2022-09-21 19:38:57 ( ਖ਼ਬਰ ਵਾਲੇ ਬਿਊਰੋ )
ਐੱਸ.ਏ.ਐੱਸ. ਨਗਰ 21 ਸਤੰਬਰ- ਮੈਰੀਟੋਰੀਅਸ ਸਕੂਲ ਮੋਹਾਲੀ ਦੀ ਪ੍ਰਿੰਸੀਪਲ ਰਿਤੂ ਸਰਮਾ ਦੇ ਉੱਦਮ ਸਦਕਾ ਸਟੇਟ ਬੈਂਕ ਆਫ਼ ਇੰਡੀਆ ਫੇਜ਼ 7 ਮੋਹਾਲੀ ਵੱਲੋਂ ਮੈਰੀਟੋਰੀਅਸ ਸਕੂਲ ਵਿਖੇ ਵਣ ਮਹਾਉਸਵ ਮਨਾਇਆ ਗਿਆ। ਇਸ ਮੌਕੇ ਬੈਂਕ ਦੇ ਚੀਫ ਮੈਨੇਜਰ ਸੁਰੇਸ਼ ਚੌਧਰੀ ਅਤੇ ਡਿਪਟੀ ਮੈਨੇਜਰ ਨੇਹਾ ਸੂਦ ਵੱਲੋਂ ਉਚੇਚੇ ਤੌਰ ‘ਤੇ ਪਹੁੰਚ ਕੇ ਵੱਖ-ਵੱਖ ਕਿਸਮਾਂ ਦੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ। ਚੀਫ ਮੈਨੇਜਰ ਸੁਰੇਸ਼ ਚੌਧਰੀ ਨੇ ਸਾਦੇ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸ਼ੁੱਧਤਾ ਬਣਾਈ ਰੱਖਣ ਲਈ ਪੌਦਿਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਹਰੇਕ ਵਿਅਕਤੀ ਜੇਕਰ ਆਪਣੇ ਜਨਮ ਦਿਨ ਮੌਕੇ ਇੱਕ ਪੌਦਾ ਲਗਾਉਣ ਦਾ ਸੰਕਲਪ ਕਰਦਾ ਹੈ ਤਾਂ ਭਵਿੱਖ ਵਿੱਚ ਧਰਤੀ ਦੀ ਹਰਿਆਵਲ ਬਰਕਰਾਰ ਰਹੇਗੀ। ਉਹਨਾਂ ਕਿਹਾ ਕਿ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਮੈਰੀਟੋਰੀਅਸ ਸਕੂਲ ਵਿੱਚ ਪੌਦੇ ਲਗਾਉਣ ਦੇ ਇਸ ਉਪਰਾਲੇ ਲਈ ਸਕੂਲ ਪ੍ਰਿੰਸੀਪਲ ਰਿਤੂ ਸ਼ਰਮਾ ਦੇ ਵਧੀਆ ਯਤਨ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਸਮੇਤ ਅਧਿਆਪਕ ਕੁਸਮ ਲਤਾ, ਰਾਜਵੀਰ ਕੌਰ, ਸੁਮਨ ਨੇਗੀ, ਹਰਜਿੰਦਰ ਕੌਰ, ਦਲਜੀਤ ਕੌਰ, ਜਸਪ੍ਰੀਤ ਕੌਰ ਅਤੇ ਵਿਦਿਆਰਥੀ ਸ਼ਾਮਲ ਸਨ। ਵਿਦਿਆਰਥੀਆਂ ਵਿੱਚ ਭਾਵਨਾ ਸ਼ਰਮਾ, ਅਕਾਸ਼ਦੀਪ ਸਿੰਘ, ਮਨਜੀਤ ਕੌਰ ਅਤੇ ਗੁਰਪ੍ਰੀਤ ਕੌਰ ਨੇ ਆਪਣੀਆਂ ਰਚਨਾਵਾਂ ਰਾਹੀਂ ਸਟੇਟ ਬੈਂਕ ਆਫ਼ ਇੰਡੀਆ ਫੇਜ਼ 7 ਮੋਹਾਲੀ ਦੇ ਵੱਲੋਂ ਮੈਰੀਟੋਰੀਅਸ ਸਕੂਲ ਮੋਹਾਲੀ ਵਿੱਚ ਲਗਾਏ ਗਏ ਪੌਦਿਆਂ ਲਈ ਧੰਨਵਾਦ ਕੀਤਾ ਗਿਆ।