“ਫੂਲਕਾ” ਨੂੰ ਸ਼ਹੀਦ ਬਣਾਉਣ ਦੀ ਤਿਆਰੀ.! ਕੀ ਹੈ ਸਿਆਸੀ ਖੇਡ ?
ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਬਾਰੇ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲੲੀ ਸਰਕਾਰ ਵਿਰੁੱਧ ਰੋਸ ਵਜ਼ੋਂ ਪਿਛਲੇ ਇੱਕ ਮਹੀਨੇ ਤੋਂ ਤਰੀਕਾਂ ਬਦਲ ਕੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦੇ ਆ ਰਹੇ "ਆਪ" ਆਗੂ ਐਡਵੋਕੇਟ ਐੱਚ ਐੱਸ ਫੂਲਕਾ ਨੇ 12 ਅਕਤੂਬਰ ਨੂੰ ਪੱਕੇ ਤੌਰ ਤੇ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ ।
ਮੇਰੇ ਨਜ਼ਰੀਆ ਵਿੱਚ "ਫੂਲਕਾ "ਦੇ ਅਸਤੀਫ਼ੇ ਦੀ ਕਹਾਣੀ ਪਿੱਛੇ ਕੇਜਰੀਵਾਲ "ਧਰਮ ਦੇ ਪੱਤੇ "ਵਾਲੇ ਸਿਆਸੀ ਖੇਡ ਛੁਪੀ ਹੋਈ ਹੈ ,ਇਹ ਖੇਡ ਹਿੰਦੋਸਤਾਨ ਚ ਲੱਗਭਗ ਸਾਰੀਆਂ ਸਿਆਸੀ ਪਾਰਟੀਆਂ ਹੀ ਖੇਡਦੀਆਂ ਹਨ ।ਅਸਲ ਸੱਚ ਇਹ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੀ ਪੰਜਾਬ ਚ ਡਿੱਗ ਚੁੱਕੀ ਸ਼ਾਖ਼ ਨੂੰ ਬਚਾਉਣ ਲਈ ਫੂਲਕਾ ਤੋਂ ਅਸਤੀਫ਼ਾ ਦੁਆਇਆ ਜਾ ਰਿਹਾ ਹੈ ।
ਰਾਜਸੀ ਮਾਹਿਰ ਦੱਸਦੇ ਹਨ "ਆਪ" ਦੇ ਦਿੱਲੀ ਦਰਬਾਰ ਦੀਆਂ ਨੀਤੀਆਂ ਤੋਂ ਬਾਗੀ ਹੋ ਕੇ ਆਪਣਾ ਵੱਖਰਾ ਪਾਵਰਫੁੱਲ ਧੜਾ ਬਣਾਉਣ ਚ ਸਫ਼ਲ ਹੋਏ ਸੁਖਪਾਲ ਸਿੰਘ ਖ਼ਹਿਰਾ ਤੋਂ ਚਿੰਤਤ ਭਾਵੇਂ ਕੇਜਰੀਵਾਲ ਨੇ ਪਹਿਲਾਂ ਹੀ ਵਿਧਾਇਕ ਐੱਚ ਐੱਸ ਫੂਲਕਾ ਨੂੰ ਪੰਜਾਬ ਦਾ ਪ੍ਰਧਾਨ ਬਣਾਉਣ ਦਾ ਫ਼ੈਸਲਾ ਲਿਆ ਸੀ,ਤੇ ਫੂਲਕਾ ਤੇ ਕੇਜਰੀਵਾਲ ਚ ਭਵਿੱਖ ਦੀ ਰਾਜਨੀਤੀ ਦੀ ਵਿਉਂਤਬੰਦੀ ਤੇ ਰਾਜ ਸਭਾ ਸੀਟ ਨੂੰ ਲੈ ਕੇ ਚੱਲ ਰਹੇ ਸਮਝੌਤੇ ਕਾਰਨ ਫੂਲਕਾ ਵੱਲੋਂ ਅਸਤੀਫ਼ੇ ਦੀਆਂ ਵਾਰ -ਵਾਰ ਤਰੀਕਾਂ ਬਦਲੀਆਂ ਜਾ ਰਹੀਆਂ ਸਨ ।
ਪਰ ਬਰਗਾੜੀ ਵਿਖੇ 7 ਅਕਤੂਬਰ ਨੂੰ ਸੁਖਪਾਲ ਸਿੰਘ ਖਹਿਰਾ ਦੇ ਸੱਦੇ ਤੇ ਕੀਤੇ ਗਏ ਰੋਸ ਮਾਰਚ ਤੇ ਧਰਨੇ ਚ ਦੌਰਾਨ ਹੋਏ ਵੱਡੇ ਇਕੱਠ ਨੇ ਜਿੱਥੇ ਪੰਜਾਬ ਦੀਆਂ ਦੋਵੇਂ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੇ ਆਗੂਆਂ ਦੀ ਨੀਂਦ ਹਰਾਮ ਕਰ ਦਿੱੱਤੀ ਉੱਥੋ "ਆਮ ਆਦਮੀ ਪਾਰਟੀ" ਦੀ ਹੋਂਦ ਨੂੰ ਵੀ ਖ਼ਤਰਾ ਹੋ ਗਿਆ ਹੈ, ਕਿਉਂਕਿ ਬਰਗਾੜੀ ਧਰਨੇ ਚ ਗਏ ਆਗੂਆਂ ਨੂੰ ਸਟੇਜ ਸੰਚਾਲਕਾਂ ਨੇ ਤਵੱਜੋ ਹੀ ਨਹੀਂ ਦਿੱਤੀ । ਜਦਕਿ ਸੁਖਪਾਲ ਖਹਿਰਾ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਜਜ਼ਬਾਤੀ ਭਾਸ਼ਣ ਦੇ ਕੇ ਲੋਕਾਂ ਦੇ ਰੌਂਗਟੇ ਖੜ੍ਹੇ ਕਰ ਦਿੱਤੇ ।
ਬਰਗਾੜੀ ਦੀ ਚਿੰਤਾ ਕਾਰਨ ਹੀ ਹੁਣ ਅਰਵਿੰਦ ਕੇਜਰੀਵਾਲ ਵੱਲੋਂ ਫੂਲਕਾ ਨੂੰ "ਸ਼ਹੀਦ" ਬਣਾਉਣ ਦੀ ਤਿਆਰੀ ਲਗਭਗ ਕਰ ਲਈ ਗਈ ਹੈ , ਕਿਉਂਕਿ ਕੇਜਰੀਵਾਲ "ਆਪ" ਦੇ ਪੰਜਾਬ ਚ ਖਾਸ ਕਰਕੇ ਸਿੱਖਾਂ ਵਿੱਚ ਡਿੱਗੇ ਗ੍ਰਾਫ ਨੂੰ ਉੱਪਰ ਚੁੱਕਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਤੇ ਫੂਲਕਾ ਦਾ ਅਸਤੀਫ਼ਾ ਦਿਵਾਉਣ ਤੋਂ ਬਾਅਦ ਉਸ ਨੂੰ ਪੰਜਾਬ ਦਾ ਪ੍ਰਧਾਨ ਬਣਾਉਣ ਚਾਹੁੰਦਾ ਹੈ ਤਾਂ ਜੋ ਆਪ ਮੁਹਾਰੇ ਬਰਗਾੜੀ ਅਤੇ ਸੁਖਪਾਲ ਖਹਿਰਾ ਪਿਛੇ ਜੁੜ ਰਹੀ ਸਿੱਖਾਂ ਦੀ ਭੀੜ ਨੂੰ "ਆਪ " ਵੱਲ ਖਿੱਚਿਆ ਜਾ ਸਕੇ । ਦਿੱਲੀ ਦਰਬਾਰ ਦੇ ਸੂਤਰਾਂ ਤੋਂ ਇਹ ਪਤਾ ਲੱਗਾ ਹੈ ਕਿ ਫੂਲਕਾ ਆਪਣਾ ਅਸਤੀਫਾ ਦੇਣ ਤੋਂ ਬਾਅਦ 14 ਅਕਤੂਬਰ ਨੂੰ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਤੇ ਸੰਤ ਦਾਦੂਵਾਲ ਵੱਲੋਂ ਕਰਵਾਏ ਜਾ ਰਹੇ ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦਾਂ ਦੀ ਯਾਦ ਚ ਬਰਗਾੜੀ ਵਿਖੇ ਸ਼ਹੀਦੀ ਸਮਾਗਮ ਚ ਪੁੱਜੇਗਾ ।
ਕੇਜਰੀਵਾਲ ਦੇ ਦਿੱਲੀ ਦਰਬਾਰ ਦੇ ਸੂਤਰਾਂ ਦਾ ਮੰਨਣਾ ਹੈ ਕਿ ਪੰਜਾਬ ਚ ਖੱਬੇ ਪੱਖੀ ਵਿਚਾਰਧਾਰਾ ਰੱਖਣ ਵਾਲੇ ਸੰਸਦ ਭਗਵੰਤ ਮਾਨ ਪਾਸ ਪੰਜਾਬ ਦੀ ਕਮਾਨ ਦੇਣ ਨਾਲ ਪਾਰਟੀ ਦਾ ਵੱਡਾ ਨੁਕਸਾਨ ਹੋਇਆ ਹੈ ।
ਹੁਣ ਇਹ ਦੇਖਣਾ ਹੋਵੇਗਾ ਕਿ ਕੇਜਰੀਵਾਲ ਸਿੱਖਾਂ ਨੂੰ ਅਪਣੇ ਨਾਲ਼ ਜੋੜਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਤੇ ਸਰਕਾਰ ਵਿਰੁੱਧ ਵਿਧਾਇਕ ਫੂਲਕਾ ਤੋਂ ਅਸਤੀਫ਼ਾ ਦਿਵਾ ਕੇ ਆਪਣੀ ਸਿਆਸੀ ਖੇਡ ਚ ਕਾਮਯਾਬ ਹੋ ਸਕਣਗੇ ।