2022-08-06 14:22:55 ( ਖ਼ਬਰ ਵਾਲੇ ਬਿਊਰੋ )
ਰਾਜਪੁਰਾ 6 ਅਗਸਤ - ਰਾਮਗੜ੍ਹੀਆ ਸਭਾ ਰਾਜਪੁਰਾ ਵੱਲੋਂ ਸਭਾ ਦੇ ਪ੍ਰਧਾਨ ਬਲਬੀਰ ਸਿੰਘ ਖਾਲਸਾ ਦੀ ਅਗਵਾਈ ਵਿੱਚ ਪੰਜਾਬ ਤੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੇ ਨਾਮ ਇੱਕ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਮਹਾਰਾਜਾ ਜੱਸਾ ਸਿੰਘ ਦੀ ਹਵੇਲੀ ਦੀ ਸਾਂਭ ਸੰਭਾਲ ਵੱਲ ਧਿਆਨ ਦੇਣ ਲਈ ਬੇਨਤੀ ਕੀਤੀ ਗਈ ਹੈ। ਇਸ ਸੰਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੰਘ ਖਾਲਸਾ ਪ੍ਰਧਾਨ ਰਾਮਗੜ੍ਹੀਆ ਸਭਾ ਰਾਜਪੁਰਾ ਨੇ ਕਿਹਾ ਕਿ ਪੰਜਾਬ ਅਤੇ ਰਾਮਗੜ੍ਹੀਆ ਪਰਿਵਾਰਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅਤੇ ਦੇਸ਼ ਦੇ ਉੱਘੇ ਕ੍ਰਿਕੇਟ ਖਿਡਾਰੀ ਹਰਭਜਨ ਸਿੰਘ ਨੂੰ ਰਾਜ ਸਭਾ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਹੈ। ਪਿਛਲੇ ਦਿਨੀਂ ਉਹਨਾਂ ਸਿੱਖਾਂ ਦੇ ਹੱਕਾਂ ਲਈ ਅਵਾਜ਼ ਉਠਾਈ ਹੈ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਰਾਮਗੜ੍ਹੀਆ ਸਭਾ ਵੱਲੋਂ ਸਰਵਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਸੀ ਕਿ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੂੰ ਇੱਕ ਪੱਤਰ ਲਿਖਿਆ ਜਾਵੇ ਜਿਸ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਲੰਮੇ ਸਮੇਂ ਤੋਂ ਅਣਗੌਲੀ ਜਾ ਰਹੀ ਹਵੇਲੀ ਵੱਲ ਵੀ ਸਾਂਭ-ਸੰਭਾਲ ਦਾ ਧਿਆਨ ਦਿੱਤਾ ਜਾਵੇ।
ਬਲਬੀਰ ਸਿੰਘ ਖਾਲਸਾ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਉਸ ਸਮੇਂ ਦੇ ਦੁਸਟ ਹਾਕਮਾਂ ਵਿਰੁੱਧ ਜੰਗਾਂ ਲੜੀਆਂ ਅਤੇ ਦਿੱਲੀ ਫਤਿਹ ਕੀਤੀ ਸੀ। ਜੇਕਰ ਸਾਡੇ ਮਹਾਨ ਯੋਧਿਆਂ ਅਤੇ ਜਰਨੈਲਾਂ ਦੀਆਂ ਨਿਸ਼ਾਨੀਆਂ ਖੰਡਰ ਬਣ ਜਾਣਗੀਆਂ ਤਾਂ ਭਵਿੱਖ ਵਿੱਚ ਵਾਰਸਾਂ ਨੂੰ ਆਪਣੇ ਇਤਿਹਾਸ ਦੀ ਝਲਕ ਨਹੀਂ ਦਿਖਾ ਸਕਾਂਗੇ। ਇਸ ਲਈ ਰਾਮਗੜ੍ਹੀਆ ਸਭਾ ਰਾਜਪੁਰਾ ਅਤੇ ਵਿਸ਼ਵਕਰਮਾ ਮੰਦਰ ਦੇ ਮੈਂਬਰਾਂ ਨੇ ਮਿਲ ਕੇ ਇਹ ਫ਼ੈਸਲਾ ਲਿਆ ਹੈ ਕਿ ਰਾਮਗੜ੍ਹੀਆ ਸਭਾ ਦਾ ਇੱਕ ਪੰਜ ਮੈਂਬਰੀ ਵਫ਼ਦ ਸਾਹਿਬਜੀਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਤੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੂੰ ਇਹ ਪੱਤਰ ਨਿਜੀ ਰੂਪ ਵਿੱਚ ਸੌਂਪ ਕੇ ਆਉਣਗੇ ਅਤੇ ਇਸ ਵਧੀਆ ਅਤੇ ਨੇਕ ਕਾਰਜ ਲਈ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੂੰ ਮਹਾਨ ਵਿਰਾਸਤ ਨੂੰ ਸੰਭਾਲਣ ਲਈ ਪੂਰੀ ਸਮਰੱਥਾ ਅਤੇ ਇੱਛਾ ਸ਼ਕਤੀ ਨਾਲ ਕਾਰਜ ਕਰਨ ਦੀ ਬੇਨਤੀ ਕਰਨਗੇ।
ਇਸ ਮੌਕੇ ਬਲਬੀਰ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜੀਵਨ ਸਦਾ ਪੰਜਾਬ ਅਤੇ ਪੰਜਾਬੀਅਤ ਦੇ ਲੇਖੇ ਰਿਹਾ। ਉਹਨਾਂ ਨੇ ਕਿਹਾ ਕਿ ਮਾਹਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 300ਵਾਂ ਜਨਮ ਦਿਹਾੜਾ ਅਗਲੇ ਸਾਲ ਹੈ ਅਤੇ ਇਸੇ ਸੰਬੰਧ ਵਿੱਚ ਉਹ ਵਿਸ਼ੇਸ਼ ਉਪਰਾਲੇ ਕਰਨ ਲਈ ਰਾਮਗੜ੍ਹੀਆ ਪਰਿਵਾਰਾਂ ਨੂੰ ਵੀ ਪ੍ਰੇਰਿਤ ਕਰ ਰਹੇ ਹਨ।
ਇਸ ਮੌਕੇ ਪਰਮਜੀਤ ਸਿੰਘ ਸੈਦਖੇੜੀ, ਜਥੇਦਾਰ ਧਿਆਨ ਸਿੰਘ ਸੈਦਖੇੜੀ, ਜਥੇਦਾਰ ਹਰਭਜਨ ਸਿੰਘ, ਬਲਬੀਰ ਸਿੰਘ ਸੱਗੂ, ਬਲਵਿੰਦਰ ਸਿੰਘ ਨਾਗੀ, ਦਲਬੀਰ ਸਿੰਘ ਸੱਗੂ, ਅਮਨਦੀਪ ਸਿੰਘ ਨਾਗੀ, ਅਮਰਜੀਤ ਸਿੰਘ ਲਿੰਕਨ, ਹਰਬੰਸ ਸਿੰਘ ਸ਼ਿੰਗਾਰੀ, ਵਰਿੰਦਰ ਸਹਾਰਨ ਵਿਸ਼ਵਕਰਮਾ ਮੰਦਿਰ ਕਮੇਟੀ, ਅਮਰਜੀਤ ਸਿੰਘ ਸ਼ਿੰਗਾਰੀ,ਰਣਜੀਤ ਸਿੰਘ ਜਗਦੇਵ, ਪ੍ਰੀਤਮ ਸਿੰਘ ਬਿੱਟਾ, ਦਿਲਬਾਗ ਸਿੰਘ ਕੂਲਕਿੰਗ ਵਾਲੇ, ਅਵਤਾਰ ਸਿੰਘ, ਹਰਭਜਨ ਸਿੰਘ ਪੰਨੂੰ, ਸੁਖਵਿੰਦਰ ਸਿੰਘ ਕਲੇਰ, ਬੂਟਾ ਸਿੰਘ ਮਠਾੜੂ, ਰਾਜਿੰਦਰ ਸਿੰਘ ਚਾਨੀ, ਨਵਦੀਪ ਸਿੰਘ ਚਾਨੀ, ਪਰਗਟ ਸਿੰਘ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।