2022-03-20 18:06:28 ( ਖ਼ਬਰ ਵਾਲੇ ਬਿਊਰੋ )
ਬੇਅਦਬੀ ਤੇ ਗੋਲੀ ਕਾਂਡ ਦੇ ਇਨਸਾਫ ਲਈ ਬਰਗਾੜੀ ਵਿਖੇ ਵੱਖ-ਵੱਖ ਪੰਥਕ ਜਥੇਬੰਦੀਆਂ ਨੇ 90 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ ਤੇ ਅੱਜ NH 54 ਨੂੰ ਸਿੱਖ ਸੰਗਤਾਂ ਵੱਲੋਂ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ ਹੈ। ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਅੱਜ 10 ਦਿਨ ਹੋ ਗਏ ਹਨ ਸਰਕਾਰ ਬਣੇ ਨੂੰ ਪਰ ਸਾਡੀ ਕੋਈ ਸਾਰ ਨਹੀਂ ਲਈ ਗਈ। ਸਾਨੂੰ ਲਗਦਾ ਹੈ ਕਿ ਅੱਜ ਦੀ ਸਰਕਾਰ ਨੇ ਵੀ ਪਹਿਲੀਆਂ ਸਰਕਾਰਾਂ ਵਾਂਗ ਹੀ ਸਿੱਖ ਵਿਰੋਧੀ ਰਵਈਆ ਅਪਣਾ ਲਿਆ ਹੈ। ਸੰਗਤਾਂ ਦਾ ਕਹਿਣਾ ਹੈ ਕਿ 90-95 ਦਿਨ ਹੋ ਗਏ ਗੋਲੀ ਕਾਂਡ ‘ਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਇੱਥੇ ਧਰਨਾ ਲਾਏ ਪਰ ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ ਤੇ ਨਾ ਹੀ ਸਾਡੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਅੱਜ ਸਭ ਕੁਝ ਉਨ੍ਹਾਂ ਦੇ ਹੱਥ ‘ਚ ਹੈ ਫਿਰ ਵੀ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਸਾਨੂੰ ਹੁਣ ਲਗਣ ਲਗ ਪਿਆ ਹੈ ਕਿ ਪੁਰਾਣੀਆਂ ਸਰਕਾਰਾਂ ਵਾਂਗ ਇਹ ਵੀ ਬੇਅਦਬੀ ਤੇ ਗੋਲੀ ਕਾਂਡ ਦਾ ਇਨਸਾਫ਼ ਨਾ ਦੇ ਮੁਲਜ਼ਮਾਂ ਨੂੰ ਬਚਾਉਣਾ ਚਾਹੁੰਦੇ ਹਨ।
ਸਿੱਖ ਸੰਗਤਾਂ ਦਾ ਕਹਿਣਾ ਹੈ ਕਿ 2015 ‘ਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਵਿਖੇ ਹੋਏ ਗੋਲੀ ਕਾਂਡ ਦੇ ਇਨਸਾਫ ਨੂੰ ਤਰਸਦੇ ਅੱਜ 7 ਸਾਲ ਹੋ ਗਏ ਹਨ। ਦੋ ਸਰਕਾਰਾਂ ਆ ਕੇ ਚਲੀਆਂ ਗਈਆਂ ਪਰ ਅਸੀਂ ਉੱਥੇ ਦੇ ਉੱਥੇ ਹੀ ਖੜ੍ਹੇ ਹਾ। ਅੱਜ ਵੀ ਬੇਅਦਬੀਆਂ ਦੀਆਂ ਘਟਨਾਵਾਂ ਉਸੇ ਤਰ੍ਹਾਂ ਹੀ ਵਾਪਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਸਿਸਟਮ ਹਮੇਸ਼ਾ ਹੀ ਸਾਡੇ ਨਾਲ ਧੱਕਾ ਕਰਦਾ ਰਿਹਾ ਹੈ ਤੇ ਜਿਨਾਂ ਚਿਰ ਬੇਅਦਬੀ ਤੇ ਗੋਲੀ ਕਾਂਡ ਦੇ ਦੋਖੀਆਂ ਨੂੰ ਸਜਾ ਨਹੀਂ ਮਿਲਦੀ ਓਨੀ ਦੇਰ ਇਹ ਧਰਨਾ ਇਸੇ ਤਰ੍ਹਾਂ ਹੀ ਚਲਦਾ ਰਹੇਗਾ।