2022-12-04 12:37:57 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ : ਸਰਕਾਰੀ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਰੈਗੂਲਰ ਜ਼ਮਾਨਤ ਦੀ ਮੰਗ ਕੀਤੀ ਹੈ। ਹਾਈ ਕੋਰਟ ਸੋਮਵਾਰ ਨੂੰ ਪਟੀਸ਼ਨ 'ਤੇ ਸੁਣਵਾਈ ਕਰੇਗੀ। ਅਰੋੜਾ ਨੂੰ ਵਿਜੀਲੈਂਸ ਨੇ 15 ਅਕਤੂਬਰ ਨੂੰ 50 ਲੱਖ ਰੁਪਏ ਦਿੰਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੇ ਮੁਹਾਲੀ ਦੀ ਹੇਠਲੀ ਅਦਾਲਤ ਤੋਂ ਬਾਕਾਇਦਾ ਜ਼ਮਾਨਤ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਹੇਠਲੀ ਅਦਾਲਤ ਨੇ ਰੱਦ ਕਰ ਦਿੱਤਾ ਸੀ। ਹੁਣ ਅਰੋੜਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਰੈਗੂਲਰ ਜ਼ਮਾਨਤ ਦੀ ਮੰਗ ਕੀਤੀ ਹੈ।
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸੁੰਦਰ ਸ਼ਾਮ ਅਰੋੜਾ ਖਿਲਾਫ ਦਾਇਰ ਸ਼ਿਕਾਇਤਾਂ 'ਤੇ ਵਿਜੀਲੈਂਸ ਜਾਂਚ ਕੀਤੀ ਜਾ ਰਹੀ ਸੀ। ਜਦੋਂ ਸੁੰਦਰ ਸ਼ਾਮ ਅਰੋੜਾ ਨੂੰ ਪਤਾ ਲੱਗਾ ਕਿ ਜਾਂਚ ਅਧਿਕਾਰੀ ਉਸ ਦੇ ਸ਼ਹਿਰ ਦਾ ਹੈ ਤਾਂ ਉਸ ਨੇ ਉਸ ਕੋਲ ਪਹੁੰਚ ਕੀਤੀ ਅਤੇ ਬਾਅਦ ਵਿਚ ਉਸ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ।