2023-01-22 12:21:03 ( ਖ਼ਬਰ ਵਾਲੇ ਬਿਊਰੋ )
ਜਾਪਾਨ ਦੇ ਪੱਛਮੀ ਸ਼ਹਿਰ ਕੋਬੇ ਵਿੱਚ ਐਤਵਾਰ ਤੜਕੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਮਰਨ ਦਾ ਖਦਸ਼ਾ ਹੈ। ਕਿਓਡੋ ਨਿਊਜ਼ ਨੇ ਦੱਸਿਆ ਕਿ ਫਾਇਰ ਵਿਭਾਗ ਨੂੰ ਸਥਾਨਕ ਸਮੇਂ ਅਨੁਸਾਰ 01:35 ਵਜੇ ਕੋਬੇ ਦੇ ਹਯੋਗੋ ਵਾਰਡ ਵਿੱਚ ਇੱਕ ਅਪਾਰਟਮੈਂਟ ਦੀ ਪਹਿਲੀ ਮੰਜ਼ਿਲ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ।
ਰਿਪੋਰਟ 'ਚ ਪੁਲਸ ਅਤੇ ਹੋਰ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਘਟਨਾ 'ਚ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਚਾਰ ਹੋਰ ਬੇਹੋਸ਼ ਪਾਏ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਰਿਪੋਰਟਾਂ ਮੁਤਾਬਕ 300 ਵਰਗ ਮੀਟਰ ਵਾਲੀ ਇਮਾਰਤ ਦੀ ਪਹਿਲੀ ਅਤੇ ਦੂਜੀ ਮੰਜ਼ਿਲ ਦਾ ਕੁੱਲ 60 ਵਰਗ ਮੀਟਰ ਹਿੱਸਾ ਸੜ ਗਿਆ। ਫਾਇਰ ਬ੍ਰਿਗੇਡ ਨੇ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।