2022-11-28 10:26:52 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ: ਮੋਹਾਲੀ 'ਚ ਬੰਦੂਕ ਦੀ ਨੋਕ 'ਤੇ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ । ਫੇਜ਼ 11 ਵਿੱਚ ਕਾਰ ਲੁੱਟਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੁਲਜ਼ਮ ਡਰਾਈਵਰ ਤੋਂ ਕਾਰ ਲੁੱਟ ਕੇ ਫਰਾਰ ਹੋ ਗਏ ।
ਜਾਣਕਾਰੀ ਮੁਤਾਬਕ ਵਿਨੋਦ ਪਾਣੀਪਤ ਦੇ ਆਪਣੇ ਬੌਸ ਸੰਜੇ ਕੁਮਾਰ ਦੇ ਦੋ ਰਿਸ਼ਤੇਦਾਰਾਂ ਨੂੰ ਛੱਡਣ ਆਇਆ ਸੀ। ਰਿਸ਼ਤੇਦਾਰ ਸਤਿਸੰਗ ਵਿਚ ਸ਼ਾਮਲ ਹੋਣ ਲਈ ਆਏ ਹੋਏ ਸਨ। ਰਿਸ਼ਤੇਦਾਰਾਂ ਨੂੰ ਫੇਜ਼ 10 ਵਿੱਚ ਛੱਡਣ ਤੋਂ ਬਾਅਦ ਵਿਨੋਦ ਫੇਜ਼ 12 ਵਿੱਚ ਢਾਬੇ ’ਤੇ ਖਾਣਾ ਖਾਣ ਲਈ ਰੁਕਿਆ। ਜਿਵੇਂ ਹੀ ਉਹ ਕਾਰ 'ਚ ਬੈਠਣ ਲੱਗਾ ਤਾਂ ਬੰਦੂਕ ਦੀ ਨੋਕ 'ਤੇ ਚਾਰ ਨੌਜਵਾਨਾਂ ਨੇ ਉਸ ਦਾ ਪਰਸ, ਮੋਬਾਈਲ ਅਤੇ ਕਾਰ ਖੋਹ ਲਈ। ਘਟਨਾ ਰਾਤ ਕਰੀਬ 10.30 ਵਜੇ ਵਾਪਰੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੀਤੀ 20 ਨਵੰਬਰ ਤੋਂ ਹੁਣ ਤੱਕ 3 ਕਾਰਾਂ ਬੰਦੂਕ ਦੀ ਨੋਕ 'ਤੇ ਲੁੱਟੀਆਂ ਜਾ ਚੁੱਕੀਆਂ ਹਨ। ਤਾਜ਼ਾ ਮਾਮਲੇ 'ਚ ਸ਼ਿਕਾਇਤਕਰਤਾ ਪਾਣੀਪਤ ਦਾ ਰਹਿਣ ਵਾਲਾ ਵਿਨੋਦ ਕੁਮਾਰ ਹੈ, ਜਿਸ ਨਾਲ ਇਹ ਘਟਨਾ ਵਾਪਰੀ ਹੈ। ਵਿਨੋਦ ਮੁਤਾਬਕ 4 ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਵਿਨੋਦ ਪਾਣੀਪਤ ਤੋਂ ਮੋਹਾਲੀ ਫੇਜ਼ 10 ਆਇਆ ਸੀ।ਪੁਲਿਸ ਨੂੰ 4 ਅਣਪਛਾਤੇ ਗਰੋਹ ਦੇ ਮੈਂਬਰਾਂ 'ਤੇ ਸ਼ੱਕ ਹੈ। ਚਾਰ ਮੁਲਜ਼ਮ ਇਸ ਤੋਂ ਪਹਿਲਾਂ ਵਾਪਰੀਆਂ ਕਾਰ ਲੁੱਟ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਲ ਸਨ ਅਤੇ ਇਸ ਦਾ ਮੋਡਸ ਓਪਰੇਂਡੀ ਵੀ ਅਜਿਹਾ ਹੀ ਸੀ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।