2022-12-02 17:26:53 ( ਖ਼ਬਰ ਵਾਲੇ ਬਿਊਰੋ )
ਲੁਧਿਆਣਾ 02 ਦਸੰਬਰ (ਰਾਜਕੁਮਾਰ)- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ‘ਮੱਝਾਂ ਦੀ ਪ੍ਰਜਣਨ ਸ ਤਵਮਰੱਥਾ ਬਿਹਤਰ ਕਰਨ ਸੰਬੰਧੀ’ ਅੰਤਰ-ਰਾਸ਼ਟਰੀ ਸਿਖਲਾਈ ਕਰਵਾਈ ਜਾ ਰਹੀ ਹੈ ਜਿਸ ਵਿਚ ਨੇਪਾਲ ਦੇ ਵੈਟਨਰੀ ਅਫ਼ਸਰ ਅਤੇ ਵਿਗਿਆਨੀ ਹਿੱਸਾ ਲੈ ਰਹੇ ਹਨ। ਅੰਤਰ-ਰਾਸ਼ਟਰੀ ਪਸ਼ੂਧਨ ਖੋਜ ਸੰਸਥਾ ਵੱਲੋਂ ਪ੍ਰਾਯੋਜਿਤ ਇਸ ਸਿਖਲਾਈ ਵਿਚ ਨੇਪਾਲ ਦੇ ਵੱਖੋ-ਵੱਖ ਅਦਾਰਿਆਂ ਦੇ 9 ਵਿਗਿਆਨੀ ਅਤੇ ਅਧਿਕਾਰੀ ਸ਼ਮੂਲੀਅਤ ਕਰ ਰਹੇ ਹਨ। ਇਸ ਸਿਖਲਾਈ ਦਾ ਮੁੱਖ ਮੰਤਵ ਇਨ੍ਹਾਂ ਪ੍ਰਤੀਭਾਗੀਆਂ ਨੂੰ ਮੱਝਾਂ ਦੀ ਪ੍ਰਜਣਨ ਸਮਰੱਥਾ ਬਿਹਤਰ ਕਰਨ ਅਤੇ ਇਸ ਮਾਮਲੇ ਵਿਚ ਆਉਂਦੀਆਂ ਮੁਸ਼ਕਿਲਾਂ ਅਤੇ ਚੁਣੌਤੀਆਂ ਸੰਬੰਧੀ ਗਿਆਨਵਾਨ ਕਰਨਾ ਹੈ। ਮੱਝਾਂ ਦੀ ਨਸਲ ਸੁਧਾਰ ਸੰਬੰਧੀ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿਚ ਪ੍ਰਤੀਭਾਗੀਆਂ ਨੂੰ ਨਵੀਨਤਮ ਤਕਨੀਕਾਂ ਅਤੇ ਜਣਨ ਆਧਾਰਿਤ ਤਕਨਾਲੋਜੀਆਂ ਦੇ ਰੂ-ਬ-ਰੂ ਕਰਵਾਇਆ ਜਾ ਰਿਹਾ ਹੈ।ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਵੈਟਨਰੀ ਗਾਇਨਾਕੋਲੋਜੀ ਵਿਭਾਗ ਦੇ ਸਹਿਯੋਗ ਨਾਲ ਇਹ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਮੱਝਾਂ ਦੱਖਣੀ-ਪੂਰਬੀ ਮੁਲਕਾਂ ਵਿਚ ਬਹੁਤ ਪ੍ਰਮੁੱਖ ਡੇਅਰੀ ਪਸ਼ੂ ਦੇ ਤੌਰ ’ਤੇ ਪਾਲੀਆਂ ਜਾਂਦੀਆਂ ਹਨ। ਭਾਰਤ ਵਿਚ ਵਿਸ਼ਵ ਵਿਚ ਸਭ ਤੋਂ ਵਧੇਰੇ ਮੱਝਾਂ ਪਾਈਆਂ ਜਾਂਦੀਆਂ ਹਨ। ਭਾਰਤ ਦੇ ਨਾਲ ਲਗਦਾ ਦੇਸ਼ ਨੇਪਾਲ ਵੀ ਲਗਭਗ ਸਾਡੇ ਵਰਗੀਆਂ ਸਮਾਜਿਕ, ਸੱਭਿਆਚਾਰਕ ਸਮਾਨਤਾਵਾਂ ਵਾਲਾ ਮੁਲਕ ਹੈ। ਇਥੇ ਵੀ 52 ਲੱਖ ਤੋਂ ਵਧੇਰੇ ਮੱਝਾਂ ਪਾਲੀਆਂ ਜਾਂਦੀਆਂ ਹਨ ਜੋ ਕਿ ਮੁੱਖ ਤੌਰ ’ਤੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਵੱਲੋਂ ਪਾਲੀਆਂ ਜਾ ਰਹੀਆਂ ਹਨ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਇਸ ਸਿਖਲਾਈ ਨਾਲ ਜਿਥੇ ਨੇਪਾਲ ਦੇ ਵਿਗਿਆਨੀਆਂ ਨੂੰ ਆਪਣਾ ਗਿਆਨ ਅਤੇ ਮੁਹਾਰਤ ਵਧਾਉਣ ਵਿਚ ਫਾਇਦਾ ਮਿਲੇਗਾ ਉਥੇ ਦੋਨਾਂ ਦੇਸ਼ਾਂ ਦੀ ਇਸ ਵਿਸ਼ੇ ’ਤੇ ਦੁਵੱਲੀ ਸਾਂਝ ਵੀ ਮਜਬੂਤ ਹੋਵੇਗੀ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪ੍ਰਤੀਭਾਗੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਇਸ ਸਿਖਲਾਈ ਨਾਲ ਜਿਥੇ ਉਨ੍ਹਾਂ ਨੂੰ ਤਕਨੀਕੀ ਜਾਣਕਾਰੀ ਪ੍ਰਾਪਤ ਹੋਵੇਗੀ ਉਥੇ ਉਨ੍ਹਾਂ ਨੂੰ ਖੇਤਰ ਵਿਚ ਵਿਭਿੰਨ ਤਕਨਾਲੋਜੀਆਂ ਦੀ ਕਾਰਜਸ਼ੀਲਤਾ ਬਾਰੇ ਵੀ ਗਿਆਨ ਮਿਲੇਗਾ।