2022-12-04 17:57:51 ( ਖ਼ਬਰ ਵਾਲੇ ਬਿਊਰੋ )
ਲੁਧਿਆਣਾ, 4 ਦਸੰਬਰ - (ਰਾਜਕੁਮਾਰ/ਕੁਲਬੀਰ ਸਿੰਘ)ਉਦੈਪੁਰ (ਰਾਜਸਥਾਨ) ਵਿਖੇ ਖੇਡੀ ਗਈ 72ਵੀਂ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਨੇ ਮੁੰਡਿਆਂ ਦੇ ਵਰਗ ਵਿੱਚ ਖ਼ਿਤਾਬੀ ਜਿੱਤ ਹਾਸਿਲ ਕੀਤੀ ਹੈ। ਪੰਜਾਬ ਦੀ ਟੀਮ ਨੇ ਫਾਈਨਲ ਵਿੱਚ ਤਾਮਿਲਨਾਡੂ ਦੀ ਮਜ਼ਬੂਤ ਟੀਮ ਨੂੰ 90-80 ਅੰਕਾਂ ਦੇ ਫਰਕ ਨਾਲ ਹਰਾਇਆ। ਇਹ ਚੈਂਪੀਅਨਸ਼ਿਪ 27 ਨਵੰਬਰ ਤੋਂ 4 ਦਸੰਬਰ ਤੱਕ ਖੇਡੀ ਗਈ ਜਿਸ ਵਿੱਚ ਦੇਸ਼ ਦੇ ਹਰੇਕ ਸੂਬੇ ਦੀ ਟੀਮ ਨੇ ਭਾਗ ਲਿਆ ਸੀ।
ਸ੍ਰ ਤੇਜਾ ਸਿੰਘ ਧਾਲੀਵਾਲ, ਜਨਰਲ ਸਕੱਤਰ, ਪੰਜਾਬ ਬਾਸਕਟਬਾਲ ਐਸੋਸੀਏਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਟੀਮ ਵੱਲੋਂ ਖੇਡਣ ਵਾਲੇ ਲੁਧਿਆਣਾ ਬਾਸਕਟਬਾਲ ਅਕਾਦਮੀ ਦੇ ਖਿਡਾਰੀ ਗੁਰਬਾਜ਼ ਸਿੰਘ ਸੰਧੂ ਨੂੰ ਚੈਂਪੀਅਨਸ਼ਿਪ ਦਾ ਸਰਬੋਤਮ ਖਿਡਾਰੀ (ਬੈਸਟ ਪਲੇਅਰ) ਚੁਣਿਆ ਗਿਆ। ਉਹਨਾਂ ਕਿਹਾ ਕਿ ਇਹ ਲੁਧਿਆਣਾ ਬਾਸਕਟਬਾਲ ਅਕਾਦਮੀ ਦੀ ਵੱਡੀ ਪ੍ਰਾਪਤੀ ਹੈ। ਉਹਨਾਂ ਕਿਹਾ ਕਿ ਇਸ ਟੀਮ ਦਾ ਜਲਦ ਹੀ ਸ਼ਾਨਦਾਰ ਸਮਾਗਮ ਕਰਕੇ ਸਨਮਾਨ ਕੀਤਾ ਜਾਵੇਗਾ।
ਇਸ ਮਾਣਮੱਤੀ ਪ੍ਰਾਪਤੀ ਉੱਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਰਾਜਦੀਪ ਸਿੰਘ ਗਿੱਲ ਸਾਬਕਾ ਡੀ ਜੀ ਪੀ, ਅਰਜਨ ਐਵਾਰਡੀ ਸ੍ਰ ਪਰਮਿੰਦਰ ਸਿੰਘ ਭੰਡਾਲ, ਅਰਜਨ ਐਵਾਰਡੀ ਸ੍ਰ ਸੱਜਣ ਸਿੰਘ ਚੀਮਾ, ਸ੍ਰ ਯੁਰਿੰਦਰ ਸਿੰਘ ਹੇਅਰ, ਸ੍ਰ ਮੁਖਵਿੰਦਰ ਸਿੰਘ ਭੁੱਲਰ ਸੀਨੀਅਰ ਪੁਲਿਸ ਅਧਿਕਾਰੀ, ਮਿਸ ਸੁਮਨ ਸ਼ਰਮਾ ਅਰਜਨ ਐਵਾਰਡੀ, ਲੀਲਮਾ, ਕੋਚ ਰਾਜਿੰਦਰ ਸਿੰਘ, ਕੋਚ ਰਵਿੰਦਰ ਸਿੰਘ, ਕੋਚ ਸਲੋਨੀ, ਕੋਚ ਅਮਰਜੋਤ, ਮੈਨੇਜਰ ਅਮਰਜੀਤ ਸਿੰਘ ਸੰਧੂ, ਵਿਦਿਆ ਨੇ ਵੀ ਸਮੁੱਚੀ ਟੀਮ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।