ਭਾਜਪਾ 'ਆਪ' ਵਿਧਾਇਕਾਂ ਸ਼ੀਤਲ ਅੰਗੁਰਾਲ, ਰਮਨ ਅਰੋੜਾ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕਰੇਗੀ: ਮਨੋਰੰਜਨ ਕਾਲੀਆ
2022-10-03 16:46:53 ( ਖ਼ਬਰ ਵਾਲੇ ਬਿਊਰੋ
)
ਜਲੰਧਰ— ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ 'ਆਪ' ਦੇ ਵਿਧਾਇਕਾਂ ਸ਼ੀਤਲ ਅੰਗੁਰਾਲ ਅਤੇ ਰਮਨ ਅਰੋੜਾ ਖਿਲਾਫ ਮਾਣਹਾਨੀ ਦਾ ਕੇਸ ਦਰਜ ਕੀਤਾ ਜਾਵੇਗਾ। ਭਾਜਪਾ ਦਾ ਇਹ ਬਿਆਨ ਦੋਵਾਂ ਵਿਧਾਇਕਾਂ ਵੱਲੋਂ ਵਿਜੀਲੈਂਸ ਐਸਆਈਟੀ ਨੂੰ ਬਿਆਨ ਦੇਣ ਤੋਂ ਤੁਰੰਤ ਬਾਅਦ ਆਇਆ ਹੈ। ਇਨ੍ਹਾਂ ਵਿਧਾਇਕਾਂ ਨੇ ਐਸਆਈਟੀ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ 25 ਕਰੋੜ ਰੁਪਏ ਵਿੱਚ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਜਿਸ 'ਤੇ ਭਾਜਪਾ ਨੇ ਇਨ੍ਹਾਂ ਦੋਵਾਂ ਵਿਧਾਇਕਾਂ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਨ ਦਾ ਦਾਅਵਾ ਕੀਤਾ ਹੈ।
ਆਮ ਆਦਮੀ ਪਾਰਟੀ ਭਾਜਪਾ 'ਤੇ ਆਪਰੇਸ਼ਨ ਲੋਟਸ ਦੇ ਤਹਿਤ ਆਪਣੇ ਵਿਧਾਇਕਾਂ ਨੂੰ ਖਰੀਦਣ ਅਤੇ ਵੇਚਣ ਦਾ ਦੋਸ਼ ਲਗਾ ਰਹੀ ਹੈ। ਪੰਜਾਬ ਵਿਚ ਸਿਆਸਤ ਗਰਮਾ ਰਹੀ ਹੈ ਅਤੇ ਹੁਣ ਵਿਜੀਲੈਂਸ ਵਲੋਂ ਕੀਤੀ ਜਾ ਰਹੀ ਜਾਂਚ ਤੋਂ ਬਾਅਦ ਇਹ ਮਾਮਲਾ ਹੋਰ ਵੀ ਭਖਦਾ ਨਜ਼ਰ ਆ ਰਿਹਾ ਹੈ। ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਭਾਜਪਾ 'ਤੇ ਇਹ ਦੋਸ਼ ਲਗਾ ਰਹੇ ਹਨ, ਉੱਥੇ ਹੀ ਭਾਜਪਾ 'ਆਪ' ਆਗੂਆਂ ਦੇ ਇਨ੍ਹਾਂ ਦਾਅਵਿਆਂ ਨੂੰ 'ਕੋਰਾ ਝੂਠ' ਅਤੇ ਹਿਮਾਚਲ ਅਤੇ ਗੁਜਰਾਤ ਚੋਣਾਂ 'ਚ ਸਟੰਟ ਦੱਸ ਰਹੀ ਹੈ।