2022-11-01 13:16:25 ( ਖ਼ਬਰ ਵਾਲੇ ਬਿਊਰੋ )
ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਨੇ ਕੰਪਨੀ ਨੂੰ ਐਕਵਾਇਰ ਕਰਨ ਤੋਂ ਬਾਅਦ ਹੁਣ ਟਵਿੱਟਰ ਦੇ ਬੋਰਡ ਆਫ ਡਾਇਰੈਕਟਰ ਨੂੰ ਭੰਗ ਕਰ ਦਿੱਤਾ ਹੈ। ਉਨ੍ਹਾਂ ਟਵਿਟਰ ਦੇ ਸਾਰੇ ਡਾਇਰੈਕਟਰਾਂ ਨੂੰ ਹਟਾ ਕੇ ਕੰਪਨੀ ਦੀ ਕਮਾਨ ਸੰਭਾਲ ਲਈ ਹੈ। ਇਸ ਦੇ ਨਾਲ ਹੀ ਮਸਕ ਨੇ ਐਲਾਨ ਕੀਤਾ ਹੈ ਕਿ ਉਹ ਜਲਦ ਹੀ ਟਵਿਟਰ ਦੇ ਸੀਈਓ ਦਾ ਅਹੁਦਾ ਸੰਭਾਲਣਗੇ। ਇਸ ਨਾਲ ਮਸਕ ਆਉਣ ਵਾਲੇ ਸਮੇਂ 'ਚ ਕਈ ਵੱਡੇ ਫੈਸਲੇ ਲੈ ਸਕਦੇ ਹਨ। ਉਹ ਬਲੂ ਟਿੱਕ ਨੂੰ ਪੇਡ ਵੀ ਕਰ ਸਕਦੇ ਹਨ। ਹਾਲਾਂਕਿ ਮਸਕ ਨੇ ਟਵਿੱਟਰ ਯੂਜ਼ਰਜ਼ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਸਿਰਫ ਆਰਜ਼ੀ ਫੈਸਲਾ ਹੈ। ਟਵਿੱਟਰ ਨਵੇਂ ਬਲੂ ਸਬਸਕ੍ਰਿਪਸ਼ਨ ਦਾ ਚਾਰਜ 20 ਡਾਲਰ ਪ੍ਰਤੀ ਮਹੀਨੇ ਕਰਨ ਜਾ ਰਿਹਾ ਹੈ। ਦਿ ਵਰਜ ਦੇ ਮੁਤਾਬਕ, ਐਲਨ ਮਸਕ ਨੇ ਮੁਲਾਜ਼ਮਾਂ ਨੂੰ ਸੱਤ ਨਵੰਬਰ ਤਕ ਇਸ ਨਵੀਂ ਸੇਵਾ ਨੂੰ ਸ਼ੁਰੂੁ ਕਰਨ ਦਾ ਅਲਟੀਮੇਟਮ ਦਿੱਤਾ ਹੈ। ਅਜਿਹਾ ਕਰਨ ’ਚ ਨਾਕਾਮ ਰਹਿਣ ’ਤੇ ਮੁਲਾਜ਼ਮਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਵੇਗਾ। ਪਹਿਲਾਂ ਤੋਂ ਤਸਦੀਕ ਯੂਜ਼ਰਸ ਨੂੰ 90 ਦਿਨਾਂ ਦੇ ਅੰਦਰ ਇਸ ਨਵੇਂ ਸਬਸਕ੍ਰਿਪਸ਼ਨ ਮਾਡਲ ਨੂੰ ਅਪਣਾਉਣਾ ਪਵੇਗਾ। ਟਵਿੱਟਰ ਬਲੂ ਸਬਸਕ੍ਰਿਪਸ਼ਨ ਨੂੰ ਕਰੀਬ ਇਕ ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ। ਇਸ ਨੂੰ ਟਵਿੱਟਰ ਦੀ ਪ੍ਰੀਮੀਅਮ ਸਰਵਿਸ ਕਹਿੰਦੇ ਹਨ। ਇਸ ਸਰਵਿਸ ’ਚ ਯੂਜ਼ਰਸ ਨੂੰ ਕੁਝ ਹੋਰ ਫੀਚਰ ਮਿਲਦੇ ਹਨ, ਜਿਹਡ਼ੇ ਆਮ ਟਵਿੱਟਰ ਯੂਜ਼ਰਸ ਲਈ ਲਾਕ ਰਹਿੰਦੇ ਹਨ। ਇਸ ਵਿਚ ਅਲੱਗ ਤਰ੍ਹਾਂ ਦੇ ਹੋਮ ਕਲਰ ਸਕ੍ਰੀਨ ਆਇਕਨ ਵੀ ਸ਼ਾਮਲ ਹਨ। ਅਸਲ ’ਚ ਟਵਿਟਰ ਬਲੂ ਸਬਸਕ੍ਰਿਪਸ਼ਨ ’ਤੇ ਪੇਡ ਵੈਰੀਫਿਕੇਸ਼ਨ ਦੇ ਜ਼ਰੀਏ ਟਵਿੱਟਰ ਆਪਣੇ ਰੈਵੇਨਿਊ ’ਚ ਇਜ਼ਾਫਾ ਕਰਨਾ ਚਾਹੁੰਦਾ ਹੈ। ਇਸੇ ਕੋਸ਼ਿਸ਼ ਦੇ ਤਹਿਤ ਇਸ਼ਤਿਹਾਰਾਂ ਨੂੰ ਡਿਸਪਲੇ ਕਰਨਾ ਸ਼ੁਰੂ ਕੀਤਾ ਗਿਆ ਹੈ।