2022-12-04 07:36:29 ( ਖ਼ਬਰ ਵਾਲੇ ਬਿਊਰੋ )
ਐੱਸ.ਏ.ਐੱਸ. ਨਗਰ 04 ਦਸੰਬਰ- ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿੱਚ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਾ ਰਹੇ ਰਸਾਇਣਕ ਵਿਗਿਆਨ ਦੇ ਲੈਕਚਾਰਾਂ ਦੀ ਸਿਖਲਾਈ ਵਰਕਸ਼ਾਪ ਦਾ ਆਯੋਜਨ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਕੀਤਾ ਜਾ ਰਿਹਾ ਹੈ। ਇਸੇ ਤਹਿਤ ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੇ ਵੱਖ-ਵੱਖ ਸਕੂਲਾਂ ਵਿੱਚ ਰਸਾਇਣਕ ਵਿਗਿਆਨ ਪੜ੍ਹਾ ਰਹੇ ਲੈਕਚਰਾਰਾਂ ਦੀ ਪ੍ਰਯੋਗਸ਼ਾਲਾ ਵਿੱਚ ਪ੍ਰਯੋਗ ਕਰਵਾਉਣ ਦੀ ਓਰੀਐਂਟੇਸ਼ਨ ਕਰਨ ਲਈ ਮਿਤੀ 2 ਤੋਂ 5 ਦਸੰਬਰ ਤੱਕ ਤਿੰਨ ਦਿਨਾਂ ਸਿਖਲਾਈ ਵਰਕਸ਼ਾਪ ਡਾਇਰੈਕਟਰ ਐੱਸ.ਸੀ.ਈ.ਆਰ.ਟੀ.ਪੰਜਾਬ ਡਾ. ਮਨਿੰਦਰ ਸਿੰਘ ਸਰਕਾਰੀਆ ਦੀ ਅਗਵਾਈ ਵਿੱਚ ਮੈਰੀਟੋਰੀਅਸ ਸਕੂਲ ਮੋਹਾਲੀ ਵਿਖੇ ਲਗਾਈ ਜਾ ਰਹੀ ਹੈ। ਇਸ ਵਰਕਸ਼ਾਪ ਵਿੱਚ ਸ਼ਮੂਲੀਅਤ ਕਰ ਰਹੇ ਰਸਾਇਣਕ ਵਿਗਿਆਨ ਲੈਕਚਰਾਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਬਲਜਿੰਦਰ ਸਿੰਘ ਨੇ ਕਿਹਾ ਕਿ ਅਧਿਆਪਕ ਆਤਮਵਿਸ਼ਵਾਸ਼,ਕੌਸ਼ਲ ਅਤੇ ਸਾਕਾਰਾਤਮਕ ਦ੍ਰਿਸ਼ਟੀਕੋਣ ਨਾਲ ਵਿਦਿਆਰਥੀਆਂ ਨੂੰ ਉਹਨਾਂ ਦੇ ਮਿੱਥੇ ਟੀਚੇ ਵੱਲ ਅੱਗੇ ਵਧਾ ਸਕਦਾ ਹੈ। ਇਸ ਵਰਕਸ਼ਾਪ ਰਾਹੀ ਸਮੂਹ ਅਧਿਆਪਕਾਂ ਨੇ ਬਹੁਤ ਹੀ ਲਗਨ ਨਾਲ ਪ੍ਰਯੋਗ ਕੀਤੇ ਹਨ ਉਹਨਾਂ ਦਾ ਸੁਭਾਵਿਕ ਹੀ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ।
ਸਿਖਲਾਈ ਵਰਕਸ਼ਾਪ ਦੇ ਕੋਆਰਡੀਨੇਟਰ ਪ੍ਰਿੰਸੀਪਲ ਪ੍ਰਵੀਨ ਮੈਡਮ ਜ਼ਿਲ੍ਹਾ ਮੈਂਟਰ ਰਸਾਇਣਕ ਵਿਗਿਆਨ ਨੇ ਦੱਸਿਆ ਕਿ ਸਮੂਹ ਲੈਕਚਰਾਰਾਂ ਨੂੰ ਰਸਾਇਣ ਪ੍ਰਯੋਗਸ਼ਾਲਾ ਵਿੱਚ ਸਿਖਲਾਈ ਵਰਕਸ਼ਾਪ ਦੌਰਾਨ ਸੀਨੀਅਰ ਅਧਿਆਪਕਾਂ ਦੀ ਅਗਵਾਈ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਰਸਾਇਣਕ ਵਿਗਿਆਨ ਵਿਸ਼ੇ ਦੇ ਪ੍ਰਯੋਗ ਕਰਵਾਏ ਗਏ ਹਨ। ਨੌਜਵਾਨ ਅਤੇ ਨਵੇਂ ਪਦ-ਉੱਨਤ ਹੋਏ ਲੈਕਚਰਾਰਾਂ ਨੇ ਇਸ ਸਿਖਲਾਈ ਵਰਕਸ਼ਾਪ ਨੂੰ ਬਹੁਤ ਜਿਆਦਾ ਲਾਹੇਵੰਦ ਦੱਸਿਆ। ਇਸ ਮੌਕੇ ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਰਿਤੂ ਸ਼ਰਮਾ,ਦੇਵ ਕਰਨ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ।