ਕਾਬੁਲ ਦੇ ਸ਼ੀਆ ਬਹੁ-ਗਿਣਤੀ ਇਲਾਕੇ 'ਚ ਬੰਬ ਧਮਾਕਾ, 8 ਲੋਕਾਂ ਦੀ ਮੌਤ
2022-08-06 15:23:22 ( ਖ਼ਬਰ ਵਾਲੇ ਬਿਊਰੋ
)
ਕਾਬੁਲ: ਪੱਛਮੀ ਕਾਬੁਲ ਦੇ ਸ਼ੀਆ ਬਹੁ-ਗਿਣਤੀ ਵਾਲੇ ਇਲਾਕੇ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ ਅੱਠ ਨਾਗਰਿਕਾਂ ਦੀ ਮੌਤ ਹੋ ਗਈ ਹੈ। ਤਾਲਿਬਾਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਇਕ ਸਮਾਚਾਰ ਏਜੰਸੀ ਨੇ ਪੁਲਸ ਬੁਲਾਰੇ ਖਾਲਿਦ ਜਾਦਰਾਨ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਸ਼ੁੱਕਰਵਾਰ ਨੂੰ ਇਕ ਕਾਰ ਦੇ ਅੰਦਰ ਰੱਖੇ ਵਿਸਫੋਟਕ ਯੰਤਰਾਂ ਦੇ ਫਟਣ ਨਾਲ 18 ਹੋਰ ਜ਼ਖਮੀ ਹੋ ਗਏ। ਜ਼ਾਦਰਾਨ ਨੇ ਕਿਹਾ ਕਿ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਹੈ।
ਇਹ ਹਮਲਾ ਉਸ ਸਮੇਂ ਹੋਇਆ ਜਦੋਂ ਦੇਸ਼ ਵਿੱਚ ਧਾਰਮਿਕ ਘੱਟ ਗਿਣਤੀ ਸ਼ੀਆ ਮੁਸਲਮਾਨ ਆਸ਼ੂਰਾ ਦੀ ਤਿਆਰੀ ਕਰ ਰਹੇ ਸਨ, ਜੋ ਪੈਗੰਬਰ ਮੁਹੰਮਦ ਦੇ ਪੋਤੇ ਇਮਾਮ ਹੁਸੈਨ ਦੀ ਸ਼ਹਾਦਤ ਦੀ ਯਾਦ ਦਿਵਾਉਂਦਾ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਆਈਐਸ) ਅੱਤਵਾਦੀ ਸਮੂਹ ਨੇ ਲਈ ਹੈ। ਸੰਗਠਨ ਨੇ ਆਪਣੇ ਅਧਿਕਾਰਤ ਟੈਲੀਗ੍ਰਾਮ ਚੈਨਲ 'ਤੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਸ਼ੀਆ ਮੁਸਲਮਾਨਾਂ ਦੇ ਇਕੱਠ ਨੂੰ ਨਿਸ਼ਾਨਾ ਬਣਾਇਆ ਸੀ।
ਪਿਛਲੇ ਸਾਲ ਅਗਸਤ ਵਿੱਚ ਤਾਲਿਬਾਨ ਵੱਲੋਂ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਆਈਐਸ ਨੇ ਕਈ ਜਾਨਲੇਵਾ ਹਮਲੇ ਕੀਤੇ ਹਨ, ਜਿਸ ਵਿੱਚ ਮੁੱਖ ਤੌਰ 'ਤੇ ਧਾਰਮਿਕ ਘੱਟ ਗਿਣਤੀ ਸਮੂਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।