2023-01-24 17:59:05 ( ਖ਼ਬਰ ਵਾਲੇ ਬਿਊਰੋ )
ਨਵਾਂਸ਼ਹਿਰ, 24 ਜਨਵਰੀ (ਏ-ਆਰ ਆਰ ਐਸ ਸੰਧੂ) ਆਈ ਟੀ ਆਈ ਗਰਾਊਂਡ ਨਵਾਂਸ਼ਹਿਰ ਵਿਖੇ 26 ਜਨਵਰੀ ਨੂੰ ਮਨਾਏ ਜਾ ਰਹੇ ਦੇਸ਼ ਦੇ 74ਵੇਂ ਗਣਤੰਤਰ ਦਿਹਾੜੇ ਨੂੰ ਲੈ ਕੇ ਅੱਜ ਜ਼ਿਲ੍ਹਾ ਪੁਲਿਸ ਅਤੇ ਸਕੂਲੀ ਬੱਚਿਆਂ ਵੱਲੋਂ ਫੁੱਲ ਡਰੈੱਸ ਰੀਹਰਸਲ ਕੀਤੀ ਗਈ, ਜਿਸ ਦਾ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨੇ ਜਾਇਜ਼ਾ ਲਿਆ। ਜ਼ਿਲ੍ਹਾ ਪੱਧਰੀ ਗਣਤੰਤਰ ਦਿਹਾੜਾ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਰੀਹਰਸਲ ਤੋਂ ਤੁਰੰਤ ਬਾਅਦ ਆਈ ਜੀ ਲੁਧਿਆਣਾ ਰੇਂਜ ਕੌਸਤੁਭ ਸ਼ਰਮਾ ਵੱਲੋਂ ਵੀ ਆਈ ਟੀ ਆਈ ਗਰਾਊਂਡ ਦਾ ਦੌਰਾ ਕੀਤਾ ਗਿਆ ਅਤੇ ਡੀ ਸੀ ਰੰਧਾਵਾ ਤੇ ਐਸ ਐਸ ਪੀ ਮੀਣਾ ਨਾਲ ਮੀਟਿੰਗ ਵੀ ਕੀਤੀ ਗਈ। ਫੁੱਲ ਡਰੈੱਸ ਰੀਹਰਸਲ ਦੌਰਾਨ ਕੀਤੀ ਗਈ ਪਰੇਡ, ਪੀ ਟੀ ਸ਼ੋਅ ਅਤੇ ਸਭਿਆਚਾਰਕ ਪ੍ਰੋਗਰਾਮ ਵਿੱਚ ਜ਼ਿਲ੍ਹਾ ਪੁਲਿਸ ਤੋਂ ਇਲਾਵਾ 25 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਮੀਂਹ ਅਤੇ ਸਰਦ ਰੁੱਤ ਦੀ ਪ੍ਰਵਾਨ ਨਾ ਕਰਦਿਆਂ, ਇਸ ਕੌਮੀ ਦਿਹਾੜੇ ਲਈ ਪਿਛਲੇ ਕਈ ਦਿਨਾਂ ਤੋਂ ਸਕੂਲ ਪੱਧਰ ’ਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਫੁੱਲਣ ਡਰੈੱਸ ਰੀਹਸਰਲ ਦੌਰਾਨ ਦਿਖਾਇਆ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੂੰ ਸਲਾਹੁੰਦਿਆਂ ਨਜ਼ਰ ਆਈਆਂ ਕੁੱਝ ਕਮੀਆਂ-ਪੇਸ਼ੀਆਂ ਨੂੰ ਕਲ੍ਹ ਆਪੋ-ਆਪਣੇ ਸਕੂਲਾਂ ’ਚ ਇੱਕ ਹੋਰ ਰੀਹਰਸਲ ਕਰਕੇ ਦੂਰ ਕਰਨ ਲਈ ਆਖਿਆ। ਡਿਪਟੀ ਕਮਿਸ਼ਨਰ ਰੰਧਾਵਾ ਨੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਦੇ ਨਾਲ ਪਰੇਡ ਦਾ ਮੁਆਇਨਾ ਵੀ ਕੀਤਾ ਅਤੇ ਡੀ ਐਸ ਪੀ ਹਰਸ਼ਪ੍ਰੀਤ ਸਿੰਘ ਦੀ ਅਗਵਾਈ ’ਚ ਕੀਤੇ ਗਏ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਵੀ ਲਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 26 ਜਨਵਰੀ ਨੂੰ ਮੁੱਖ ਮਹਿਮਾਨ ਖਟਕੜ ਕਾ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਸ਼ਰਧਾ ਸੁਮਨ ਅਰਪਿਤ ਕਰਨ ਬਾਅਦ ਆਈ ਟੀ ਆਈ ਗਰਾਊਂਡ ’ਚ ਸਵੇਰੇ ਸਹੀ 10 ਵਜੇ ਕੌਮੀ ਝੰਡਾ ਲਹਿਰਾਉਣਗੇ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਹੁੰਮ-ਹੁੰਮਾ ਕੇ ਸਮਾਗਮ ’ਚ ਪੁੱਜਣ ਦੀ ਅਪੀਲ ਕੀਤੀ। ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਆਈ ਟੀ ਆਈ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੇ ਸੰਪੂਰਣ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਚਾਰ ਗੇਟ ਰੱਖੇ ਗਏ ਹਨ, ਜਿਨ੍ਹਾਂ ’ਚ ਆਈ ਟੀ ਆਈ ਦੇ ਮੇਨ ਗੇਟ (ਸ਼ਿਵਾਲਿਕ ਸਕੂਲ ਵਾਲੇ ਪਾਸੇ) ਤੋਂ ਝਾਕੀਆਂ ’ਚ ਭਾਗ ਲੈਣ ਵਾਲੇ ਵਾਹਨਾਂ ਦੀ ਐਂਟਰੀ ਰੱਖੀ ਗਈ ਹੈ। ਐਸ ਐਸ ਪੀ ਰਿਹਾਇਸ਼ ਨੂੰ ਲੱਗਦੇ ਗੇਟ ਰਾਹੀਂ ਕੇਵਲ ਮੁੱਖ ਮਹਿਮਾਨ ਦੀ ਐਂਟਰੀ ਹੋਵੇਗੀ ਜਦਕਿ ਇਸ ਗੇਟ ਤੋਂ ਆਈ ਟੀ ਆਈ ਵੱਲ ਨੂੰ ਜਾਂਦਿਆਂ ਇੱਕ ਹੋਰ ਛੋਟੇ ਗੇਟ ਰਾਹੀਂ ਵੀ ਆਈ ਪੀ ਅਤੇ ਮੀਡੀਆ ਦੀ ਐਂਟਰੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਆਈ ਟੀ ਆਈ ਦੇ ਵਿਚਕਾਰਲੇ ਗੇਟ ਰਾਹੀਂ ਆਮ ਜਨਤਾ ਅਤੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਐਂਟਰੀ ਕਰਵਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮ ’ਚ ਆਉਂਦੇ ਹੋਏ ਕੋਈ ਬੈਗ ਆਦਿ ਨਾ ਲੈ ਕੇ ਆਉੁਣ ਅਤੇ ਸੁਰੱਖਿਆ ਚੈਕਿੰਗ ’ਚ ਪੂਰਣ ਸਹਿਯੋਗ ਦੇਣ। ਅੱਜ ਹੋਈਆਂ ਸਭਿਆਚਾਰਕ ਪੇਸ਼ਕਾਰੀਆਂ ’ਚ ਸੇਂਟ ਸੋਲਜਰ ਸਕੂਲ ਕੁਲਾਮ, ਸੇਂਟ ਜੋਜ਼ਫ਼ ਕਾਨਵੈਂਟ ਸਕੂਲ ਮੱਲਪੁਰ ਅੜਕਾਂ, ਸਰਕਾਰੀ ਪ੍ਰਾਇਮਰੀ ਸਕੂਲ ਮੁਕੰਦਪੁਰ, ਸਕਾਲਰ ਪਬਲਿਕ ਸਕੂਲ ਜਾਡਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ, ਗੁਰੂ ਰਾਮ ਦਾਸ ਇੰਟਰਨੈਸ਼ਨਲ ਪਬਲਿਕ ਸਕੂਲ ਮੱਲਪੁਰ, ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ, ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪੀ ਟੀ ਸ਼ੋਅ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਡਲਾ, ਬੱਬਰ ਕਰਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ, ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਅਤੇ ਦੋਆਬਾ ਸਿੱਖ ਨੈਸ਼ਨਲ ਸਕੂਲ ਨਵਾਂਸ਼ਹਿਰ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਜ਼ਿਲ੍ਹਾ ਪੁਲਿਸ ਦੀਆਂ ਦੋ ਪੁਰਸ਼ ਪੁਲਿਸ ਟੁਕੜੀਆਂ ਨੇ ਏ ਐਸ ਆਈ ਸਰਬਜੀਤ ਸਿੰਘ ਤੇ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਅਤੇ ਇੱਕ ਮਹਿਲਾ ਪੁਲਿਸ ਟੁਕੜੀ ਨੇ ਏ ਐਸ ਆਈ ਅਮਰਜੀਤ ਕੌਰ ਦੀ ਅਗਵਾਈ ’ਚ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਰਾਹੋਂ, ਗਰਲ ਗਾਈਡਜ਼ ਜਵਾਹਰ ਵਿਦਿਆਲਿਆ ਪੋਜੇਵਾਲ, ਕਿ੍ਰਪਾਲ ਸਾਗਰ ਅਕੈਡਮੀ ਰਾਹੋਂ ਤੇ ਪ੍ਰਕਾਸ਼ ਮਾਡਲ ਸਕੂਲ ਨਵਾਂਸ਼ਹਿਰ ਤੇ ਕੇ ਸੀ ਪਬਲਿਕ ਸਕੂਲ ਦੇ ਸਕੂਲ ਬੈਂਡ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਏ ਡੀ ਸੀ (ਜ) ਰਾਜੀਵ ਵਰਮਾ, ਐਸ ਡੀ ਐਮ ਮੇਜਰ ਡਾ. ਸ਼ਿਵਰਾਜ ਸਿੰਘ ਬੱਲ, ਐਸ ਪੀਜ਼ ਡਾ. ਮੁਕੇਸ਼ ਤੇ ਗੁਰਮੀਤ ਕੌਰ, ਸਿਖਲਾਈ ਅਧੀਨ ਪੀ ਸੀ ਐਸ ਅਧਿਕਾਰੀ ਗੁਰਲੀਨ ਸਿੱਧੂ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਤਹਿਸੀਲਦਾਰ ਸਰਵੇਸ਼ ਰਾਜਨ, ਜ਼ਿਲ੍ਹਾ ਸਿਖਿਆ ਅਫ਼ਸਰ ਡਾ. ਕੁਲਤਰਨ ਸਿੰਘ ਅਤੇ ਜ਼ਿਲ੍ਹੇ ਦੇ ਹੋਰ ਅਧਿਕਾਰੀ ਮੌਜੂਦ ਸਨ, ਜਿਨ੍ਹਾਂ ਨਾਲ ਬਾਅਦ ਵਿੱਚ ਡੀ ਸੀ ਰੰਧਾਵਾ ਵੱਲੋਂ ਤਿਆਰੀਆਂ ਨੂੰ ਅੰਤਮ ਰੂਪ ਦੇਣ ਲਈ ਮੀਟਿੰਗ ਵੀ ਕੀਤੀ ਗਈ।
ਫ਼ੋਟੋ ਕੈਪਸ਼ਨ: 01 ਆਈ ਟੀ ਆਈ ਗਰਾਊਂਡ ਵਿਖੇ ਮੰਗਲਵਾਰ ਨੂੰ ਗਣਤੰਤਰ ਦਿਹਾੜੇ ਦੀ ਹੋਈ ਫੁੱਲ ਡਰੈੱਸ ਰੀਹਰਸਲ ਦੀਆਂ ਵੱਖ-ਵੱਖ ਤਸਵੀਰਾਂ।
ਫ਼ੋਟੋ ਕੈਪਸ਼ਨ: 02 ਆਈ ਜੀ ਕੌਸਤੁਭ ਸ਼ਰਮਾ, ਡੀ ਸੀ ਐਨ ਪੀ ਐਸ ਰੰਧਾਵਾ ਤੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨਾਲ ਸਮਾਗਮ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੱਲਬਾਤ ਕਰਦੇ ਹੋਏ।