2021-09-27 18:46:51 ( ਖ਼ਬਰ ਵਾਲੇ ਬਿਊਰੋ )
ਰਾਏਕੋਟ 27 ਸਤੰਬਰ (ਹਾਕਮ ਸਿੰਘ ਧਾਲੀਵਾਲ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੁਧਿਆਣਾ ਵਿੱਚ ਸਵਰਗਵਾਸੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਘਰ ਪਾਈ ਫੇਰੀ ਰਾਜਨੀਤਕ ਹਲਕਿਆਂ ਵਿੱਚ ਹਲਚਲ ਪੈਦਾ ਕਰ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਮਰਹੂਮ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਧਰਮਸੁਪਤਨੀ ਮਾਤਾ ਮਹਿੰਦਰ ਕੌਰ ਜੋ ਕੁੱਝ ਸਮਾਂ ਪਹਿਲਾਂ ਸਵਰਗ ਸਿਧਾਰ ਗਏ ਸਨ, ਜਿਸ ਤੋਂ ਬਾਅਦ ਉਹ ਤਲਵੰਡੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਰਾਭਾ ਨਗਰ ਲੁਧਿਆਣਾ ਸਥਿਤ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ ਸਨ। ਬੇਸ਼ੱਕ ਤਲਵੰਡੀ ਪਰਿਵਾਰ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇਸ ਫੇਰੀ ਨੂੰ ਪਰਿਵਾਰਕ ਫੇਰੀ ਕਿਹਾ ਜਾ ਰਿਹਾ ਹੈ ,ਪਰੰਤੂ ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਨਾਲ ਦੁੱਖ ਸਾਂਝਾ ਕਰਨ ਦੇ ਨਾਲ ਨਾਲ ਵਿਧਾਨ ਸਭਾ ਹਲਕਾ ਰਾਏਕੋਟ ਬਾਰੇ ਵੀ ਚਰਚਾ ਕੀਤੀ ਅਤੇ ਨਬਜ਼ ਟਟੋਲੀ ਕੇ ਰਾਏਕੋਟ ਤੋਂ ਕਿਹੜਾ ਉਮੀਦਵਾਰ ਸੀਟ ਜਿੱਤਣ ਦੀ ਸਮਰੱਥਾ ਰੱਖਦਾ ਹੈ ਸੂਤਰਾਂ ਤੋਂ ਇਹ ਵੀ ਪਤਾ ਚੱਲਾ ਹੈ ਕਿ ਜਥੇਦਾਰ ਜਗਜੀਤ ਸਿੰਘ ਤਲਵੰਡੀ ਵੱਲੋਂ ਜਿਸ ਉਮੀਦਵਾਰ ਦੀ ਸਿਫ਼ਾਰਸ਼ ਕੀਤੀ ਗਈ ਹੈ ਉਸ ਦੇ ਰਾਏਕੋਟ ਹਲਕੇ ਵਿਚ ਆਉਣ ਨਾਲ ਸਿਆਸੀ ਸਮੀਕਰਨ ਬਦਲਣ ਦੇ ਪੂਰੇ ਆਸਾਰ ਨਜ਼ਰ ਆ ਰਹੇ ਹਨ ਸੂਤਰਾਂ ਤੋਂ ਇਹ ਵੀ ਪਤਾ ਚੱਲਾ ਹੈ ਕਿ ਪਾਰਟੀ ਪ੍ਰਧਾਨ ਮੌਜੂਦਾ ਹਲਕਾ ਇੰਚਾਰਜ ਦਾ ਕਿਸੇ ਵੀ ਸਮੇਂ ਪੱਤਾ ਸਾਫ ਕਰ ਸਕਦੇ ਹਨ। ਜੇਕਰ ਸੂਤਰਾਂ ਦੀ ਮੰਨੀਏ ਤਾਂ ਸੁਖਬੀਰ ਸਿੰਘ ਬਾਦਲ ਦੀ ਇਸ ਫੇਰੀ ਮੌਕੇ ਵੀ ਤਲਵੰਡੀ ਪਰਿਵਾਰ ਵੱਲੋਂ ਜਿੱਥੇ ਨਵੇਂ ਹਲਕਾ ਇੰਚਾਰਜ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਉਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਰਾਏਕੋਟ ਦੀ ਅਕਾਲੀ ਰਾਜਨੀਤੀ ਵਿੱਚ ਆਉਣ ਵਾਲੇ ਦਿਨਾਂ ਵਿੱਚ ਕਦੇ ਵੀ ਸਿਆਸੀ ਧਮਾਕਾ ਹੋ ਸਕਦਾ ਹੈ।ਸੁਖਬੀਰ ਸਿੰਘ ਬਾਦਲ ਦੀ ਇਸ ਫੇਰੀ ਦੀ ਰਾਏਕੋਟ ਹਲਕੇ ਵਿਚ ਦਿਨ ਭਰ ਪੂਰੀ ਚਰਚਾ ਚਲਦੀ ਰਹੀ ।