2023-01-25 19:58:54 ( ਖ਼ਬਰ ਵਾਲੇ ਬਿਊਰੋ )
ਐਸ.ਏ.ਐਸ. ਨਗਰ 25 ਜਨਵਰੀ (ਅਮਨ ਗਾਂਧੀ ਮੋਹਾਲੀ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਰ ਬਿਊਰੋ, (ਡੀ.ਬੀ.ਈ.ਈ.)ਐਸ.ਏ.ਐਸ.ਨਗਰ ਦੇ ਸਹਿਯੋਗ ਨਾਲ " ਵੱਟ ਐਨ ਆਈਡੀਆ- ਸਟਾਰਟਅਪ ਚੈਲੇਂਜ" ਜ਼ਿਲ੍ਹੇ ਵਿੱਚ ਸ਼ੁਰੂ ਕੀਤਾ ਗਿਆ, ਜਿਸਦਾ ਮੂਲ ਉਦੇਸ਼ ਨਵੇਂ ਉਦਮੀਆਂ/ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਕੇ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕਾ ਪ੍ਰਦਾਨ ਕਰਨਾ ਹੈ। ਇਸ ਨਾਲ ਉਹਨਾਂ ਨੂੰ ਆਪਣਾ ਬਿਜ਼ਨਸ ਪ੍ਰੋਜੈਕਟ ਸ਼ੁਰੂ ਕਰਨ ਲਈ ਮਾਹਿਰਾਂ ਦੁਆਰਾ ਉਚਿਤ ਸਲਾਹ ਅਤੇ ਲੋੜੀਂਦੀ ਸਹਾਇਤਾ ਦਿੱਤੀ ਜਾਵੇਗੀ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਆਈ.ਏ.ਐਸ. ਨੇ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਨਕਿਊਬੇਸ਼ਨ ਸੈਂਟਰਾਂ ਵਿੱਚ ਵੱਖ-ਵੱਖ ਸੈਕਟਰਾਂ ਤਹਿਤ ਉਭਰਦੇ ਉਦਮੀਆਂ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਜਿਸ ਦਾ ਲਾਹਾ ਲੈ ਕੇ ਨਵੇਂ-ਨਵੇਂ ਸਟਾਰਟਅੱਪ ਆਈਡੀਆਜ਼/ਯੋਜਨਾਵਾਂ ਨੂੰ ਕਾਰਜਸ਼ੀਲ ਬਣਾਇਆ ਜਾਂਦਾ ਹੈ। ਇਸ ਚੈਲੇਂਜ ਵਿੱਚ ਹਿੱਸਾ ਲੈਣ ਵਾਲੇ ਅਤੇ ਚੁਣੇ ਜਾਣ ਵਾਲੇ ਪ੍ਰਾਰਥੀਆਂ ਨੂੰ ਆਪਣਾ ਸਟਾਰਟਅੱਪ ਸ਼ੁਰੂ ਕਰਨ ਲਈ ਹਰ ਕਿਸਮ ਦੀ ਸਹਾਇਤਾ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਦੋ ਸ਼੍ਰੇਣੀਆਂ ਜਿਹਨਾਂ ਵਿੱਚ ਵਿਦਿਆਰਥੀਆਂ ਦੀ ਸ਼੍ਰੇਣੀ ਅਤੇ ਓਪਨ ਸ਼੍ਰੇਣੀ ਸ਼ਾਮਿਲ ਹਨ, ਅਧੀਨ 14 ਸੈਕਟਰਾਂ ਵਿੱਚ ਜ਼ਿਲ੍ਹੇ ਦੇ ਪ੍ਰਾਰਥੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਅਪੀਲ ਕੀਤੀ ਕਿ ਚਾਹਵਾਨ ਪ੍ਰਾਰਥੀ ਆਪਣੀ ਅਰਜ਼ੀਆਂ https://bit.ly/WhatAnIdeaMohali ਉਤੇ ਦਾਇਰ ਕਰ ਸਕਦੇ ਹਨ। ਇਸ ਮੰਤਵ ਲਈ QR ਕੋਡ ਵੀ ਵੱਖਰੇ ਤੌਰ ਉਤੇ ਜਾਰੀ ਕੀਤਾ ਗਿਆ ਹੈ। ਇਹ ਪ੍ਰੋਗਰਾਮ "ਇਨੋਵੇਟਿਵ ਮਿਸ਼ਨ" ਪੰਜਾਬ ਅਤੇ ਸਟਾਰਟ ਅੱਪ ਪੰਜਾਬ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ, ਡੀ.ਬੀ.ਈ.ਈ. ਇੰਚਾਰਜ ਮੀਨਾਕਸ਼ੀ ਗੋਇਲ, ਸ੍ਰੀ ਸੋਮਵੀਰ ਆਨੰਦ , ਸੁਪਰੀਆ ਮਲਹੋਤਰਾ (ਆਈ.ਐਮ.ਪੰਜਾਬ), ਸ੍ਰੀ ਅਜੇ ਸ੍ਰੀਵਾਸਤਵਾ (ਐਸ.ਟੀ.ਪੀ.ਆਈ.), ਸ੍ਰੀ ਅਲੋਕ ਗੋਇਲ, ਮਿਸ ਅੰਸ਼ਿਕਾ ਬਾਂਸਲ (ਆਈਸਰ), ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਤੋਂ ਡਾ: ਦੀਪਕ ਕਪੂਰ, ਸੀ.ਜੀ.ਸੀ. ਕਾਲਜ, ਲਾਂਡਰਾਂ ਤੋਂ ਸ੍ਰੀ ਕਰਨਜੀਤ ਚੌਧਰੀ ਤੇ ਉੱਘੇ ਇਨਕਿਊਬੇਸ਼ਨ ਸੈਂਟਰਾਂ ਦੇ ਅਧਿਕਾਰੀਆਂ ਨੇ ਭਾਗ ਲਿਆ।
ਉਕਤ ਪ੍ਰੋਗਰਾਮ ਲਈ ਟਾਇਨੋਰ ਓਰਥੌਟਿਕਸ, ਜਲ ਜੋਆਏ ਇੰਟਰਪ੍ਰਾਈਜਿਜ਼ ਅਤੇ ਚੀਮਾ ਬਾਇਲਰਜ ਵੱਲੋਂ ਵੀ ਪ੍ਰਸ਼ਾਸ਼ਨ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ।