ਖ਼ਬਰ ਵਾਲੇ ਬਿਊਰੋ
ਲੁਧਿਆਣਾ, 4 ਫਰਵਰੀ -(ਰਾਜਕੁਮਾਰ ਸ਼ਰਮਾ)ਇੰਦੌਰ (ਮੱਧ ਪ੍ਰਦੇਸ਼) ਵਿਖੇ ਅੱਜ ਸਮਾਪਤ ਹੋਈਆਂ 'ਖੇਲੋ ਇੰਡੀਆ ਗੇਮਜ਼' ਵਿੱਚ ਕੁੜੀਆਂ ਨੇ ਪੰਜਾਬ ਦੀ ਸਰਦਾਰੀ ਨੂੰ ਬਰਕਰਾਰ ਰੱਖਦਿਆਂ ਸੋਨ ਤਮਗਾ ਜਿੱਤਿਆ ਹੈ। ਫਾਈਨਲ ਵਿੱਚ ਪੰਜਾਬ ਦੀ ਟੀਮ ਨੇ ਛੱਤੀਸਗੜ੍ਹ ਦੀ ਟੀਮ ਨੂੰ 17 ਅੰਕਾਂ ਨਾਲ ਹਰਾਇਆ।
ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਦੀ ਕੁੜੀਆਂ ਦੀ ਟੀਮ ਨੇ ਛੱਤੀਸਗੜ੍ਹ ਦੀ ਟੀਮ ਨੂੰ 73-56 ਅੰਕਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਰੱਖਿਆ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲੜਕੀਆਂ ਦੇ ਵਰਗ ਵਿੱਚ ਪੰਜਾਬ ਚੈਂਪੀਅਨ ਸੀ।
ਫਾਈਨਲ ਵਿੱਚ ਪੰਜਾਬ ਟੀਮ ਦੀ ਨਦਰਿ ਕੌਰ ਨੇ 25 ਅੰਕ, ਮਨਮੀਤ ਕੌਰ ਨੇ 16 ਅੰਕ, ਕਾਵਿਆ ਸਿੰਗਲਾ ਨੇ 14 ਅੰਕ, ਕਰਨਵੀਰ ਕੌਰ ਨੇ 10 ਅੰਕ ਅਤੇ ਕੋਮਲ ਪ੍ਰੀਤ ਕੌਰ ਨੇ 8 ਅੰਕ ਟੀਮ ਦੇ ਖਾਤੇ ਵਿੱਚ ਪਾਏ। ਤੇਜਾ ਸਿੰਘ ਧਾਲੀਵਾਲ ਨੇ ਇਸ ਜਿੱਤ ਲਈ ਪੂਰੀ ਟੀਮ, ਕੋਚ ਸਲੋਨੀ, ਸਹਾਇਕ ਕੋਚ ਰਵਿੰਦਰ ਗਿੱਲ ਅਤੇ ਮੈਨੇਜਰ ਅਮਨ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।
ਇਸ ਮਾਣਮੱਤੀ ਪ੍ਰਾਪਤੀ ਉੱਤੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਰਾਜਦੀਪ ਸਿੰਘ ਗਿੱਲ ਸਾਬਕਾ ਡੀ ਜੀ ਪੀ, ਅਰਜਨ ਐਵਾਰਡੀ ਸ੍ਰ ਪਰਮਿੰਦਰ ਸਿੰਘ ਭੰਡਾਲ, ਅਰਜਨ ਐਵਾਰਡੀ ਸ੍ਰ ਸੱਜਣ ਸਿੰਘ ਚੀਮਾ, ਸ੍ਰ ਯੁਰਿੰਦਰ ਸਿੰਘ ਹੇਅਰ, ਸ੍ਰ ਮੁਖਵਿੰਦਰ ਸਿੰਘ ਭੁੱਲਰ ਸੀਨੀਅਰ ਪੁਲਿਸ ਅਧਿਕਾਰੀ, ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਿਸ ਸੁਮਨ ਸ਼ਰਮਾ ਅਰਜਨ ਐਵਾਰਡੀ ਨੇ ਵੀ ਸਮੁੱਚੀ ਟੀਮ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।