2022-12-24 14:52:49 ( ਖ਼ਬਰ ਵਾਲੇ ਬਿਊਰੋ )
ਗੁਰਭਜਨ ਗਿੱਲ ਪੰਜਾਬੀ ਦੇ ਉਹ ਸਥਾਪਿਤ ਸ਼ਾਇਰ ਹਨ ਜਿੰਨ੍ਹਾਂ ਦੇ ਰਚਨਾਤਮਿਕ ਕਾਰਜ ਅਤੇ ਵਿਚਾਰਧਾਰਕ ਦ੍ਰਿਸ਼ਟੀ ਨੇ ਪੰਜਾਬੀ ਕਵਿਤਾ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕੀਤੀਆਂ ਹਨ। ‘ਜਲਕਣ’ ਉਨ੍ਹਾਂ ਦਾ ਰੁਬਾਈਆਂ ਦਾ ਨਵਾਂ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਦੀ ਕਵਿਤਾ ਉਹਨਾਂ ਦੀ ਪਹਿਲਾਂ ਦੀ ਕਵਿਤਾ ਤੋਂ ਵੱਖਰੇ ਸੁਰਾਂ ਅਤੇ ਮੁਹਾਂਦਰੇ ਦੀ ਕਵਿਤਾ ਹੈ। ਰੁਬਾਈ ਫਾਰਸੀ ਦਾ ਸ਼ਬਦ ਹੈ। ਰੁਬਾ ਦੇ ਫਾਰਸੀ ਵਿੱਚ ਪ੍ਰਚਲਤ ਅਰਥ ਹਨ : ਉਹ ਵਾਕ ਜਿਸਦੇ ਅਸਲੀ ਹਰਫ਼ ਚਾਰ ਹੋਣ ਚਾਰ ਤੁਕਾਂ ਦੇ ਦੋ ਸ਼ੇਅਰ ਜਿੰਨ੍ਹਾਂ ਦੀ ਪਹਿਲੀ ਦੂਜੀ ਅਤੇ ਚੌਥੀ ਤੁਕ ਦਾ ਇੱਕ ਬਰਾਬਰ ਕਾਫੀਆਂ ਤੇ ਤੁਕਾਂਤ ਮਿਲਦਾ ਹੈ। ਜੇਕਰ ਤੀਸਰੀ ਸਤਰ ਦਾ ਵੀ ਕਾਫੀਆ ਮਿਲਦਾ ਹੋਵੇ ਤਾਂ ਉਨ੍ਹਾਂ ਨੂੰ ਦੋ ਬੈਂਤੀ ਜਾਂ ਤਰਾਨਾ ਕਹਿੰਦੇ ਹਨ।
ਫਾਰਸੀ ਵਿੱਚ ਰੁਬਾਈ ਕੇਵਲ ਬਹਿਰ ਹਜ਼ਜ ਵਿੱਚ ਹੀ ਲਿਖੀ ਜਾਂਦੀ ਹੈ। ਇਹ ਵੱਖਰੀ ਗੱਲ ਹੈ ਕਿ ਹਜ਼ਜ ਬਹਿਰ ਦੇ ਸੈਂਕੜੇ ਰੂਪ ਬਣਾਏ ਗਏ ਹਨ।’’
ਗੁਰਭਜਨ ਗਿੱਲ ਦੀ ਕਵਿਤਾ/ਰੁਬਾਈਆਂ ਮਨੁੱਖ ਦੀਆਂ ਦਮਿਤ ਸੰਵੇਦਨਾਵਾਂ ਨੂੰ ਮੁੜ ਤੋਂ ਪ੍ਰਜਵਲਿਤ ਕਰਕੇ ਮਨੁੱਖ ਨੂੰ ਮਾਨਵੀਂ ਜੀਵਨ ਦੇ ਉੱਚੇ ਆਦਰਸ਼ਾਂ ਨਾਲ ਜੋੜਦੀ ਹੈ। ਇਹ ਕਵਿਤਾ ਦੀ ਪਿੱਠ ਭੂਮੀ ਵਿੱਚ ਲਿਖੇ ਗੁਰਭਜਨ ਗਿੱਲ ਦੀ ਪ੍ਰਗਤੀਵਾਦੀ ਦ੍ਰਿਸ਼ਟੀ ਗਤੀਸ਼ੀਲ ਹੈ ਉੱਥੇ ਗੁਰਬਾਣੀ ਅਤੇ ਪ੍ਰਾਕ੍ਰਿਤੀ ਦੇ ਦੈਵੀ/ਸਰਬਕਾਲੀ ਸਿਧਾਤਾਂ ਦੀ ਪ੍ਰੇਰਨਾ ਅਤੇ ਗਤੀਸ਼ੀਲਤਾ ਦੀ ਕਾਰਜਸ਼ੀਲਤਾ ਲਗਾਤਾਰ ਬਣੀ ਰਹਿੰਦੀ ਹੈ। ਪ੍ਰਾਕ੍ਰਿਤੀ, ਮੁਹੱਬਤ, ਸਮਾਜਿਕ ਰਿਸ਼ਤਿਆਂ ਦਾ ਵਿਘਟਨ, ਕਿਸਾਨੀ ਮਸਲੇ, ਮੰਡੀ ਸੱਭਿਆਚਾਰ ਦੀ ਵਿਕਰਾਲਤਾ ਅਤੇ ਗਰੀਬੀ ਆਦਿ ਅਜਿਹੇ ਵਿਸ਼ੇ ਹਨ, ਜੋ ਇਸ ਕਾਵਿ ਦੇ ਪੈਰਾਡਾਈਮ ਦੀਆਂ ਮੂਲ ਇਕਾਈਆਂ ਵਜੋਂ ਉਭਰਦੇ ਹਨ। ਪ੍ਰਾਕ੍ਰਿਤੀ ਇਸ ਕਾਵਿ ਵਿੱਚ ਗਤੀਸ਼ੀਲ ਰੂਪ ਵਿੱਚ ਉਭਰਦੀ ਹੈ। ਪ੍ਰਕਿਰਤੀ ਦੇ ਰੰਗਾਂ, ਰਸਾਂ ਅਤੇ ਗਤੀਸ਼ੀਲਤਾ ਨੂੰ ਗੁਰਭਜਨ ਗਿੱਲ ਮਾਨਵੀਂ ਜੀਵਨ ਦੇ ਡੂੰਘੇ ਰਹੱਸਾਂ ਨਾਲ ਜੋੜ ਇਨ੍ਹਾਂ ਨੂੰ ਮੁੜ ਪਰਿਭਾਸ਼ਤ/ਪੁਨਰ ਪਰਿਭਾਸ਼ਤ ਕਰਕੇ ਮਨੁੱਖ ਨੂੰ ਫਿਰ ਤੋਂ ਪ੍ਰਕਿਰਤੀ ਵੱਲੋਂ ਮੁੜਨ ਦੀ ਪ੍ਰੇਰਨਾ ਦਿੰਦਾ ਹੈ।
ਪ੍ਰਕਿਰਤੀ ਮਨੁੱਖ ਨੂੰ ਲਗਾਤਾਰ ਗਤੀਸ਼ੀਲ ਰਹਿਣ ਦਾ ਸੰਦੇਸ਼ ਦਿੰਦੀ ਹੈ। ਸੂਰਜ ਦਾ ਚੜਨਾ, ਡੁੱਬਣਾ, ਰੁੱਤਾਂ ਬਦਲਵਾ ਅਤੇ ਪ੍ਰਕਿਰਤੀ ਦੇ ਵਿਵਿਧ ਜੁਜਾਂ ਵਿੱਚ ਵਾਪਰਦੀ ਕਿਰਿਆ ਅੰਦਰ ਹੀ ਮਨੁੱਖੀ ਜੀਵਨ ਦੇ ਨਵੇਂ ਰਹੱਸ ਪਏ ਹਨ। ਸਮਕਾਲੀ ਸਮੇਂ ਵਿੱਚ ਮਨੁੱਖ ਦੀ ਪਦਾਰਥਵਾਦੀ ਸੋਚ ਅਤੇ ਬਜ਼ਾਰ ਦੀ ਸੰਸਕ੍ਰਿਤੀ ਨੇ ਉਸ ਤੋਂ ਮਾਨਵੀਂ ਸੁਹਜ ਖੋਹ ਲਿਆ ਹੈ। ਅੱਜ ਮਨੁੱਖ ਆਪਣੀਆਂ ਮਾਨਸਿਕ ਖੁਸ਼ੀਆਂ ਦੀ ਤਲਾਸ਼ ਬਾਹਰੀ ਪੱਧਰ ਤੇ ਕਰ ਰਿਹਾ ਹੈ। ਗੁਰਭਜਨ ਗਿੱਲ ਦੀਆਂ ਇਹ ਰੁਬਾਈਆਂ ਮਨੁੱਖ ਨੂੰ ਆਪਣੀ ਖੁਸ਼ੀ ਆਪਣੀ ਅੰਦਰਲੀ ਇਕਸੁਰਤਾ ਅਤੇ ਇਕਸਾਰਤਾ ਤੋਂ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਪ੍ਰਕਿਰਤੀ ਮਨੁੱਖ ਦੀਆਂ ਅੰਦਰਲੀਆਂ ਸੰਵੇਦਨਾਵਾਂ ਨੂੰ ਨਵਿਆਉਣ ਲਈ ਕੁਦਰਤੀ ਸਾਧਨ ਹੈ,ਪ੍ਰੰਤੂ ਮਨੁੱਖ ਦੀ ਪ੍ਰਕਿਰਤੀ ਨਾਲ ਕੀਤੀ ਛੇੜ ਛਾੜ ਨੇ ਉਸਦੇ ਅੰਦਰ ਅਤੇ ਬਾਹਰ ਖੰਡਰ ਹੀ ਖੰਡਰ ਪੈਦਾ ਕਰ ਦਿੱਤੇ ਹਨ। ‘‘ਗੁਰਭਜਨ ਗਿੱਲ ਦੀ ਕਵਿਤਾ ਦਾ ਸਭ ਤੋਂ ਸ਼ਕਤੀਸ਼ਾਲੀ ਪੱਖ ਇਹ ਹੈ ਕਿ ਉਸਦੀ ਕਾਵਿ^ਪ੍ਰੇਰਣਾ ਦੇ ਪਿੱਛੇ ਪ੍ਰਕਿਰਤੀ ਦੀਆਂ ਮੂਲ ਗਤੀਆਂ ਦਾ ਸਹਿਜਬੋਧ ਮੌਜੂਦ ਹੈ। ਜਦੋਂ ਉਹ ਪ੍ਰਕਿਰਤੀ ਤੇ ਵਿਸ਼ੇਸ਼ ਕਰ ਪੇਂਡੂ ਭੂ^ਦ੍ਰਿਸ਼ ਵਿੱਚੋਂ ਬਿੰਬਾਂ, ਪ੍ਰਤੀਕਾਂ ਅਤੇ ਦ੍ਰਿਸ਼ਟਾਂਤਾਂ ਦੀ ਚੋਣ ਕਰਦਾ ਹੈ ਤਾਂ ਆਪਣੀ ਕਾਵਿ-ਸਮੱਰਥਾ ਦਾ ਪ੍ਰਮਾਣ ਦਿੰਦਾ ਹੈ। ਉਸਦੀ ਕਵਿਤਾ ਵਿੱਚ ਪ੍ਰਕਿਰਤੀ ਜੀਵੰਤ ਅਤੇ ਗਤੀਸ਼ੀਲ ਰਹਿਣ ਦੀ ਪ੍ਰੇਰਣਾ ਤਾਂ ਬਣਦੀ ਹੈ, ਨਾਲ ਨਾਕਾਰਤਮਕ ਸ਼ਕਤੀਆਂ ਦੇ ਖਿਲਾਫ਼ ਸਕਾਰਤਮਕ ਸਰਗਰਮੀ ਦੀ ਅਟੱਲਤਾ ਦਾ ਅਰਥ ਵੀ ਦਿੰਦੀ ਹੈ। ਮਸ਼ੀਨੀ ਜੀਵਨ ਵਿੱਚ ਨਿਰਾਸਤਾ ਅਤੇ ਪੂੰਜੀ ਦੇ ਤਰਕ ਦੀ ਵਿਆਪਕਤਾ ਦੇ ਉਲਟ ਉਸਦੀ ਕਵਿਤਾ ਵਿੱਚ ਪ੍ਰਕਿਰਤੀ ਅਜਿਹੀ ਜੀਵਨ ਸ਼ਕਤੀ ਦੇ ਰੂਪ ਵਿੱਚ ਮੌਜੂਦ ਹੈ ਜੋ ਉਮੀਦ ਜਗਾਉਂਦੀ ਹੈ ਸੁਪਨੇ ਸਿਰਜਦੀ ਹੈ ਅਤੇ ਸਥਾਪਤੀ ਦੇ ਉਲਟ ਸੰਘਰਸ਼ ਦੀ ਪ੍ਰੇਰਣਾ ਬਣਦੀ ਹੈ।’’ ਕਵੀ ਇਨ੍ਹਾਂ ਰੁਬਾਈਆਂ ਦੀ ਸੁਹਜਮਈ ਭਾਸ਼ਾ ਮਾਨਵੀ ਚੇਤਨਾ ਅੰਦਰ ਨਵੇਂ ਭਾਵਾਂ/ਸੰਵੇਦਨਾਵਾਂ ਦਾ ਪ੍ਰਵਾਹ ਕਰ ਦਿੰਦੀ ਹੈ।
ਇੱਕੋ ਧਰਤੀ, ਮਹਿਕ ਉਗਾਵੇ, ਮਿੱਠੇ ਫਲ, ਹਰਿਆਲੀ।
ਕੌੜੇ ਤੁੰਮੇ, ਮਿਰਚ ਮਸਾਲੇ, ਕਿੰਨੀ ਜ਼ਹਿਰ ਸੰਭਾਲੀ।
ਟਾਹਣੀ ਦੀ ਹਰਿਆਲੀ ਅੰਦਰ ਸੂਹੇ ਖਾਬ ਪਰੁੱਚੇ,
ਪਰ ਕਿਉਂ ਛਾਂਗੇ ਵੰਨ ਸੁਵੰਨਤਾ, ਅਜਬ ਬਾਗ ਦਾ ਮਾਲੀ।
ਗੁਰਭਜਨ ਗਿੱਲ ਜਦੋਂ ਪ੍ਰਕਿਰਤੀ ਦੇ ਦੈਵੀ ਰਹੱਸਾਂ/ਰੰਗਾਂ ਦੀ ਗਤੀਸ਼ੀਲਤਾ ਦੀ ਗੱਲ ਕਰਦਾ ਹੈ ਤਾਂ ਉਹ ਇਨ੍ਹਾਂ ਰਹੱਸਾਂ ਵਿੱਚ ਹੀ ਮਾਨਵ ਜੀਵਨ ਨਾਲ ਜੁੜੇ ਉੱਚ ਨੈਤਿਕ ਆਦਰਸ਼ਾਂ ਦੀ ਤਲਾਸ਼ ਵੀ ਕਰਦਾ ਹੋਇਆ ਆਧੁਨਿਕ/ਵਿਸ਼ਵੀਕਰਨ, ਬਜ਼ਾਰੀਕਰਨ ਦੇ ਦੌਰ ਵਿੱਚ ਵਿਚਰਦੇ ਮਾਨਵ ਨੂੰ ਆਪਣੇ ਜੀਵਨ ਆਦਰਸ਼ਾਂ/ਪ੍ਰਤਿਮਾਨਾਂ ਨੂੰ ਪ੍ਰਕਿਰਤੀ ਦੇ ਸਮਵਿਖ ਰੱਖ ਕੇ ਫਿਰ ਤੋਂ ਚਿੰਤਨ ਕਰਨ ਲਈ ਵੀ ਪ੍ਰੇਰਤ ਕਰਦਾ ਹੈ। ਮਾਨਵੀ ਜੀਵਲ ਅੰਦਰਲੀ ਨਿਰਾਸ਼ਾ ਅਲਗਾਵ ਮਨੁੱਖ ਨੂੰ ਡੂੰਘੀਆਂ ਤਰਾਸਦਿਕ ਸਥਿਤੀ ਵੱਲ ਧੱਕਦਾ ਹੈ। ਪ੍ਰੰਤੂ ਪ੍ਰਕਿਰਤੀ ਦੇ ਦੈਵੀ ਰਹੱਸ ਮਨੁੱਖ ਨੂੰ ਮਾਨਵੀ ਜੀਵਨ ਦੇ ਉੱਚ ਆਦਰਸ਼ਾਂ ਨਾਲ ਜੋੜ ਕੇ ਲਗਾਤਾਰ ਗਤੀਸ਼ੀਲ ਰਹਿਣ ਦੀ ਪ੍ਰੇਰਨਾ ਦਿੰਦੀ ਹੈ।
ਰਾਤ ਦਿਵਸ ਦੇ ਆਲੇ ਦੁਆਲੇ, ਚਰਖ਼ ਸਮੇਂ ਦਾ ਗਿੜਦਾ।
ਚਾਰ ਦਿਸ਼ਾਵਾਂ ਦੇ ਵਿੱਚ ਸੂਰਜ ਨਾਲ ਹਨ੍ਹੇਰੇ ਸੂਰਜ ਭਿੜਦਾ।
ਮਹਿਕਣ ਫੁੱਲ, ਫ਼ਲ ਰਸਦੇ ਕਿਧਰੇ, ਦਾਣੇ ਫ਼ਸਲੀ ਭਰਦੇ,
ਆਸ ਉਮੀਦਾਂ ਸਦਕੇ ਸਾਡੀ ਰੂਪ ਦਾ ਚੰਬਾ ਖਿੜਦਾ।
ਗੁਰਬਾਣੀ ਦੇ ਸਰਬਕਾਲੀ ਸਿਧਾਂਤ ਅਤੇ ਸੰਦੇਸ਼ ਵੀ ਮਨੁੱਖ ਨੂੰ ਪ੍ਰਕਿਰਤਿਕ ਵਰਤਾਰਿਆਂ ਨੂੰ ਸਮਝਣ ਦੀ ਗੱਲ ਕਰਦੇ ਹਨ। ਇਹ ਸਿਧਾਂਤ ਮਨੁੱਖ ਤੋਂ ਉੱਚ ਨੈਤਿਕਤਾ ਦੀ ਮੰਗ ਕਰਦਾ ਹੈ। ਗੁਰੂ ਸਾਹਿਬਾਨਾਂ ਦੀ ਦੀਰਘ ਦ੍ਰਿਸ਼ਟੀ ਮਨੁੱਖ ਨੂੰ ਮੈਲੀ ਸੋਚ ਹਉਮੈ, ਨਫ਼ਰਤ ਤਿਆਗ ਕੇ ਸਰਬਤ ਦੇ ਭਲੇ ਲਈ ਲਗਾਤਾਰ ਤਤਪਰ ਰਹਿਣ ਲਈ ਪ੍ਰੇਰਤ ਕਰਦੀ ਹੈ। ਗੁਰਭਜਨ ਗਿੱਲ ਇਨ੍ਹਾਂ ਰੁਬਾਈਆਂ ਵੀ ਮਨੁੱਖ ਅੱਗੇ ਅਨੇਕਾਂ ਪ੍ਰਸ਼ਨ ਰੱਖਦੀਆਂ ਹਨ।
ਗੁਰੂਆਂ ਪੀਰਾਂ ਇਹ ਸਮਝਾਇਆ, ਜ਼ਿੰਦਗੀ ਹੈ ਰੰਗਾਂ ਦਾ ਮੇਲਾ।
ਇੱਕ ਦੂਜੇ ਦੀ ਪੀੜ ਪਛਾਣੋ, ਬੋਲੋ ਜਦ ਬੋਲਣ ਦਾ ਵੇਲਾ।
ਸਦਾ ਭਲਾ ਸਰਬਤ ਦਾ ਮੰਗੋ, ਦੀਨ ਦੁਖੀ ਦਾ ਦਰਦ ਨਿਵਾਰੋ,
ਮੈਂ ਮੇਰੀ ਨੂੰ ਮਾਰ ਮੁਕਾਉ, ਜੇ ਚਾਹੁੰਦੇ ਹੋ ਜਨਮ ਸੁਹੇਲਾ।
ਗੁਰਭਜਨ ਗਿੱਲ ਸਾਡੇ ਸਮਾਜਿਕ ਰਿਸ਼ਤਿਆਂ ਅੰਦਰ ਆ ਰਹੇ ਨਿਘਾਰ ਨੂੰ ਵੀ ਮਨੁੱਖ ਦੇ ਆਪਣੇ ਆਦਰਸ਼ਾਂ ਤੋਂ ਟੁੱਟੇ ਹੋਣ ਨਾਲ ਅਤੇ ਸਮਕਾਲੀ ਸਥਿਤੀਆਂ ਵਿੱਚ ਮਨੁੱਖ ਅੰਦਰ ਪਸਰ ਰਹੇ ਵਿਅਕਤੀਵਾਦ ਅਤੇ ਬਜ਼ਾਰੀਕਰਨ ਨਾਲ ਜੋੜ ਕੇ ਵੇਖਦਾ ਹੈ।
2.
ਮਨੁੱਖ ਦਾ ਵਿਅਕਤੀਵਾਦ ਜਿੱਥੇ ਉਸ ਤੋਂ ਆਪਣੀ ਸੰਵੇਦਨੀ ਰਿਸ਼ਤਿਆਂ ਦੀ ਅਪਣਤ ਖੋਹ ਰਿਹਾ ਹੈ ਉਥੇ ਉਸਨੂੰ ਇਕੱਲਾ ਵੀ ਕਰ ਰਿਹਾ ਹੈ। ਗੁਰਭਜਨ ਗਿੱਲ ਦੀ ਕਵਿਤਾ ਵਿੱਚ ਰਿਮਾਂ ਭਾਵਾਂ ਦੀਆਂ ਅਭਿਵਿਅਕਤੀ ਪਹਿਲਾ ਹੀ ਹੋਈ ਹੋਣੀ ਹੈ। ਉਸਨੂੰ ਪਤਾ ਹੈ ਕਿ ਜੇਕਰ ਮਨੁੱਖ ਆਪਣੇ ਸਮਾਜਿਕ ਰਿਸ਼ਤਿਆਂ ਤੋਂ ਹੋਇਆ ਤਾਂ ਉਸ ਦਾ ਸੰਵੇਦਨੀ ਆਪਣੇ ਵਸਤ ਵਿੱਚ ਤਬਦੀਲ ਹੋ ਜਾਵੇਗਾ। ਇਸ ਕਰਕੇ ਹੀ ਉਹ ਆਪਣੀਆਂ ਰੁਬਾਈਆਂ ਵਿੱਚ ਇੰਨ੍ਹਾਂ ਰਿਸ਼ਤਿਆਂ ਨੂੰ ਬਚਾਉਣ ਲਈ ਇੰਨ੍ਹਾਂ ਨਾਲ ਜੁੜੇ ਵਰਤਮਾਨ ਦੁਖਾਂਤ ਦਾ ਬਿਰਤਾਂਤ ਸਿਰਜਦਾ ਹੈ। ਮਨੁੱਖ ਦੀ ਪਦਾਰਥਵਾਦੀ ਪਹੁੰਚ ਕਾਰਨ ਅੱਜ ਅਸੀਂ ਤਾਂ ਇਸ ਦੀ ਸਮਾਜਿਕ ਭੂਮਿਕਾ ਤੋਂ ਵੀ ਪਿੱਠ ਕਰ ਲਈ ਹੈ। ਧੀਆ ਦੀ ਸਮਾਜਿਕ ਹੋਂਦ ਅੱਜ ਬਹੁਤ ਹੀ ਖ਼ਤਰਨਾਕ ਸਥਿਤੀ ਵਿੱਚ ਪਹੁੰਚ ਗਈ ਹੈ। ਗੁਰਭਜਨ ਗਿੱਲ ਧੀਆਂ ਦੀ ਹੋਂਦ ਨੂੰ ਅਮਨੁੱਖੀ ਰਿਸ਼ਤਿਆਂ ਦੀ ਅਪਣੱਤ ਵਜੋਂ ਪੇਸ਼ ਕਰਦਾ ਹੈ।ਗੁਰਭਜਨ ਗਿੱਲ ਦੀਆਂ ਇੰਨ੍ਹਾਂ ਰੁਬਾਈਆਂ ਵਿੱਚ ਮੁਹੱਬਤੀ ਪਿਆਰ ਅਨੇਕਾਂ ਰੰਗਾਂ ਅਤੇ ਪਸਾਰਾਂ ਵਿੱਚ ਪ੍ਰਸਤੁ਼ਤ ਹੋ ਰਿਹਾ ਹੈ। ਇੱਥੇ ਇਹ ਮਹੁੱਬਤ ਸੰਬੋਧਕੀ ਅਤੇ ਸਵੈ-ਸੰਵਾਦ ਰਾਹੀਂ ਤਕਰਾਰ ਦੇ ਇਕਰਾਰ ਦੇ ਭਾਵ ਵੀ ਸਿਰਜਦੀ ਹੈ ਅਤੇ ਮੁਹੱਬਤ ਨੂੰ ਮਾਨਵੀ ਜੀਵਨ ਦੇ ਉੱਚੇ ਆਦਰਸ਼ਾਂ ਨਾਲ ਵੀ ਜੋੜ ਦਿੰਦੀ ਹੈ ਜਿਵੇਂ:-
ਰੂਹ ਅੰਦਰ ਵਿਸਮਾਦ ਭਰ ਗਿਆ, ਤੇਰੇ ਨਾਲ ਗੁਫਤਗੂ ਕਰਕੇ।
ਕਰਾਮਾਤ ਨਹੀਂ ਦੱਸਣੀ ਤੈਨੂੰ, ਕਿੰਜ ਮੁੜਿਆ ਇੱਕ ਵਾਰੀ ਮਰਕੇ।
ਜ਼ਿੰਦਗੀ ਹੈ ਰੰਗਾਂ ਦਾ ਮੇਲਾ, ਪਰ ਇਹ ਮਾਨਵ ਵਾਲੇ ਵਿਰਲੇ,
ਇੱਕ ਫਿਰ ਭਰੀ ਹੁੰਗਾਰਾ, ਆਵਾਂ ਦਿਲ ਦਰਿਆ ਨੂੰ ਤਰ ਕੇ
ਧੀਆਂ ਸੁਹਜ ਸਮਰਪਣ ਘਰ ਦਾ, ਸਹਿਜ ਸਬਰ ਸੰਤੋਖ ਸਲੀਕਾ।
ਧਰਤੀ ਜਿੱਡਾ ਜਿਗਰਾ ਰੱਖਣਾ, ਦੱਸਦੀ ਹੈ ਅਜੀਬ ਤਰੀਕਾ।
ਇੱਲ੍ਹਾਂ ਤੇ ਬਘਿਆੜਾਂ ਕੋਲੋਂ, ਸਾਬਤ ਕਦਮ ਬਚਾ ਸਕਦੇ ਨੇ।
ਮੁਲਕਾਂ ਨਾਲ ਫਰਕ ਨਾ ਪੈਂਦਾ, ਭਾਰਤ ਹੋਵੇ ਜਾਂ ਅਮਰੀਕਾ।
ਗੁਰਭਜਨ ਗਿੱਲ ਦੀਆਂ ਇੰਨ੍ਹਾਂ ਰੁਬਾਈਆਂ ਵਿੱਚ ਕਿਸਾਨੀ ਮਸਲਿਆਂ ਦੀ ਵੀ ਪ੍ਰਸਤੁਤੀ ਹੋਈ ਹੈ। ਕਿਸਾਨੀ ਸੰਘਰਸ਼ ਦੀ ਜਿੱਤ ਨੇ ਮਾਨਵੀ ਸੰਘਰਸ਼ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਗੁਰਭਜਨ ਗਿੱਲ ਇੰਨ੍ਹਾਂ ਰੁਬਾਈਆਂ ਵਿੱਚ ਕਿਸਾਨ/ਮਜ਼ਦੂਰ ਦੀ ਲੁੱਟ ਦੀ ਇਤਿਹਾਸਕਤਾ ਦਾ ਵਿਸ਼ਲੇਸ਼ਣ ਕਰਦਾ ਹੋਇਆ ਜਿੱਥੇ ਕਿਸਾਨੀ ਸੰਘਰਸ਼ ਦੀ ਜਿੱਤ ਨੂੰ ਸਕਾਰਤਮਿਕ ਰੂਪ ਵਿੱਚ ਪੇਸ਼ ਕਰਦਾ ਹੈ, ਉਥੇ ਉਹ ਕਿਸਾਨ ਮਜ਼ਦੂਰ ਦੀ ਲੁੱਟ ਕਰਨ ਵਾਲੇ ਇਸ ਦੋਗਲੇ ਪ੍ਰਬੰਧ ਪ੍ਰਤੀ ਵੀ ਚਿੰਤਨ ਰਹਿੰਦਾ ਹੈ। ਕਿਸਾਨ-ਮਜ਼ਦੂਰ ਅੰਦਰ ਆਈ ਚੇਤਨਾ ਨੂੰ ਉਹ ਆਪਣੀਆਂ ਰੁਬਾਈਆਂ ਵਿੱਚ ਨਵੇਂ ਯੁੱਗ/ਚੇਤਨ ਦੌਰ ਵਜੋਂ ਵੇਖਦਾ ਹੈ ਜਿਵੇਂ:-
ਪੈਲੀਆਂ ਦੇ ਪੁੱਤ ਜਗ ਪਏ ਨੇ, ਜਾ ਬੈਠੇ ਦਿੱਲੀ ਦੀ ਜੂਹੇ।
ਜਿੱਤ ਦਾ ਨਿਸ਼ਚਾ ਮੱਥਿਆਂ ਵਿਚ ਹੈ, ਅੱਖੀਆਂ ਅੰਦਰ ਸੁਪਨੇ ਸੂਹੇ।
ਫ਼ੁਲਕਾਰੀ ਜਿਹਾ ਧਰਮੀ ਯੁੱਧ ਹੈ, ਧਰਤੀ ਪਹਿਲੀ ਵਾਰ ਵੇਖਿਆ।
ਬਣੇ ਟਰੈਕਟਰ ਬੇ ਗ਼ਮ ਪੁਰ ਨੇ, ਖੁੱਲ੍ਹੇ ਦਰ ਨਾ ਭਿੜਦੇ ਬੂਹੇ।
ਗੁਰਭਜਨ ਗਿੱਲ ਦੀ ਦ੍ਰਿਸ਼ਟੀ ਪ੍ਰਗਤੀਵਾਦੀ ਹੈ। ਇਸ ਕਰਕੇ ਉਹ ਹਰ ਵਰਤਾਰੇ/ਸੰਕਟਾਂ/ਘਟਨਾਵਾਂ ਨੂੰ ਇਸ ਦ੍ਰਿਸ਼ਟੀ ਤੋਂ ਹੀ ਵੇਖਦਾ ਅਤੇ ਅਭਿਵਿਅਕਤ ਕਰਦਾ ਹੈ। ਧਾਰਮਿਕ ਪੱਧਰ ‘ਤੇ ਜਿਥੇ ਉਹ ਗੁਰਬਾਣੀ ਦੇ ਰਹੱਸਾਂ ਨੂੰ ਪ੍ਰਕਿਰਤਿਕ ਵਰਤਾਰੇ ਦੀ ਸੰਦਰਭ ਵਿੱਚ ਆਪਣੇ ਕਾਵਿ-ਅਨੁਭਵ/ਅਵਚੇਤਨ ਵਿੱਚ ਅੰਕਿਤ ਕਰਦਾ ਹੈ ਉਥੇ ਉਹ ਇਨ੍ਹਾਂ ਵਰਤਾਰਿਆਂ ਦੇ ਉਲਟ ਧਾਰਮਿਕ ਪਾਖੰਡ ਨੂੰ ਵਿਖੰਡਿਤ ਵੀ ਕਰਦਾ ਹੈ। ਉਸ ਦੀ ਕਵਿਤਾ ਵਿੱਚ ਇਹ ਧਾਰਨਾ ਉਭਰਦੀ ਹੈ ਕਿ ਧਾਰਮਿਕ ਸੰਕੀਰਤੀ/ਪਾਖੰਡ ਮਨੁੱਖ ਨੂੰ ਉੱਚ ਮਾਨਵੀ ਆਦਰਸ਼ਾਂ ਤੱਕ ਨਹੀਂ ਪਹੁੰਚਾ ਸਕਦੇ। ਇਸ ਅਵਸਥਾ ਵਿੱਚ ਧਰਮ ਮਨੁੱਖ ਲਈ ਕਲਿਆਣ ਨਹੀਂ ਸਰਾਪ ਹੈ। ਮਨੁੱਖ ਲਈ ਸਭ ਤੋਂ ਵੱਡਾ ਧਰਮ ਮਨੁੱਖਤਾ ਤੇ ਸਰਬੱਤ ਦਾ ਭਲਾ ਹੈ। ਗੁਰਭਜਨ ਗਿੱਲ ਦੀ ਕਵਿਤਾ ਮਨੁੱਖ ਨੂੰ ਸਵੈ-ਵਿਸ਼ਵਾਸ਼ ਪੈਦਾ ਕਰਨ ਦੀ ਗੱਲ ਕਰਦੀ ਹੈ:
ਬੜੇ ਬਣਾ ਲਏ ਧਰਤੀ ਉੱਤੇ ਗੁਰ ਘਰ ਗਿਰਜੇ ਮਸਜਿਦ ਮੰਦਰ।
ਮਰੇ ਨਾ ਸਾਥੋਂ ਸਾਰਿਆਂ ਕੋਲੋਂ, ਦਿਲ ਵਿਚਲਾ ਸ਼ੈਤਾਨੀ ਬੰਦਰ।
ਗਾਜਰ ਮੂਲੀ ਵਾਂਗ ਕੁਤਰੀਏ, ਸੂਹੇ ਸੁਪਨਿਆਂ ਵਾਲੇ ਬੰਦੇ,
ਵੇਖੋ ਆਹ ਕੀ ਰੁੜ੍ਹਿਆ ਜਾਂਦਾ, ਦਰਦਾਂ ਦੇ ਦਰਿਆ ਦੇ ਅੰਦਰ।
ਗੁਰਭਜਨ ਗਿੱਲ ਦੀਆਂ ਇਹ ਰੁਬਾਈ ਜਿੱਥੇ ਬਾਹਰੀ ਯਥਾਰਥ ਦੇ ਬਹੁਪਤਰੀ ਵਿਹਾਰ ਦੀ ਗੱਲ ਕਰਦੀਆਂ ਹਨ ਉੱਥੇ ਇਹ ਪਾਠਕ/ਮਨੁੱਖ ਨੂੰ ਆਪਣੇ ਅੰਤਰੀਵੀ ਧਰਾਤਲ ਤੇ ਘਟਦੀਆਂ ਘਟਨਾਵਾਂ ਅਤੇ ਕਮਜ਼ੋਰੀਆਂ ਤੇ ਚਿੰਤਨ-ਮੰਥਨ ਕਰਨ ਦੀ ਗੱਲ ਵੀ ਵਾਰ-ਵਾਰ ਕਰਦੀਆਂ ਹਨ। ਮਾਨਵ ਦੀ ਬੋਲੀ ਉਸਦੀ ਸਖਸ਼ੀਅਤ ਦਾ ਸ਼ੀਸ਼ਾ ਬਣਦੀ ਹੈ। ਇਸ ਲਈ ਉਸਨੂੰ ਆਪਣੀ ਬੋਲੀ ਵੀ ਹਲੀਮੀ ਦੀ ਲੋੜ ਹੈ। ਈਰਖਾ ਅਤੇ ਨਫ਼ਰਤ ਮਾਨਵੀ ਜੀਵਨ ਨੂੰ ਨਿਘਾਰ ਵੱਲ ਲੈ ਜਾਂਦੇ ਹਨ। ਗਰੀਬੀ ਦੀ ਦਲਦਲ ਵਿੱਚ ਪਿਆ ਮਨੁੱਖ ਸਮਾਜਿਕ ਅਤੇ ਮਾਨਸਿਕ ਹੀਣਤਾ ਦਾ ਸ਼ਿਕਾਰ ਹੋ ਜਾਂਦਾ ਹੈ, ਪ੍ਰੰਤੂ ਹਿੰਮਤ ਅਤੇ ਹੌਸਲਾ ਨਾਲ ਕੀਤਾ ਸੰਘਰਸ਼ ਮਨੁੱਖ ਨੂੰ ਨਵਾਂ ਦਿਸਹੱਦਿਆਂ ਤੱਕ ਲੈ ਜਾਂਦਾ ਹੈ। ਵਿਿਦਆ ਮਨੁੱਖ ਦਾ ਤੀਜਾ ਨੇਤਰ ਤਾਂ ਹੀ ਬਣ ਸਕਦੀ ਹੈ, ਜੇਕਰ ਉਸਨੂੰ ਸਵੈ, ਸਮਾਜ ਅਤੇ ਮਾਨਵੀ ਕਲਿਆਣ ਲਈ ਵਰਤਿਆ ਜਾਵੇ। ਮਨੁੱਖ ਜੀਵਨ ਵਿੱਚ ਉਚੇ ਸਤਰਾਂ ਨੂੰ ਪ੍ਰਾਪਤ ਕਰਨ ਲਈ ਮਨੁੱਖ ਨੈਤਿਕਤਾ ਦੇ ਉੱਚ ਮਾਪਦੰਡਾਂ ਦੀ ਵੀ ਜ਼ਰੂਰਤ ਹੈ। ਇਨ੍ਹਾਂ ਰੁਬਾਈਆਂ ਦੇ ਅਵਚੇਤਨ ਵਿੱਚ ਚਿੰਤਨ ਦੀ ਡੂੰਘੀ ਧਾਰਾ ਵਹਿ ਰਹੀ ਹੈ ਅਤੇ ਇਸ ਚਿੰਤਕ ਧਾਰਾ ਵਿੱਚ ਹੀ ਗੁਰਭਜਨ ਗਿੱਲ ਦੀ ਆਪਣੀ ਵਿਚਾਰਧਾਰਕ ਦ੍ਰਿਸ਼ਟੀ ਕਾਵਿ ਵਿਸਤਾਰ ਗ੍ਰਹਿਣ ਕਰਦੀ ਹੈ।
5
ਗੁਰਭਜਨ ਗਿੱਲ ਪੰਜਾਬੀ ਦੀ ਦ੍ਰਿਸ਼ਟੀ ਪ੍ਰਗਤੀਸ਼ੀਲ ਹੈ ਅਤੇ ਉਹ ਇਸ ਕਵਿਤਾ ਵਿੱਚ ਮਾਨਵੀ ਜੀਵਨ ਦੇ ਸੰਕਟਾਂ ਨੂੰ ਇਸ ਦ੍ਰਿਸ਼ਟੀ ਤੋਂ ਹੀ ਪੇਸ਼ ਕਰਦੇ ਹਨ। ਉਨ੍ਹਾਂ ਦੀ ਇਹ ਕਵਿਤਾ ਦੀ ਭਾਸ਼ਾ ਵਧੇਰੇ ਸੁਹਜਆਤਮਿਕ ਹੈ। ਇਹ ਕਵਿਤਾ ਪ੍ਰਤੀਰੋਧ ਦੀ ਕਵਿਤਾ ਨਹੀਂ, ਸੁਹਜ ਅਤੇ ਹਲੀਮੀ ਦੀ ਕਵਿਤਾ ਹੈ।
ਕਵੀ ਨੂੰ ਪਤਾ ਹੈ ਕਿ ਰੁਬਾਈ ਅਜਿਹਾ ਕਾਵਿ ਰੂਪ ਹੈ ਕਿਸੇ ਦੀ ਇਤਿਹਾਸਕਤ ਅਤੇ ਸਿਧਾਂਤਕ ਵਿਕਾਸ ਤੋਂ ਪਤਾ ਲਗਦਾ ਹੈ ਕਿ ਇਹ ਕਾਵਿ ਰੂਪ ਵਧੇਰੇ ਮਾਨਵੀ ਜੀਵਨ ਦੀ ਉਚ ਕਦਰਾਂ-ਕੀਮਤਾਂ ਦੀ ਪ੍ਰੜੋਤਾ ਕਰਦਾ ਹੈ। ਇਸ ਲਈ ਉਹਨਾਂ ਦੀ ਇਹ ਕਵਿਤਾ ਵਧੇਰੇ ਸਹਿਜ ਅਤੇ ਪ੍ਰਗਤੀਸ਼ੀਲ ਦ੍ਰਿਸ਼ਟੀ ਦੀ ਧਾਰਨੀ ਹੈ।
ਇਸ ਕਾਵਿ ਸੰਗ੍ਰਹਿ ਦੇ ਕਾਵਿ ਪੈਰਾਡਾਇਮ ਦੀਆਂ ਵਿਿਭੰਨ ਇਕਾਈਆਂ ਹਨ। ਇਹ ਇਕਾਈਆਂ ਮਾਨਵੀ ਜੀਵਨ ਦੇ ਵਿਿਭੰਨ ਸੰਕਟਾਂ ਦੀ ਪੇਸ਼ਕਾਰੀ ਹਨ।
ਗੁਰਭਜਨ ਗਿੱਲ ਦੀਆਂ ਇਨ੍ਹਾਂ ਰੁਬਾਈਆਂ ਵਿੱਚ ਵਧੇਰੇ ਸੰਬੋਧਨੀ ਅਤੇ ਸਵੈ-ਸੰਵਾਦ ਦੀ ਵਿਧੀ ਵਰਤੀ ਗਈ ਹੈ। ਮਾਨਵੀ ਜੀਵਨ ਦੀ ਤਰਲ ਸੰਵੇਦਨਾਵਾਂ ਦੀ ਸਿਰਜਣਾ ਲਈ ਰੂਪਕ ਅਲੰਕਾਰ ਦੀ ਬਹੁਤ ਵਰਤੋਂ ਹੋਈ ਹੈ। ਗੁਰਭਜਨ ਗਿੱਲ ਜਿਸ ਤਰ੍ਹਾਂ ਪ੍ਰਾਕਿਰਤੀ ਨੂੰ ਕੇਂਦਰ ਵਿੱਚ ਰੱਖ ਕੇ ਮਾਨਵੀ ਜੀਵਨ ਦੇ ਅੰਤਰੀਣੀ ਸਰੋਕਾਰਾਂ ਅਤੇ ਬਾਹਰੀ ਯਥਾਰਥਾਂ ਨੂੰ ਸੁਹਜਮਈ ਭਾਸ਼ਾ ਵਿੱਚ ਪੇਸ਼ ਕਰਦਾ ਹੈ ਉਸ ਤੋਂ ਉਸਦੀ ਕਵਿਤਾ ਤੇ ਪ੍ਰਕਿਰਤੀ ਨਾਲ ਸਬੰਧਤ ਪਹਿਲਾ ਮਿਲਦੀ ਕਵਿਤਾ ਅਤੇ ਕਵੀਆਂ ਦਾ ਪ੍ਰਭਾਵ ਵੀ ਸਪਸ਼ਟ ਨਜ਼ਰ ਆਉਂਦਾ ਹੈ ਅਤੇ ਇਹ ਕਵਿਤਾ ਆਪਣਾ ਨਿਵੇਕਲਾ ਮਹਾਂਦਰ ਸਿਰਜਣ ਵਿੱਚ ਵੀ ਸਫ਼ਲ ਹੋ ਜਾਂਦੀ ਹੈ।
ਡਾ. ਜਸਪਾਲਜੀਤ
ਬਾਬਾ ਸਿਰੀ ਚੰਦ ਜੀ ਸਰਕਾਰੀ ਕਾਲਜ,ਸਰਦਾਰਗੜ੍ਹ (ਬਠਿੰਡਾ)
ਮੋਬਾ:- 94633-74012