21ਵੀਂ ਸਦੀ ਏਸ਼ੀਆ ਦੀ ਹੈ- ਸੁਰੇਸ਼ ਕੁਮਾਰ, ਭਵਿੱਖ ‘ਚ ਵਿਸ਼ਵ ਅਰਥਚਾਰੇ ‘ਤੇ ਹਾਵੀ ਹੋਣਗੇ ਏਸ਼ੀਅਨ ਦੇਸ਼
ਚੰਡੀਗੜ੍ਹ, 30 ਨਵੰਬਰ:
ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ 30 ਨਵੰਬਰ 2020 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ‘ਪ੍ਰੀਮੀਅਰ ਹੋਰਾਸਿਸ ਏਸ਼ੀਆ ਮੀਟਿੰਗ 2020’ ਵਿੱਚ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰਦਿਆਂ ਕਿਹਾ ਕਿ 21 ਵੀਂ ਸਦੀ ਦੌਰਾਨ ਏਸ਼ੀਆ ਦਾ ਬੋਲਬਾਲਾ ਹੈ ਅਤੇ ਅਸੀਂ ਆਰਥਿਕ ਵਿਕਾਸ ਅਤੇ ਜ਼ਿੰਦਗੀ ਦੇ ਕਈ ਹੋਰ ਪਹਿਲੂਆਂ ਵਿੱਚ ਵਿਸ਼ਵ ਦੀ ਅਗਵਾਈ ਕਰ ਸਕਦੇ ਹਾਂ।
ਕਾਬਿਲੇਗੌਰ ਹੈ ਕਿ ਹੋਰਾਸਿਸ ਇੱਕ ਅੰਤਰਰਾਸ਼ਟਰੀ ਸੰਸਥਾ ਹੈ ਜੋ ਸਾਵੇਂ ਤੇ ਵਧੀਆ ਭਵਿੱਖ ਵਾਸਤੇ ਉਦੇਸ਼ਾਂ ਨੂੰ ਅਮਲੀ ਰੂਪ ਦੇਣ ਲਈ ਵਚਨਬੱਧ ਹੈ। ‘ਹੋਰਾਸਿਸ ਏਸ਼ੀਆ ਮੀਟਿੰਗ 2020’ ਏਸ਼ੀਆ ਦੇ ਉੱਘੇ ਕਾਰੋਬਾਰੀਆਂ ਤੇ ਸਰਕਾਰੀ ਖੇਤਰ ਨਾਲ ਸਬੰਧਤ ਅਧਿਕਾਰੀਆਂ ਦਾ ਇਕ ਅਜਿਹਾ ਸਮੂਹ ਹੈ ਜਿਸ ਦਾ ਉਦੇਸ਼ ਮੌਜੂਦਾ ਸੰਕਟ ਨਾਲ ਨਜਿੱਠਣ ਅਤੇ ਏਸ਼ੀਆ ਦੇ ਕੋਵਿਡ ਤੋਂ ਬਾਅਦ ਦੇ ਭਵਿੱਖ ਲਈ ਇਕ ਟਿਕਾਊ ਆਰਥਿਕ ਪ੍ਰਣਾਲੀ ਤਿਆਰ ਕਰਨ ਲਈ ਸਾਂਝੇ ਤੌਰ `ਤੇ ਹੱਲ ਵਿਕਸਿਤ ਕਰਨਾ ਹੈ। ਇਸ ਸਮਾਰੋਹ ਵਿਚ ਏਸ਼ੀਆ ਦੇ ਲਗਭਗ 400 ਚੋਟੀ ਦੇ ਕਾਰੋਬਾਰੀਆਂ ਅਤੇ ਰਾਜਨੀਤਿਕ ਆਗੂਆਂ ਨੇ ਸ਼ਿਕਰਤ ਕੀਤੀ।
‘ਏਸ਼ੀਆ-ਅਨੇਕਤਾ ਵਿਚ ਏਕਤਾ’ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਸੁਰੇਸ਼ ਕੁਮਾਰ ਨੇ ਏਸ਼ੀਆ ਵਿੱਚ ਪ੍ਰਸ਼ਾਸਨ ਅਤੇ ਉਪਜੀਵਕਾ ਦੇ ਵੱਖ-ਵੱਖ ਤਰੀਕਿਆਂ ਬਾਰੇ ਗੱਲ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਏਸ਼ੀਆ ਵਿਸ਼ਵ ਦੇ ਅਰਥਚਾਰੇ ‘ਤੇ ਹਾਵੀ ਹੋਵੇਗਾ।
ਕੋਵਿਡ-19 ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਮਹਾਂਮਾਰੀ ਨੇ ਸਾਡੀ ਆਰਥਿਕਤਾ ਦੇ ਸਾਰੇ ਖੇਤਰਾਂ ਅਤੇ ਸਾਡੇ ਜੀਵਨ ਦੇ ਸਾਰੇ ਪਹਿਲੂਆਂ ਨੂੰ ਪ੍ਰਭਾਵਤ ਕੀਤਾ ਹੈ ਅਤੇ ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਏਸ਼ੀਆ ਮਹਾਂਮਾਰੀ ਨੂੰ ਠੱਲ੍ਹਣ ਤੇ ਇਸ ਦੇ ਟਾਕਰੇ ਵਿਚ ਕਾਮਯਾਬ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਦੇ ਜੀਵਨ ਅਤੇ ਗਰੀਬਾਂ ਦੀ ਰੋਜ਼ੀ-ਰੋਟੀ ਦੀ ਰੱਖਿਆ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਇਹ ਵੀ ਵਿਚਾਰਿਆ ਜਾਵੇ ਕਿ ਏਸ਼ੀਆ ਦੇ ਵਿਭਿੰਨ ਦੇਸ਼ ਮਨੁੱਖੀ ਸ਼ਕਤੀ, ਤਕਨਾਲੋਜੀ ਅਤੇ ਮਾਰਕਿਟ ਵਿੱਚ ਸਹਿਯੋਗ ਕਿਵੇਂ ਸਥਾਪਤ ਕਰਨ ਤਾਂ ਜੋ ਕੋਵਿਡ-19 ਤੋਂ ਬਾਅਦ ਸਮੁੱਚੀ ਮਾਨਵਤਾ ਨੂੰ ਮੁੜ ਲੀਹਾਂ ‘ਤੇ ਲਿਆਉਣ ਨੂੰ ਯਕੀਨੀ ਬਣਾਇਆ ਜਾ ਸਕੇ।
ਪੈਨਲਿਸਟਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਸੁਰੇਸ਼ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਏਸ਼ੀਆ ਦੇ ਵਿਭਿੰਨ ਦੇਸ਼ਾਂ ਵਿਚਾਲੇ ਗੱਲਬਾਤ, ਸਹਿਯੋਗ ਅਤੇ ਭਾਈਵਾਲ ਕਾਰਵਾਈ ਹੀ ਇਸ ਖੇਤਰ ਵਿਚ ਟਿਕਾਊ ਸਮਾਜਿਕ-ਆਰਥਿਕ ਵਿਕਾਸ ਦਾ ਧੁਰਾ ਹੈ।
ਉਨ੍ਹਾਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਸੂਬੇ ਦੀਆਂ ਅਨੇਕਾਂ ਵਿਸ਼ੇਸ਼ਤਾਵਾਂ ਜਿਵੇਂ ਕਿ ਸ਼ਾਂਤਮਈ ਲੇਬਰ ਸੰਬੰਧ, ਮਜ਼ਬੂਤ ਕਾਨੂੰਨ ਵਿਵਸਥਾ, ਵੰਨ-ਸੁਵੰਨਤਾ, ਖੁੱਲ੍ਹੀ ਤੇ ਪਾਰਦਰਸ਼ੀ ਪ੍ਰਣਾਲੀ ਅਤੇ ਮਿਹਨਤਕਸ਼ ਪੰਜਾਬੀ ਕਿਰਤੀਆਂ ਨੇ ਵਿਭਿੰਨ ਅਰਥਚਾਰਿਆਂ ਅਤੇ ਸਭਿਆਚਾਰਾਂ ਵਾਲੇ ਉਦਯੋਗਾਂ ਨੂੰ ਪੰਜਾਬ ਵਿਚ ਪਹਿਲ ਦੇ ਆਧਾਰ ‘ਤੇ ਆਪਣੇ ਉਦਯੋਗ ਸਥਾਪਤ ਕਰਨ ਲਈ ਇਕ ਪਸੰਦੀਦਾ ਥਾਂ ਵਜੋਂ ਉਭਾਰਨ ਵਿੱਚ ਸਹਾਇਤਾ ਕੀਤੀ ਹੈ। ਉਨ੍ਹਾਂ ਨੇ ਪੰਜਾਬ ਵਿਚ ਵਪਾਰ ਦੇ ਅਧਿਕਾਰ ਸਬੰਧੀ ਕਾਨੂੰਨ ਬਾਰੇ ਵੀ ਚਾਨਣਾ ਪਾਇਆ ਜੋ ਕਿ ਹਾਲ ਹੀ ਵਿਚ ਰਾਜ ਸਰਕਾਰ ਵਲੋਂ ਸੂਬੇ ਵਿਚ ਬਹੁਤ ਛੋਟੀਆਂ, ਛੋਟੀਆਂ ਅਤੇ ਦਰਮਿਆਨੇ ਪੱਧਰ ਦੀਆਂ ਉਦਯੋਗਿਕ ਇਕਾਈਆਂ ਨੂੰ ਉਤਸ਼ਾਹਤ ਕਰਨ ਲਈ ਲਿਆਂਦਾ ਗਿਆ ਹੈ।
ਸੈਸ਼ਨ ਸੰਚਾਲਕ ਵੈਂਕੀ ਵੇਂਬੂ ਵਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਸੁਰੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਅਤੇ ਭਾਰਤ, ਸਭਿਆਚਾਰਕ ਅਤੇ ਧਾਰਮਿਕ ਵਿਭਿੰਨਤਾ ਰਾਹੀਂ ਬਣੀ ਬਹੁ-ਸਭਿਆਚਾਰਕਤਾ ਵਿੱਚ ਵਿਸ਼ਵਾਸ਼ ਰੱਖਦੇ ਹਨ ਜਿਥੇ ਸਥਾਨਕਤਾ ਅਤੇ ਉਸ ਇਲਾਕੇ ਦੀਆਂ ਖ਼ਾਹਿਸ਼ਾਂ ਨੂੰ ਵੀ ਪਹਿਲ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਡਬਲਯੂਟੀਓ ਵਲੋਂ ਸੁਝਾਏ ਅਨੁਸਾਰ ਵਪਾਰ ਅਤੇ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਏਕੀਕ੍ਰਿਤ ਮਾਡਲ ਲਿਆਂਦਾ ਜਾ ਸਕਦਾ ਹੈ ਪਰ ਵੱਖ-ਵੱਖ ਦੇਸ਼ਾਂ ਵਿਚ ਸਥਾਨਕ ਪੱਧਰ `ਤੇ ਸਭਿਆਚਾਰਕ ਅਤੇ ਆਰਥਿਕ ਮਾਡਲਾਂ ਵਿਚ ਵਿਭਿੰਨਤਾ ਹੋਣੀ ਵੀ ਜ਼ਰੂਰੀ ਹੈ।
ਉਨ੍ਹਾਂ ਏਸ਼ੀਆ ਦੇ ਕਾਰੋਬਾਰੀਆਂ ਨੂੰ ਪੰਜਾਬ ਦਾ ਦੌਰਾ ਕਰਨ ਅਤੇ ਸੂਬੇ ਵਿਚ ਉਦਯੋਗ ਸਥਾਪਿਤ ਕਰਨ ਦੇ ਮਕਸਦ ਨਾਲ ਪੜਚੋਲ ਕਰਨ ਦਾ ਸੱਦਾ ਦਿੱਤਾ।
ਪੈਨਲ ਦੇ ਇਕ ਹੋਰ ਮੈਂਬਰ ਵਿਅਤਨਾਮ ਦੇ ਵਿਦੇਸ਼ ਮਾਮਲਿਆਂ ਦੇ ਉਪ-ਮੰਤਰੀ ਗੁਈਨ ਮਿਨ ਵੂ ਨੇ ਜ਼ੋਰ ਦੇ ਕੇ ਕਿਹਾ ਕਿ ਏਸ਼ੀਆ ਉੱਤੇ ਕੋਵਿਡ-19 ਦੇ ਪ੍ਰਭਾਵ ਨੂੰ ਰਲ-ਮਿਲ ਕੇ ਘੱਟ ਕੀਤਾ ਜਾ ਸਕਦਾ ਹੈ।
ਮੀਟਿੰਗ ਦੌਰਾਨ ਸੂਬਾ ਸਰਕਾਰ ਦੇ ਹੋਰ ਅਧਿਕਾਰੀਆਂ ਵਿੱਚ ਨਿਵੇਸ਼ ਪੰਜਾਬ ਦੇ ਸੀਈਓ ਰਜਤ ਅਗਰਵਾਲ, ਜਤਿੰਦਰ ਜੋਰਵਾਲ ਏਸੀਈਓ ਨਿਵੇਸ਼ ਪੰਜਾਬ ਅਤੇ ਅਵਨੀਤ ਕੌਰ ਜੇਸੀਈਓ ਸ਼ਾਮਲ ਸਨ।
ਇਸ ਸੈਸ਼ਨ ਵਿਚ ਫਿਲਪੀਨਜ਼ ਦੀ ਪਾਠਕ੍ਰਮ ਅਤੇ ਨਿਰਦੇਸ਼ ਦੀ ਸਹਾਇਕ ਸੱਕਤਰ ਅਲਮਾ ਰੂਬੀ ਸੀ. ਟੋਰੀਓ, ਥਾਈਲੈਂਡ ਦੇ ਵਣਜ ਮੰਤਰਾਲੇ ਦੇ ਉਪ ਮੰਤਰੀ ਡਾ. ਸਨਸੇਰਨ ਸਮਾਲੱਪਾ ਵੀ ਸ਼ਾਮਲ ਸਨ। ਇਸ ਸੈਸ਼ਨ ਦੀ ਪ੍ਰਧਾਨਗੀ ਦਿ ਹਿੰਦੂ ਬਿਜ਼ਨਸ ਲਾਈਨ, ਇੰਡੀਆ ਦੇ ਐਸੋਸੀਏਟ ਐਡੀਟਰ ਵੈਂਕੀ ਵੇਂਬੂ ਵਲੋਂ ਕੀਤੀ ਗਈ।