2023-01-21 20:37:27 ( ਖ਼ਬਰ ਵਾਲੇ ਬਿਊਰੋ )
ਭਾਰਤੀ ਗੇਂਦਬਾਜ਼ਾਂ ਨੇ ਇਸ ਮੈਚ ‘ਚ ਤਬਾਹੀ ਮਚਾਈ ਤੇ ਨਿਊਜ਼ੀਲੈਂਡ ਨੂੰ ਗੋਡਿਆਂ ‘ਤੇ ਲਿਆਂਦਾ। ਨਿਊਜ਼ੀਲੈਂਡ ਦੀ ਟੀਮ 108 ਦੇ ਸਕੋਰ ‘ਤੇ ਹੀ ਢਹਿ ਗਈ। ਭਾਰਤ ਵੱਲੋਂ ਮੁਹੰਮਦ ਸ਼ਮੀ ਨੇ 3, ਹਾਰਦਿਕ ਪੰਡਿਯਾ ਤੇ ਵਾਸ਼ਿੰਗਟਨ ਸੁੰਦਰ ਨੇ 2-2 ਵਿਕਟਾਂ ਲਈਆਂ।109 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ ਤੂਫਾਨੀ ਪਾਰੀ ਖੇਡੀ। ਰੋਹਿਤ ਸ਼ਰਮਾ ਨੇ 51 ਦੌੜਾਂ ਬਣਾਈਆਂ ਤੇ ਮੈਚ ਨੂੰ ਜਲਦੀ ਖ਼ਤਮ ਕਰਨ ਵੱਲ ਕਦਮ ਵਧਾਇਆ। ਟੀਮ ਇੰਡੀਆ ਨੇ ਹਾਲ ਹੀ ‘ਚ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਜਿੱਤੀ ਸੀ, ਹੁਣ ਉਸ ਨੇ ਨਿਊਜ਼ੀਲੈਂਡ ਨੂੰ ਹਰਾਇਆ ਹੈ।
ਸ਼ੁਭਮਨ ਗਿੱਲ ਦੀਆਂ ਅਜੇਤੂ 40 ਦੌੜਾਂ ਦੀ ਬਦੌਲਤ ਭਾਰਤ ਨੇ ਇਹ ਆਸਾਨ ਜਿੱਤ ਦਰਜ ਕੀਤੀ। 3 ਮੈਚਾਂ ਦੀ ਸੀਰੀਜ਼ ‘ਚ ਟੀਮ ਇੰਡੀਆ 2-0 ਨਾਲ ਅੱਗੇ ਹੋ ਗਈ ਹੈ ਅਤੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਦੱਸ ਦੇਈਏ ਕਿ ਟੀਮ ਇੰਡੀਆ ਨੇ ਇਸ ਮੈਚ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ ਅਤੇ ਨਿਊਜ਼ੀਲੈਂਡ ਦੀ ਟੀਮ ਸਿਰਫ 108 ਦੇ ਸਕੋਰ ‘ਤੇ ਆਲ ਆਊਟ ਹੋ ਗਈ ਸੀ। ਵਨਡੇ ਵਿਸ਼ਵ ਕੱਪ ਦੀਆਂ ਤਿਆਰੀਆਂ ‘ਚ ਲੱਗੀ ਟੀਮ ਇੰਡੀਆ ਲਗਾਤਾਰ ਜਿੱਤਾਂ ਦਰਜ ਕਰ ਰਹੀ ਹੈ।