ਵਡਾਲਾ ਦੀ ਅਰਦਾਸ ਤੇ ਸਿੱਧੂ ਦੀ ਜੱਫੀ ਬਨਾਮ ਕਰਤਾਰਪੁਰ ਲਾਂਘੇ ‘ਤੇ ਰਾਜਨੀਤੀ
ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਸਾਕਾਰਾਤਮਕ ਕਦਮ ਚੁੱਕੇ ਜਾਣ ਤੋਂ ਬਾਅਦ ਜਿਥੇ ਆਸ ਦੀ ਕਿਰਨ ਜਾਗੀ ਹੈ ਉਥੇ 70 ਸਾਲਾਂ ਤੋਂ ਵਿਛੜੇ ਗੁਰੂਧਾਮਾਂ ਦੇ ਦਰਸ਼ਨਾਂ ਨੂੰ ਤਰਸਦੀ ਸੰਗਤ ਤੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀਆਂ ਕੀਤੀਆਂ ਅਰਦਾਸਾਂ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦੀ ਪਾਕਿ ਫੌਜ ਮੁਖੀ ਨੂੰ ਜੱਫੀ ਪਾ ਕੇ ਲਾਂਘੇ ਲਈ ਕੀਤੀ ਕੋਸ਼ਿਸ਼ ਨੂੰ ਬੂਰ ਪੈ ਗਿਆ ਹੈ।

ਭਾਵੇਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਤਾਬਦੀ ਸਮਾਗਮਾਂ ਨੂੰ ਮੁੱਖ ਰਖਦਿਆਂ ਭਾਰਤ ਤੇ ਪਾਕਿ ਦੀਆਂ ਸਰਕਾਰਾਂ ਵਲੋਂ ਕੋਰੀਡੋਰ ਬਣਾਉਣ ਦੇ ਐਲਾਨ ਕਰ ਦਿੱਤੇ ਗਏ ਹਨ ਪਰ ਨਾਲ ਹੀ ਸਿਆਸੀ ਪਾਰਟੀਆਂ ਲਾਂਘਾ ਖੁਲਣ ਦੇ ਮੁੱਦੇ 'ਤੇ ਆਪੋ ਆਪਣੀਆਂ ਸਿਆਸੀ ਰੋਟੀਆਂ ਸੇਕਣ 'ਤੇ ਲੱਗੀਆਂ ਹੋਈਆਂ ਹਨ। ਜਦਕਿ ਪਿਛਲੇ ਦਿਨੀਂ ਸਿੱਧੂ ਵਲੋਂ ਪਾਈ ਜੱਫੀ ਨੂੰ ਲੈ ਕੇ ਅਕਾਲੀ ਦਲ ਵਲੋਂ ਉਸ 'ਤੇ ਤਿੱਖੇ ਰਾਜਸੀ ਹਮਲੇ ਕੀਤੇ ਗਏ ਸਨ। ਜਦਕਿ ਕੋਰੀਡੋਰ ਬਣਾਉਣ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਹਥਿਆਰ ਬਣਾ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਵਾਗਤ ਕਰਨ ਵਾਲਿਆਂ ਵਿੱਚ ਸਭ ਤੋਂ ਅੱਗੇ ਹਨ। ਇਥੋਂ ਤਕ ਨਵਜੋਤ ਸਿੱਧੂ ਵਲੋਂ ਕਰਤਾਰਪੁਰ ਲਾਂਘੇ ਲਈ 'ਜੱਫੀ' ਅਤੇ ਕੌਮਾਤਰੀ ਸਰਹੱਦ 'ਤੇ ਕੀਤੀ ਅਰਦਾਸ ਤੋਂ ਇਲਾਵਾ ਪ੍ਰੈਸ ਕਾਨਫਰੰਸਾਂ ਨੂੰ ਲੈ ਕੇ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਤੋਂ ਥੋੜਾ ਨਰਾਜ਼ ਸਨ, ਉਨਾਂ ਵਲੋਂ ਵੀ 26 ਨਵੰਬਰ ਨੂੰ ਕੋਰੀਡੋਰ ਬਣਾਉਣ ਲਈ ਰੱਖੇ ਜਾਣ ਵਾਲੇ ਨੀਂਹ ਪੱਥਰ ਲਈ ਪੂਰੇ ਜ਼ੋਰਾਂ ਸ਼ੋਰਾਂ ਨਾਲ ਤਿਆਰੀ ਕੀਤੀ ਜਾ ਰਹੀ ਹੈ।

ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਪਿਛਲੇ 18 ਸਾਲ ਗੁਜ਼ਾਰੇ ਸਨ, ਜਿਸ ਕਾਰਨ ਇਹ ਗੁਰਦਵਾਰਾ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਹੈ। ਪਰ ਮੀਡੀਆ ਦੇ ਇੱਕ ਹਿੱਸੇ ਵਲੋਂ ਕਰਤਾਰਪੁਰ ਲਾਂਘੇ ਲਈ ਇਕੱਲੇ ਸਿੱਖਾਂ ਦੀ ਪ੍ਰਾਪਤੀ ਹੀ ਦਸਿਆ ਜਾ ਰਿਹਾ ਹੈ ਪਰ ਅਸਲ ਗੱਲ ਇਹ ਹੈ ਕਿ ਇਹ ਇਕੱਲੇ ਸਿੱਖਾਂ ਦੀ ਪ੍ਰਾਪਤੀ ਨਹੀਂ ਸਗੋਂ 13 ਕਰੋੜ ਨਾਨਕ ਨਾਮ ਲੇਵਾ ਸੰਗਤ ਦੀ ਪ੍ਰਾਪਤੀ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਿੱਖਾਂ ਦੀ ਗਿਣਤੀ ਕੇਵਲ 2.50 ਕਰੋੜ ਹੈ ਜਦਕਿ ਨਾਨਕ ਨਾਮ ਲੇਵਾ ਸੰਗਤ ਜਿਸ ਵਿੱਚ ਸਿੰਧੀ ਵੀ ਸ਼ਾਮਲ ਹਨ। ਜਿਨਾਂ ਵਿਚੋਂ ਕਰੀਬ 5 ਕਰੋੜ ਤਾਂ ਪਾਕਿਸਤਾਨ ਵਿੱਚ ਹੀ ਰਹਿੰਦੇ ਹਨ ਤੇ ਬਾਕੀ ਭਾਰਤ ਸਮੇਤ ਦੁਨੀਆਂ ਦੇ ਵੱਖ ਵੱਖ ਕੋਨਿਆਂ 'ਚ ਰਹਿੰਦੇ ਹਨ। ਇਹ ਸੰਗਤ ਅੱਜ ਤੋਂ ਨਹੀਂ ਆਜ਼ਾਦੀ ਤੋਂ ਮਗਰੋਂ ਰੋਜ਼ਾਨਾ ਅਰਦਾਸ ਕਰਦੀ ਆ ਰਹੀ ਹੈ ਕਿ ਵਿਛੜੇ ਗੁਰੂਧਾਮਾਂ ਨੂੰ ਮਿਲਾਇਆ ਜਾਵੇ।
ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਸਾਰੇ ਘਟਨਾਕ੍ਰਮ ਪਿੱਛੇ ਯੂਐਨਓ ਦਾ ਦਬਾਅ ਵੀ ਹੈ ਕਿਉਂਕਿ ਯੂਨਾਇਟਡ ਸਿੱਖ ਮਿਸ਼ਨ ਤੋਂ ਇਲਾਵਾ ਦੋਵਾਂ ਦੇਸ਼ਾਂ ਦੀਆਂ ਕੁਝ ਜਥੇਬੰਦੀਆਂ ਯੂਐਨਓ ਵਿੱਚ ਕਈ ਵਾਰ ਪਹੁੰਚ ਕਰ ਚੁੱਕੀਆਂ ਹਨ ਜਿਸ ਕਾਰਨ ਦੋਹਾਂ ਸਰਕਾਰਾਂ ਨੂੰ ਯੂਐਨਓ ਨੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਕਰਨ ਦਾ ਸੁਝਾਅ ਦਿੱਤਾ ਹੈ।
ਇਸ ਦੇ ਪਿਛੇ ਕਾਰਨ ਕੋਈ ਵੀ ਰਿਹਾ ਹੋਵੇ ਪਰ ਇਹ ਸੱਚ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕ੍ਰਿਪਾ ਵਰਤਾਈ ਹੈ ਤੇ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਸਥਾ ਸਾਹਮਣੇ ਸਰਕਾਰਾਂ ਕੁਝ ਵੀ ਨਹੀਂ ਹੁੰਦੀਆਂ। ਇਸ ਲਈ ਜਿੰਨਾ ਜਲਦੀ ਹੋ ਸਕੇ ਸਰਕਾਰਾਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲਣ ਦਾ ਐਲਾਨ ਕਰ ਦੇਣ।