2022-12-02 16:53:29 ( ਖ਼ਬਰ ਵਾਲੇ ਬਿਊਰੋ )
ਬਰਨਾਲਾ, 02 ਦਸੰਬਰ (ਨਿਰਮਲ ਸਿੰਘ ਪੰਡੋਰੀ ) : ਬਰਨਾਲਾ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਬੰਦ ਬਾਡੀ ਕੰਟੇਨਰ ਵਿੱਚੋਂ 18 ਕੁਇੰਟਲ ਭੁੱਕੀ ਬਰਾਮਦ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੱਖੋ ਕੈਚੀਆਂ ਨਜ਼ਦੀਕ ਪੁਲਿਸ ਨਾਕੇ ’ਤੇ ਚੌਕੀ ਇੰਚਾਰਜ ਹੰਡਿਆਇਆ ਸਰਬਜੀਤ ਸਿੰਘ ਅਤੇ ਸਹਾਇਕ ਥਾਦੇਦਾਰ ਤਰਸੇਮ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੋ ਦੋਸ਼ੀਆਂ ਬੇਅੰਤ ਸਿੰਘ ਵਾਸੀ ਢੁੱਡੀਕੇ ਜ਼ਿਲਾ ਮੋਗਾ ਅਤੇ ਮਨਪੀ੍ਰਤ ਸਿੰਘ ਵਾਸੀ ਜ਼ੀਰਾ ਜ਼ਿਲਾ ਫਿਰੋਜਪੁਰ ਨੂੰ 18 ਕੁਇੰਟਲ ਭੁੱਕੀ, ਜੋ 90 ਬੋਰੀਆਂ ਵਿੱਚ ਪ੍ਰਤੀ ਬੋਰੀ 20 ਕਿੱਲੋ ਬਰਾਮਦ ਕੀਤੀ। ਪੰਜਾਬ ਪੁਲਿਸ ਵੱਲੋਂ ਹੁਣ ਤੱਕ ਫੜੀ ਗਈ ਭੁੱਕੀ ਦੀ ਇਹ ਸਭ ਤੋਂ ਵੱਡੀ ਖੇਪ ਹੈ। ਉਨਾਂ ਦੱਸਿਆ ਕਿ ਦੋਸ਼ੀਆਂ ਨੇ ਬੜੀ ਚਲਾਕੀ ਨਾਲ ਭੁੱਕੀ ਦੀਆਂ ਬੋਰੀਆਂ ਨੂੰ ਛੋਲਿਆਂ ਦੇ ਛਿਲਕੇ ਦੀਆਂ 300 ਬੋਰੀਆਂ ਅਤੇ ਲੂਣ ਦੀਆਂ 75 ਬੋਰੀਆਂ ਦੇ ਵਿਚਕਾਰ ਬੰਦ ਬਾਡੀ ਕੰਟੇਨਰ ਨੰਬਰ ਐਚਆਰ 68 ਬੀ 4885 ਵਿੱਚ ਰੱਖਿਆ ਸੀ । ਦੋਵੇ ਦੋਸ਼ੀਆਂ ਦੇ ਖਿਲਾਫ਼ ਥਾਣਾ ਸਦਰ ਵਿੱਚ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ । ਉਨਾਂ ਦੱਸਿਆ ਕਿ ਦੋਸ਼ੀ ਬੇਅੰਤ ਸਿੰਘ ਦੇ ਖਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਥਾਣਾ ਹੰਬੜਾਂ ਜ਼ਿਲਾ ਲੁਧਿਆਣਾ ਵਿਖੇ ਮੁਕੱਦਮਾ ਦਰਜ ਹੈ ਅਤੇ ਉਹ ਹੁਣ ਜ਼ਮਾਨਤ ’ਤੇ ਬਾਹਰ ਹੈ। ਐਸਐਸਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ੀ ਭੁੱਕੀ ਦੀ ਇੱਕ ਵੱਡੀ ਖੇਪ ਮੱਧ ਪ੍ਰਦੇਸ਼ ’ਚੋਂ ਲੈ ਕੇ ਆਏ ਸਨ ਅਤੇ ਇਸ ਦੀ ਵੰਡ ਸੰਬੰਧੀ ਪੁਲਿਸ ਰਿਮਾਂਡ ਦੌਰਾਨ ਪਤਾ ਲਗਾਇਆ ਜਾਵੇਗਾ। ਪ੍ਰੈਸ ਕਾਨਫਰੰਸ ਦੌਰਾਨ ਐਸਪੀਡੀ ਰਮਨੀਸ ਕੁਮਾਰ, ਡੀਐਸਪੀ ਗੁਰਬਚਨ ਸਿੰਘ, ਡੀਐਸਸੀ ਸਤਵੀਰ ਸਿੰਘ , ਐਸਐਚਓ ਗੁਰਤਾਰ ਸਿੰਘ ਵੀ ਹਾਜ਼ਰ ਸਨ।