IMG-LOGO
ਹੋਮ ਪੰਜਾਬ: ਥਾਣਾ ਜੋਧਾਂ ਪੁਲਿਸ ਵੱਲੋਂ ਅੰਮ੍ਰਿਤਧਾਰੀ ਕਿਸਾਨ ਨੂੰ ਪੁੱਤਰਾਂ ਸਾਹਮਣੇ ਅਲਫ਼...

ਥਾਣਾ ਜੋਧਾਂ ਪੁਲਿਸ ਵੱਲੋਂ ਅੰਮ੍ਰਿਤਧਾਰੀ ਕਿਸਾਨ ਨੂੰ ਪੁੱਤਰਾਂ ਸਾਹਮਣੇ ਅਲਫ਼ ਨੰਗਾ ਕਰ ਕੇ ਅਣਮਨੁੱਖੀ ਤਸ਼ੱਦਦ ਦਾ ਦੋਸ਼

Admin User - Oct 31, 2020 09:12 PM
IMG

ਥਾਣਾ ਮੁਖੀ ਅਨੁਸਾਰ ਦੋਸ਼ ਮਨਘੜਤ, ਐੱਸ.ਐੱਸ.ਪੀ ਚਰਨਜੀਤ ਸਿੰਘ ਸੋਹਲ ਵੱਲੋਂ ਜਾਂਚ ਦੇ ਆਦੇਸ਼

ਗੁਰੂਸਰ ਸੁਧਾਰ / ਸੰਤੋਖ ਗਿੱਲ

ਸੱਤਾਧਾਰੀ ਧਿਰ ਦੇ ਸਮਰਥਕਾਂ ਵੱਲੋਂ ਅੰਮ੍ਰਿਤਧਾਰੀ ਦੰਗਾ ਪੀੜਤ ਬਜ਼ੁਰਗ ਜੋੜੇ ਦੇ ਕਕਾਰਾਂ ਦੀ ਬੇਹੁਰਮਤੀ ਅਤੇ ਕੁੱਟਮਾਰ ਦੇ ਮਾਮਲੇ ਵਿਚ ਦਾਖਾ ਪੁਲਿਸ ਵਿਰੁੱਧ ਪੱਖਪਾਤ ਦੇ ਲੱਗ ਰਹੇ ਦੋਸ਼ਾਂ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਪਿਆ ਕਿ ਜੋਧਾਂ ਥਾਣੇ ਦੇ ਪੁਲਿਸ ਮੁਖੀ ਬਿਕਰਮਜੀਤ ਸਿੰਘ ਘੁੰਮਣ ਵੱਲੋਂ ਅੰਮ੍ਰਿਤਧਾਰੀ ਕਿਸਾਨ ਅਵਤਾਰ ਸਿੰਘ ਨੂੰ ਉਸ ਦੇ ਪੁੱਤਰਾਂ ਸਾਹਮਣੇ ਅਲਫ਼ ਨੰਗਾ ਕਰ ਕੇ ਕੁੱਟਮਾਰ, ਗਾਲ਼ੀ-ਗਲੋਚ ਅਤੇ ਜ਼ਲੀਲ ਕਰਨ ਦਾ ਮਾਮਲਾ ਸਾਹਮਣੇ ਆਉਣ ਕਾਰਨ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਹੈ।  ਸੀਟੂ ਦੇ ਆਗੂ ਅਤੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਕਿਹਾ ਕਿ ਪੁਲਿਸ ਦੇ ਇਸ ਅਣਮਨੁੱਖੀ ਕਾਰੇ ਵਿਰੁੱਧ 3 ਨਵੰਬਰ ਨੂੰ ਜਨਤਕ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਦੀ ਇਕ ਮੀਟਿੰਗ ਬੁਲਾਈ ਗਈ ਹੈ, ਇਸ ਸਬੰਧੀ ਥਾਣਾ ਮੁਖੀ ਵਿਰੁੱਧ ਮੁਕੱਦਮਾ ਦਰਜ ਕਰਾਉਣ ਲਈ ਤਿੱਖਾ ਸੰਘਰਸ਼ ਵਿੱਢਿਆਂ ਜਾਵੇਗਾ।

ਸਾਬਕਾ ਵਿਧਾਇਕ ਅਤੇ ਸੀਟੂ ਦੀ ਕੇਂਦਰੀ ਕੌਂਸਲ ਦੇ ਮੈਂਬਰ ਕਾਮਰੇਡ ਤਰਸੇਮ ਜੋਧਾਂ ਅਤੇ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਪ੍ਰਕਾਸ਼ ਸਿੰਘ ਹਿੱਸੋਵਾਲ ਦੀ ਮੌਜੂਦਗੀ ਵਿਚ ਪੀੜਤ ਕਿਸਾਨ ਅਵਤਾਰ ਸਿੰਘ ਅਤੇ ਉਸ ਦੇ ਦੋਵੇਂ ਪੁੱਤਰਾਂ ਗੁਰਪ੍ਰੀਤ ਸਿੰਘ ਅਤੇ ਗੋਪਾਲ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਵਿਰੁੱਧ ਜ਼ਮਾਨਤਯੋਗ ਧਾਰਾਵਾਂ ਅਧੀਨ ਦਰਜ ਕੀਤੇ ਮੁਕੱਦਮੇ ਵਿਚ ਜ਼ਿਲ੍ਹਾ ਅਦਾਲਤੀ ਵੱਲੋਂ ਜਾਰੀ ਹੁਕਮਾਂ ਦੇ ਬਾਵਜੂਦ ਥਾਣੇ ਵਿਚ ਰਾਤ ਭਰ ਬੰਦ ਰੱਖਣ ਲਈ ਜ਼ਾਬਤਾ ਫ਼ੌਜਦਾਰੀ ਵਿਚ ਪੇਸ਼ ਬੰਦੀ ਦਾ ਇੱਕ ਹੋਰ ਕੇਸ ਦਰਜ ਕਰ ਦਿੱਤਾ ਗਿਆ। ਪੀੜਤ ਕਿਸਾਨ ਨੇ ਦੱਸਿਆ ਕਿ ਪੰਚਾਇਤ ਵੱਲੋਂ ਉਨ੍ਹਾਂ ਵਿਰੁੱਧ ਪਿੰਡ ਦੀ ਸ਼ਾਮਲਾਟ ਉੱਪਰ ਕਬਜ਼ਾ ਕਰਨ ਦੀ ਸ਼ਿਕਾਇਤ 15 ਸਤੰਬਰ ਨੂੰ ਦਿੱਤੀ ਗਈ ਸੀ, ਪਰ ਇਸ ਬਾਰੇ ਮੁਕੱਦਮਾ 18 ਸਤੰਬਰ ਨੂੰ ਦਰਜ ਕੀਤਾ ਗਿਆ ਸੀ। ਪਰ ਮੁਕੱਦਮਾ ਦਰਜ ਹੋਣ ਤੋਂ ਪਹਿਲਾਂ ਹੀ 17 ਸਤੰਬਰ ਨੂੰ ਕਿਸਾਨ ਅਵਤਾਰ ਸਿੰਘ ਨੂੰ ਦੋ ਥਾਣੇਦਾਰ ਥਾਣੇ ਵਿਚ ਲੈ ਕੇ ਆਏ ਸਨ, ਜਿੱਥੇ ਥਾਣਾ ਮੁਖੀ ਬਿਕਰਮਜੀਤ ਸਿੰਘ ਘੁੰਮਣ ਨੇ ਕੁੱਟਮਾਰ, ਗਾਲ਼ੀ-ਗਲੋਚ ਤੋਂ ਇਲਾਵਾ ਉਸ ਦੇ ਪੁੱਤਰਾਂ ਸਾਹਮਣੇ ਅਲਫ਼ ਨੰਗਾ ਕਰ ਕੇ ਜ਼ਲੀਲ ਕੀਤਾ ਅਤੇ ਰਾਤ ਨੂੰ ਹੱਥਕੜੀ ਲਾ ਕੇ ਇੱਕ ਮੰਜੇ ਨਾਲ ਬੰਨ੍ਹ ਕੇ ਰਾਤ ਭਰ ਥਾਣੇ ਬੰਦ ਰੱਖਿਆ ਸੀ। ਪੀੜਤ ਕਿਸਾਨ ਪਰਿਵਾਰ ਨੇ ਉਨ੍ਹਾਂ ਕੋਲੋਂ ਡੇਢ ਲੱਖ ਰੁਪਏ ਰਿਸ਼ਵਤ ਲੈਣ ਸਬੰਧੀ ਇਕ ਹਲਫ਼ੀਆ ਬਿਆਨ ਵੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਪੇਸ਼ ਕੀਤਾ ਸੀ। ਇਸ ਸਬੰਧੀ ਪਿੰਡ ਜੋਧਾਂ ਦੇ ਸਰਪੰਚ ਅਮਰਜੀਤ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਅਵਤਾਰ ਸਿੰਘ ਦੇ ਪਰਿਵਾਰ ਨਾਲ ਉਨ੍ਹਾਂ ਦੀ ਕਰੀਬੀ ਰਿਸ਼ਤੇਦਾਰੀ ਹੈ ਪਰ ਉਨ੍ਹਾਂ ਵੱਲੋਂ ਸ਼ਾਮਲਾਤ ਜ਼ਮੀਨ ਉੱਪਰ ਨਜਾਇਜ਼ ਕਬਜ਼ਾ ਅਤੇ ਪੰਚਾਇਤ ਨੂੰ ਗਾਲ਼ੀ-ਗਲੋਚ ਕਰਨ ਬਾਰੇ ਪੁਲਿਸ ਅਤੇ ਮਾਲ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ, ਥਾਣੇ ਵਿਚ ਉਨ੍ਹਾਂ ਨਾਲ ਜ਼ਿਆਦਤੀ ਹੋਣ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਇਸ ਸਬੰਧੀ ਮਜ਼ਦੂਰ ਆਗੂ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਉੱਪਰ ਕਬਜ਼ੇ ਬਾਰੇ ਕਾਨੂੰਨ ਆਪਣਾ ਕੰਮ ਕਰੇਗਾ, ਪਰ ਪੁਲਿਸ ਵੱਲੋਂ ਕੀਤੇ ਅਣਮਨੁੱਖੀ ਕਾਰਿਆਂ ਨੇ ਪੰਜਾਬ ਵਿਚ ਕਾਲੇ ਦੌਰ ਨੂੰ ਵੀ ਮਾਤ ਪਾ ਦਿੱਤਾ ਹੈ। ਥਾਣਾ ਮੁਖੀ ਬਿਕਰਮਜੀਤ ਸਿੰਘ ਘੁੰਮਣ ਨੇ ਅਵਤਾਰ ਸਿੰਘ ਵੱਲੋਂ ਲਾਏ ਦੋਸ਼ਾਂ ਨੂੰ ਮਨਘੜਤ ਦੱਸਿਆ ਹੈ। ਇਸ ਸਬੰਧੀ ਸ਼ਿਕਾਇਤ ਮਿਲਣ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸੋਹਲ ਵੱਲੋਂ ਇਸ ਮਾਮਲੇ ਦੀ ਜਾਂਚ ਉਪ ਪੁਲਿਸ ਕਪਤਾਨ ਦਾਖਾ ਗੁਰਬੰਸ ਸਿੰਘ ਬੈਂਸ ਸੌਂਪੀ ਗਈ ਹੈ ਅਤੇ ਉਨ੍ਹਾਂ ਇਨਸਾਫ਼ ਦਾ ਭਰੋਸਾ ਵੀ ਦਿੱਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.