ਤਾਜਾ ਖਬਰਾਂ
ਭਿੱਖੀਵਿੰਡ/ਖਾਲੜਾ (ਰਿੰਪਲ ਗੋਲਣ/ਲਖਵਿੰਦਰ ਸਿੰਘ ਗੋਲਣ) ਤਹਿਸੀਲਦਾਰ ਭਿੱਖੀਵਿੰਡ ਸਰਬਜੀਤ ਸਿੰਘ ਥਿੰਦ ਵੱਲੋਂ ਅੱਜ ਸੇਵਾ ਕੇਂਦਰ ਭਿੱਖੀਵਿੰਡ ਦਾ ਅਚਨਚੇਤ ਦੌਰਾ ਕਰਦਿਆਂ ਕੰਮਕਾਜ ਦਾ ਜਾਇਜ਼ਾ ਲਿਆ ਗਿਆ। ਦੱਸਣਯੋਗ ਹੈ ਕਿ ਸਰਬਜੀਤ ਸਿੰਘ ਥਿੰਦ ਵੱਲੋਂ ਕੰਮਾਂ-ਕਾਰਾਂ ਦੇ ਸਿਲਸਿਲੇ 'ਚ ਸੇਵਾ ਕੇਂਦਰ ਆਏ ਲੋਕਾਂ ਤੋਂ ਸੁਝਾਅ ਵੀ ਲਏ ਗਏ। ਇਸ ਮੌਕੇ ਤਹਿਸੀਲਦਾਰ ਵੱਲੋਂ ਸੇਵਾ ਕੇਂਦਰ ਭਿੱਖੀਵਿੰਡ ਦੇ ਸਮੂਹ ਸਟਾਫ ਨੂੰ ਲੋਕਾਂ ਦਾ ਕੰਮ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਕਰਨ ਦੀਆਂ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ 'ਚ ਬਾਰਡਰ ਏਰੀਆ,ਰੂਰਲ ਏਰੀਆ,ਪੱਛੜੀ ਸ਼ੇਣੀ, ਆਮਦਨ ਸਰਟੀਫਿਕੇਟ ਆਦਿ ਬਣਵਾਉਣ ਵਾਸਤੇ ਆਉਣ ਵਾਲੇ ਲੋਕਾਂ ਨੂੰ ਸਰਟੀਫਿਕੇਟ ਸਮੇਂ ਸਿਰ ਜਾਰੀ ਕੀਤੇ ਜਾਣ। ਇਸਦੇ ਨਾਲ ਹੀ ਤਹਿਸੀਲਦਾਰ ਭਿੱਖੀਵਿੰਡ ਨੇ ਸਮੂਹ ਸਟਾਫ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਲੋਕਾਂ ਨੂੰ ਖੱਜਲ-ਖੁਆਰ ਕਰਨ ਸਬੰਧੀ ਕਿਸੇ ਵੀ ਮੁਲਾਜ਼ਮ ਦੀ ਸ਼ਿਕਾਇਤ ਉਨ੍ਹਾਂ ਕੋਲ ਪੁੱਜੀ ਤਾਂ ਉਹ ਸਖਤ ਐਕਸ਼ਨ ਲੈਣ ਤੋਂ ਗੁਰੇਜ ਨਹੀਂ ਕਰਨਗੇ। ਅੰਤ 'ਚ ਤਹਿਸੀਲਦਾਰ ਸਰਬਜੀਤ ਸਿੰਘ ਥਿੰਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸੇਵਾ ਕੇਂਦਰ ਦਾ ਕੋਈ ਵੀ ਮੁਲਾਜ਼ਮ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਦਾ ਹੈ ਤਾਂ ਉਹ ਬੇਝਿਜਕ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਰਜਿਸਟਰੀ ਕਲਰਕ ਦਿਲਬਾਗ ਸਿੰਘ,ਟੈਕਨੀਕਲ ਅਸਿਸਟੰਟ,ਰੀਡਰ ਸਵਿੰਦਰ ਸਿੰਘ ਆਦਿ ਹਾਜ਼ਰ ਸਨ ।
Get all latest content delivered to your email a few times a month.