਾ। ਹਾਲਾਂਕਿ ਕੰਨੂੰਪ੍ਰਿਯਾ ਸਿੱਧੇ ਤੋਰ ਤੇ ਕਿਸੇ ਵੀ ਰਿਵਾਇਤੀ ਖੱਬੇ ਪੱਖੀ ਪਾਰਟੀ ਨਾਲ ਸੰਬੰਧਿਤ ਨਹੀਂ ਹੈ , ਪਰ ਉਸਦੀ ਵਿਚਾਰਧਾਰਾ ਓਹੀ ਹੈ ਅਤੇ ਉਸ ਨਾਲ ਜੁੜਿਆ ਗਰੁੱਪ ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲਾ ਹੈ।
ਪਰ ਸਾਲ 2019 ਵਿਚ ਦੇਸ਼ ਦੀ ਸੱਤਾ ਤੇ ਮੁੜ ਕਾਬਿਜ਼ ਹੋਣ ਦਾ ਸੁਪਨਾ ਲੈਣ ਵਾਲੀ ਭਾਜਪਾ ਦੀ ਏ ਬੀ ਵੀ ਪੀ ਨੂੰ ਟਿੱਲ ਦੇ ਜ਼ੋਰ ਦੇ ਬਾਵਜੂਦ ਭੁੰਜੇ ਬੈਠ ਕੇ ਹੀ ਸਬਰ ਕਰਨਾ ਪਿਆ। ਪਾਰਟੀ ਪ੍ਰਧਾਨ , ਉਪ ਪ੍ਰਧਾਨ , ਸਕੱਤਰ ਅਤੇ ਜੋਇੰਟ ਸਕੱਤਰ ਵਿੱਚੋ ਕੋਈ ਸੀਟ ਨਹੀਂ ਜਿੱਤ ਸਕੀ। ਏ ਬੀ ਵੀ ਪੀ ਦੇ ਇਕ ਜੋਇੰਟ ਸੇਕ੍ਰੇਟਰੀ ਉਮੀਦਵਾਰ ਹੇਮੰਤ ਦੀ ਜਿੱਤ ਵਿਚ ' ਨੋਟਾਂ ' ( ਕਿਸੇ ਨੂੰ ਵੋਟ ਨਹੀਂ ) ਭਾਨੀ ਮਾਰ ਗਿਆ। ਸਿਰਫ 83 ਵੋਟਾਂ ਕਾਰਨ ਜਿੱਤ ਤੋਂ ਦੂਰ ਰਹੇ ਹੇਮੰਤ ਦੀ ਚੋਣ ਵਿਚ 879 ਵੋਟਾਂ ਨੋਟਾਂ ਨੂੰ ਪੈ ਗਈਆਂ। ਪੰਜਾਬ ਤੋਂ ਬਾਹਰ ਪੈਰ ਪਸਾਰਨ ਦੀ ਸੋਚ ਰਹੀ ਤੱਕੜੀ ਵਾਲਿਆਂ ਦੀ ਪਾਰਟੀ ਸੋਈ ਵੀ ਪੰਜਾਬ ਯੂਨੀਵਰਸਿਟੀ ਚੋਣਾਂ ਚ ਪ੍ਰਦਰਸ਼ਨ ਵੀ ਅਕਾਲੀ ਦਲ ਦਾ ਪੰਜਾਬ ਦੀ ਰਾਜਨੀਤੀ ਵਾਂਗ ਰਿਹਾ।
ਸੋਈ ਨੇ ਸਕੱਤਰ ਦੇ ਅਹੁਦੇ ਤੇ ਹਰਿਆਣਾ ਦੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਦਿਆਰਥੀ ਵਿੰਗ ਇਨਸੋ ਦੇ ਅਮਰਿੰਦਰ ਸਿੰਘ ਦਾ ਸਾਥ ਦਿੱਤਾ ,ਜੋ ਇਹ ਚੋਣ ਜਿੱਤੇ ਹਨ। ਇਸ ਚੋਣ ਵਿਚ ਕਾਂਗਰਸ ਦਾ ਪ੍ਰਦਰਸ਼ਨ ਖਰਾਬ ਹੀ ਰਿਹਾ ਉਸਦੇ ਵਿਦਿਆਰਥੀ ਵਿੰਗ ਐਨ ਐੱਸ ਯੂ ਆਈ ਸਿਰਫ ਜੋਇੰਟ ਸਕੱਤਰ ਦੀ ਚੋਣ ਹੀ ਜਿੱਤ ਸਕਿਆ, ਕਾਂਗਰਸ ਦੇ ਉਮੀਦਵਾਰ ਵਿਪੁਲ ਅਤਰੇ ਨੇ ਇਹ ਚੋਣ ਜਿੱਤੀ।
ਇਹਨਾਂ ਚੋਣਾਂ ਵਿਚ ਅਕਾਲੀ ਦਲ ਅਤੇ ਭਾਜਪਾ ਦੇ ਵਿਦਿਆਰਥੀ ਵਰਗ ਨੇ ਇਕ ਦੂਜੇ ਦੇ ਵਿਰੁੱਧ ਚੋਣ ਲੜੀ। ਇੰਨਾ ਚੋਣਾਂ ਵਿਚ ਪਹਿਲੀ ਵਾਰ ਸਰਕਾਰੀ ਪੋਸਟ ਗਰੈਜੂਏਟ ਕਾਲਜ , ਸੈਕਟਰ -46 ਦੇ ਵਿਦਿਆਰਥੀਆਂ ਨੇ ਜਨਰਲ ਸਕੱਤਰ ਦੇ ਅਹੁਦੇ ਤੇ ਟ੍ਰਾੰਸਜੈਂਡਰ ਇਨਸਾਨ ਤੇ ਭਰੋਸਾ ਜਤਾਇਆ ਹੈ।