2022-09-22 19:57:31 ( ਖ਼ਬਰ ਵਾਲੇ ਬਿਊਰੋ )
ਲੁਧਿਆਣਾ,(ਰਾਜਕੁਮਾਰ ਸ਼ਰਮਾ) ਵੱਖ-ਵੱਖ ਜਥੇਬੰਦੀਆਂ ਦੇ ਵਫ਼ਦ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਮਿਲ੍ਹ ਕੇ 23 ਜੂਨ 2022 ਨੂੰ ਡੇਅਰੀ ਮਾਲਕ ਵੱਲੋਂ ਕੁੱਟਮਾਰ ਦੇ ਪੀੜਤ ਬਾਲ ਮਜ਼ਦੂਰ ਨੂੰ ਇਨਸਾਫ ਦੁਆਉਣ, ਪੀੜਿਤ ਪਰਿਵਾਰ ਅਤੇ ਮਜ਼ਦੂਰ ਆਗੂਆਂ ਖਿਲਾਫ ਦਰਜ ਝੂਠਾ ਮੁਕਦਮਾ ਰੱਦ ਕਰਾਉਣ ਅਤੇ ਦੋਸ਼ੀਆਂ ਨੂੰ ਬਣਦੀਆਂ ਧਾਰਾਵਾਂ ਤਹਿਤ ਸਖ਼ਤ ਸਜਾ ਲਈ ਮੰਗ ਪੱਤਰ ਸੌਂਪਿਆ।
ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰ ਨੇ ਜ਼ਾਰੀ ਕੀਤੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਡੀ.ਸੀ. ਹਾਰਡਵੇਅਰ, ਨਜਦੀਕ ਗੰਗਾ ਡੈਅਰੀ, ਤਾਜਪੁਰ ਰੋਡ, ਲੁਧਿਆਣਾ ਦੇ ਮਾਲਕਾਂ ਵੱਲੋਂ ਇੱਕ ਨਾਬਾਲਗ ਬੱਚੇ ਰਾਜੂ ਦੀ ਜ਼ਬਰੀ ਅਗਵਾ ਕਰਕੇ ਕੁੱਟਮਾਰ ਕੀਤੀ ਗਈ ਸੀ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 7, ਲੁਧਿਆਣਾ ਵਿੱਚ ਮਿਤੀ 24 ਜੂਨ ਨੂੰ ਪੀੜਤ ਪਰਿਵਾਰ ਵੱਲੋਂ ਪੁਲਿਸ ਕੋਲ਼ ਸ਼ਿਕਾਇਤ ਕੀਤੀ ਸੀ ਪਰ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਜਨਤਕ ਦਬਾਅ ਦੇ ਬਾਅਦ 10-07-2022 ਨੂੰ ਆਰਤੀ ਦੇਵੀ ਦਾ ਬਿਆਨ ਕਲਮਬੱਧ ਕੀਤਾ ਗਿਆ ਸੀ, ਜਿਸ ਨੂੰ ਮਜ਼ਦੂਰ ਜਥੇਬੰਦੀ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਨੁਮਾਇੰਦਿਆਂ ਜਗਦੀਸ਼ ਸਿੰਘ ਅਤੇ ਗੁਰਦੀਪ ਸਿੰਘ ਦੁਆਰਾ ਤਸਦੀਕ ਕੀਤਾ ਗਿਆ ਸੀ। ਇਸ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਐਫ.ਆਈ.ਆਰ ਦਰਜ਼ ਕੀਤੀ ਗਈ ਸੀ। ਇਸ ਐਫ. ਆਈ. ਆਰ. ਵਿੱਚ ਨਾਮਜ਼ਦ ਨਾਬਾਲਗ ਨਾਲ਼ ਕੁੱਟਮਾਰ ਕਰਨ ਵਾਲ਼ੇ ਮੁਜ਼ਰਮਾਂ ਖਿਲਾਫ਼ ਨਰਮੀ ਵਰਤੀ ਗਈ ਅਤੇ ਯੋਗ ਧਾਰਾਵਾਂ ਨਹੀਂ ਲਗਾਈਆਂ ਗਈਆਂ ਸਨ। ਇਸ ਸਬੰਧੀ ਪੁਲਿਸ ਕਮੀਸ਼ਨਰ ਲੁਧਿਆਣਾ ਨੂੰ ਮਾਮਲੇ ਦੀ ਤਫ਼ਤੀਸ਼ ਕਰਵਾਉਣ ਅਤੇ ਬਣਦੀਆਂ ਧਾਰਾਵਾਂ ਲਗਾਉਣ ਲਈ ਇੱਕ ਅਰਜ਼ੀ ਰਾਹੀਂ ਬੇਨਤੀ ਕੀਤੀ ਗਈ ਸੀ। ਪਿਛਲੇ ਲਗਭਗ ਦੋ ਮਹੀਨਿਆਂ ਤੋਂ ਇਸ ਅਰਜੀ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸ ਮਸਲੇ ਵਿੱਚ ਇੱਕ ਕਰੌਸ ਝੂਠਾ ਬਿਆਨ ਕੁੱਟਮਾਰ ਦੇ ਦੋਸ਼ੀਆਂ ਵੱਲੋਂ ਵੀ ਦਰਜ਼ ਕਰਵਾਇਆ ਗਿਆ ਸੀ। ਜਿਸ ਤਹਿਤ ਪੀੜਤ ਧਿਰ ਖਿਲਾਫ਼ ਪੁਲਿਸ ਨੇ ਆਈ.ਪੀ.ਸੀ. 381 ਵਰਗੀਆਂ ਗੈਰ ਜਮਾਨਤਯੋਗ ਸਖ਼ਤ ਧਾਰਾਵਾਂ ਲਗਾਈਆਂ ਹਨ। ਪੀੜਤ ਪਰਿਵਾਰ ਦੀ ਪੈਰਵਾਈ ਕਰਨ ਪਹੁੰਚੇ ਮਜ਼ਦੂਰ ਜਥੇਬੰਦੀ ਦੇ ਅਹੁਦੇਦਾਰਾਂ ਜਗਦੀਸ਼ ਸਿੰਘ ਅਤੇ ਗੁਰਦੀਪ ਸਿੰਘ ਖਿਲਾਫ਼ ਵੀ ਝੂਠੇ ਬਿਆਨ ਦੇ ਅਧਾਰ ਤੇ ਕੇਸ ਦਰਜ਼ ਕੀਤਾ ਗਿਆ ਹੈ, ਜੋ ਕਿ ਦੋਸ਼ੀਆਂ ਵੱਲੋਂ ਬਦਲਾਲਊ ਭਾਵਨਾ ਨਾਲ਼ ਕੀਤਾ ਗਿਆ ਹੈ। ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਪੀੜਤ ਧਿਰ ਅਤੇ ਜਨਤਕ ਆਗੂਆਂ ਜਗਦੀਸ਼ ਸਿੰਘ ਅਤੇ ਗੁਰਦੀਪ ਸਿੰਘ ਖਿਲਾਫ਼ ਦਰਜ ਝੂਠਾ ਮੁਕੱਦਮਾ ਤੁਰੰਦ ਰੱਦ ਕੀਤਾ ਜਾਵੇ ਅਤੇ ਝੂਠੀ ਜਾਣਕਾਰੀ ਦੇਣ ਬਾਬਤ ਦੋਸ਼ੀਆਂ ਖਿਲਾਫ਼ ਸਖ਼ਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ। ਮੰਗ ਕਰਦੇ ਕਿਹਾ ਕਿ ਉਕਤ ਮੁਕੱਦਮੇ ਵਿੱਚ ਪੀੜਤ ਮਜ਼ਦੂਰ ਪਰਿਵਾਰ ਨਾਲ਼ ਇਨਸਾਫ਼ ਕਰਦੇ ਹੋਏ ਦੋਸ਼ੀ ਡੀ.ਸੀ. ਹਾਰਡਵੇਅਰ ਦੇ ਮਾਲਕਾਂ ਉੱਤੇ ਨਾਬਾਲਗ ਨੂੰ ਜ਼ਬਰੀ ਅਗਵਾ ਕਰਨ ਅਤੇ ਕੁੱਟਮਾਰ ਕਰਨ ਦੀਆਂ ਅਤੇ ਬਾਲ ਮਜ਼ਦੂਰੀ ਐਕਟ ਦੀਆਂ ਧਾਰਾਵਾਂ ਲਗਾਈਆਂ ਜਾਣ। ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਸੰਘਰਸ਼ ਤੇਜ ਕੀਤਾ ਜਾਵੇਗਾ। ਵਫ਼ਦ ਵਿੱਚ ਰਾਜਵਿੰਦਰ ਸਿੰਘ, ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ, ਪਰਮਜੀਤ ਸਿੰਘ, ਜਮਹੂਰੀ ਅਧਿਕਾਰ ਸਭਾ, ਪੰਜਾਬ, ਜੀ.ਐਸ. ਜੌਹਰੀ, ਆਗੂ, ਮੋਲਡਰ ਐਂਡ ਸਟੀਲ ਵਰਕਰ ਯੂਨੀਅਨ, ਸੁਖਵਿੰਦਰ ਸਿੰਘ, ਜਿਲ੍ਹਾ ਆਗੂ, ਭਾਰਤੀ ਕਿਸਾਨ ਯੂਨੀਅਨ ਏਕਤਾ- ਡਕੌਂਦਾ, ਬਿੰਨੀ, ਨੌਜਵਾਨ ਭਾਰਤ ਸਭਾ, ਬਲਵਿੰਦਰ ਸਿੰਘ, ਤਰਕਸ਼ੀਲ ਸੁਸਾਇਟੀ ਪੰਜਾਬ, ਗੱਲਰ ਚੌਹਾਨ, ਲੋਕ ਏਕਤਾ ਸੰਗਠਨ, ਲਖਵਿੰਦਰ ਸਿੰਘ, ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ, ਹਰਸ਼ਾ ਸਿੰਘ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਵੱਲੋਂ ਸ਼ਾਮਿਲ ਰਹੇ।