ਤਾਜਾ ਖਬਰਾਂ
ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੀ ਲਿਆ ਆਨ ਲਾਈਨ ਹਿੱਸਾ
ਪਟਿਆਲਾ 30 ਨਵੰਬਰ:
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਵੈਬੀਨਾਰ ਕਰਵਾਇਆ ਗਿਆ। ਇਸ ਮੌਕੇ ਵੈਬੀਨਾਰ 'ਚ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਜਿੱਥੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਅੱਗੇ ਪਹੁੰਚਾਏਗੀ, ਉਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥੀਂ ਕਿਰਤ ਕਰਨ ਦੇ ਸੰਦੇਸ਼ 'ਤੇ ਪਹਿਰਾ ਦਿੰਦਿਆ ਨੌਜਵਾਨ ਪੀੜੀ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਕਿੱਤਾ ਮੁਖੀ ਕੋਰਸਾਂ ਰਾਹੀਂ ਨੌਜਵਾਨਾਂ ਨੂੰ ਸਮੇਂ ਦੇ ਹਾਣੀ ਬਣਾਏਗੀ।
ਇਸ ਵੈਬੀਨਾਰ 'ਚ ਸ਼ਾਮਲ ਦੇਸ਼ ਦੇ ਉੱਚ ਕੋਟੀ ਦੇ ਵਿਦਿਅਕ ਮਾਹਰ, ਪ੍ਰਸ਼ਾਸਨਕ ਤਜਰਬੇਕਾਰਾਂ, ਸਾਹਿਤ ਕਾਰਾਂ, ਵਿਗਿਆਨੀਆਂ ਨੂੰ ਜੀ ਆਇਆਂ ਆਖਦਿਆਂ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਸ ਯੂਨੀਵਰਸਿਟੀ ਦੀ ਸਥਾਪਨਾ ਅੱਜ ਦੇ ਸਮੇਂ ਦੀ ਵੱਡੀ ਲੋੜ ਸੀ। ਪੰਜਾਬ ਸਰਕਾਰ ਵੱਲੋਂ ਉਸ ਰਹਿਬਰ ਦੇ ਨਾਮ 'ਤੇ ਇਸ ਸੰਸਥਾ ਦੀ ਸਥਾਪਨਾ ਕਰਨਾ ਇੱਕ ਦੂਰ ਅੰਦੇਸ਼ੀ ਵਾਲਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਦਮ ਸੱਚਮੁੱਚ ਵਿਲੱਖਣ ਅਤੇ ਵਡਮੁੱਲਾ ਹੈ ਕਿਉਂਕਿ ਇਸ ਪਿਛੇ ਇਹੀ ਸੋਚ ਹੈ ਕਿ ਬਾਬਾ ਨਾਨਕ ਜੀ ਦੀਆਂ ਸਿਖਿਆਵਾਂ ਨੂੰ ਵਿਸ਼ਵ ਪੱਧਰ 'ਤੇ ਪਸਾਰਿਆ ਜਾਵੇ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਨਾਲ ਜੋੜਕੇ ਵੱਖ-ਵੱਖ ਖੇਤਰਾਂ 'ਚ ਵਿਦਿਅਕ ਖੋਜ ਕਾਰਜ ਕੀਤੇ ਜਾਣ। ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਹੱਥੀਂ ਕਿਰਤ ਕਰਨਾ, ਇਮਾਨਦਾਰੀ, ਮਿਠਾਸ ਅਤੇ ਨਿਮਰਤਾ ਵਾਲਾ ਸਾਦਾ ਜੀਵਨ ਬਤੀਤ ਕਰਨਾ, ਕੁਦਰਤ ਨਾਲ ਇੱਕ ਮਿੱਕ ਹੋਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਮਨੁੱਖ ਨੂੰ ਪ੍ਰੇਰਿਆ ਹੈ ।
ਅੰਤਰ ਰਾਸ਼ਟਰੀ ਵੈਬੀਨਾਰ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਆਪਸੀ ਵਿਚਾਰ ਵਿਟਾਂਦਰੇ ਨਾਲ ਵਿਦਿਅਕ ਪ੍ਰੋਗਰਾਮ ਚਲਾਉਣੇ ਚਾਹੀਦੇ ਹਨ ਤਾਂ ਕਿ ਰਾਜ ਅਤੇ ਦੇਸ਼ ਦੇ ਨੌਜਵਾਨ ਨਵੇਂ ਅਤੇ ਲੋੜੀਂਦੇ ਵਿਸ਼ਿਆਂ ਬਾਰੇ ਜਾਣ ਸਕਣ। ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਗੁਰੂ ਨਾਨਕ ਬਾਣੀ ਆਪਣੇ ਆਪ ਵਿੱਚ ਇੱਕ ਯੂਨੀਵਰਸਿਟੀ ਹੈ ਜਿਸ ਵਿਚੋਂ ਗਿਆਨ ਦੀਆਂ ਅਥਾਹ ਨਦੀਆਂ ਬਹਿੰਦੀਆਂ ਹਨ।
ਇੰਗਲੈਂਡ ਤੋਂ ਡਾ. ਤਾਰਾ ਸਿੰਘ ਅਲਮ ਨੇ ਆਪਣੀ ਕਵਿਤਾ ਰਾਹੀਂ ਕਿਹਾ ਕਿ ' ਵਿਰਾਸਤ ਦੀ ਦਸਤਾਰ ਬਣੇਗੀ, ਚਾਨਣ ਦਾ ਮੀਨਾਰ ਬਣੇਗੀ, ਗੁਰੂ ਨਾਨਕ ਓਪਨ ਯੂਨੀਵਰਸਿਟੀ'।
ਯੂਨੀਵਰਸਿਟੀ ਗਰਾਂਟ ਕਮਿਸ਼ਨ ਦੇ ਸਕੱਤਰ ਪ੍ਰੋ. ਰਜਨੀਸ਼ ਜੈਨ ਨੇ ਕਿਹਾ ਕਿ ਇਹ ਗੌਰਵ ਮਈ ਪਲ ਹਨ ਕਿ ਮਨੁੱਖਤਾ ਦੇ ਰਹਿਬਰ, ਜਗਤ ਦੇ ਬਾਲੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਪੰਜਾਬ ਸਰਕਾਰ ਵੱਲੋਂ ਬਣਾਈ ਇਸ ਯੂਨੀਵਰਸਿਟੀ ਦਾ ਪਹਿਲਾ ਸਮਾਗਮ ਹੋ ਰਿਹਾ ਹੈ ।
ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਨਗੇਸ਼ਵਰ ਰਾਓ ਨੇ ਕੁੰਜੀਵਤ ਭਾਸ਼ਣ ਵਿੱਚ ਪੰਜਾਬ ਸਰਕਾਰ ਦੇ ਇਸ ਉਦਮ ਲਈ ਸ਼ਲਾਘਾ ਕੀਤੀ। ਇਸ ਵੈਬੀਨਾਰ ਵਿੱਚ ਭਾਰਤ ਸਰਕਾਰ ਦੇ ਸਿਖਿਆ ਵਿਭਾਗ ਤੋਂ ਡਾਇਰੈਕਟਰ ਜਰਨਲ ਸ਼੍ਰੀ ਮਦਨ ਮੋਹਨ, ਪੰਜਾਬ ਦੇ ਉਚੇਰੀ ਸਿਖਿਆ ਸਕੱਤਰ ਰਾਹੁਲ ਭੰਡਾਰੀ, ਸ. ਸੁਰਿੰਦਰ ਪਾਲ ਸਿੰਘ ਉਬਰਾਏ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ ਬਲਕਾਰ ਸਿੰਘ, ਡਾ. ਅਮਰਜੀਤ ਗਰੇਵਾਲ, ਉਡੀਸ਼ਾ ਸਟੇਟ ਓਪਨ ਯੂਨੀਵਰਸਿਟੀ ਸੰਭਲਪੁਰ ਦੇ ਵਾਈਸ ਚਾਂਸਲਰ ਡਾ. ਸ਼੍ਰੀਕਾਂਤ ਮੋਹਾਪਾਤਰਾ, ਮਹਾਂਰਾਸ਼ਟਰਾ ਓਪਨ ਯੂਨੀਵਰਸਿਟੀ ਨਾਸ਼ਕ ਦੇ ਵਾਈਸ ਚਾਂਸਲਰ ਪ੍ਰੋ. ਈ. ਵਾਯੂਨੰਦਨ, ਡਾ ਬਾਬਾ ਸਾਹੇਬ ਅੰਬੇਦਕਰ ਓਪਨ ਯੂਨੀਵਰਸਿਟੀ ਅਹਿਮਦਾਬਾਦ ਦੇ ਵਾਈਸ ਚਾਂਸਲਰ ਪ੍ਰੋ. ਐਮੀ ਉਮਾਂ ਕਾਂਤ ਉਪਾਧਿਆੲੈੈ, ਨੇਤਾ ਜੀ ਸੁਭਾਸ਼ ਓਪਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਸੁਭਾਸੰਕਰ ਸਰਕਾਰ, ਅਮਰੀਕਾ ਤੋਂ ਅੰਤਰਾਸ਼ਟਰੀ ਵਿਗਿਆਨੀ ਡਾ. ਅਮਰਜੀਤ ਬਸਰਾ, ਸਿਡਨੀ ਦੇ ਪਹਿਲੇ ਸਿੱਖ ਕੌਂਸਲਰ ਮੋਨਿੰਦਰ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਡਾ. ਨਿਰਮਲ ਜੌੜਾ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗੁਰਦਰਸ਼ਨ ਸਿੰਘ ਬਰਾੜ ਨੇ ਸਭ ਦਾ ਧੰਨਵਾਦ ਕੀਤਾ।
Get all latest content delivered to your email a few times a month.