2022-12-02 16:25:52 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਨੇ ਅੱਜ ਜਥੇਬੰਦਕ ਨਿਯੁਕਤੀਆਂ ਕਰਦੇ ਹੋਏ ਪੰਜਾਬ ਦੇ 9 ਵੱਡੇ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਹਨ। ਇਨ੍ਹਾਂ ਵਿੱਚ ਅਮਨਜੋਤ ਕੌਰ ਰਾਮੂਵਾਲੀਆ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਨੂੰ ਸਪੈਸ਼ਲ ਇਨਵਾਈਟੀ ਨੈਸ਼ਨਲ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਉੱਤਰਾਖੰਡ ਦੇ ਮਦਨ ਕੌਸ਼ਿਕ, ਛੱਤੀਸਗੜ੍ਹ ਦੇ ਵਿਸ਼ਨੂੰਦੇਵ ਸਾਈਂ, ਪੰਜਾਬ ਦੇ ਐੱਸ ਗੁਰਮੀਤ ਸਿੰਘ ਸੋਢੀ, ਮਨੋਰੰਜਨ ਕਾਲੀਆ ਦੇ ਨਾਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਸਾਬਕਾ ਕਾਂਗਰਸੀ ਆਗੂ ਜੈਵੀਰ ਸ਼ੇਰਗਿੱਲ ਨੂੰ ਕੌਮੀ ਬੁਲਾਰਾ ਬਣਾਇਆ ਗਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਅਤੇ ਉੱਤਰ ਪ੍ਰਦੇਸ਼ ਦੇ ਸੁਤੰਤਰਦੇਵ ਸਿੰਘ ਨੂੰ ਕੌਮੀ ਕਾਰਜਕਾਰਨੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।