IMG-LOGO
ਹੋਮ ਪੰਜਾਬ: ਕਣਕ ਦੀ ਖਰੀਦ ਵਿੱਚ ਸੰਗਰੂਰ ਜ਼ਿਲ੍ਹਾ ਰਿਹਾ ਮੋਹਰੀ

ਕਣਕ ਦੀ ਖਰੀਦ ਵਿੱਚ ਸੰਗਰੂਰ ਜ਼ਿਲ੍ਹਾ ਰਿਹਾ ਮੋਹਰੀ

Admin User - May 31, 2023 09:23 PM
IMG

ਚੰਡੀਗੜ੍ਹ, 31 ਮਈ: ਹਾੜੀ ਦੇ ਮੰਡੀਕਰਨ ਸੀਜ਼ਨ ਦੀ ਸਫਲਤਾਪੂਰਵਕ ਸਮਾਪਤੀ ਦੇ ਸਬੰਧ ਵਿੱਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਕਣਕ ਦੀ ਖਰੀਦ ਸਬੰਧੀ ਦਿੱਤੇ ਗਏ ਪੁਰਸਕਾਰਾਂ ਵਿੱਚ ਸੰਗਰੂਰ ਜ਼ਿਲ੍ਹੇ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦਰਜਾਬੰਦੀ ਵਿੱਚ  ਲੁਧਿਆਣਾ ਈਸਟ, ਐੱਸ.ਏ.ਐੱਸ. ਨਗਰ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਨੇ ਕ੍ਰਮਵਾਰ ਦੂਜਾ, ਤੀਜਾ, ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ ਹੈ।

ਕੈਬਨਿਟ ਮੰਤਰੀ, ਅੱਜ ਇਥੇ ਸੈਕਟਰ-39 ਸਥਿਤ ਅਨਾਜ ਭਵਨ ਵਿਖੇ ਖਰੀਦ ਸੀਜ਼ਨ ਦਾ ਜਾਇਜ਼ਾ ਲੈ ਰਹੇ ਸਨ। ਖਰੀਦ ਸੀਜ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਿਭਾਗ ਦੇ ਸਮੁੱਚੇ ਸਟਾਫ ਨੂੰ ਵਧਾਈ ਦਿੰਦਿਆਂ ਮੰਤਰੀ ਨੇ ਉਨ੍ਹਾਂ ਨੂੰ ਇਸ ਸੀਜ਼ਨ ਦੀ ਸਫ਼ਲਤਾ ਵਾਂਗ ਅਗਲੇ ਸੀਜ਼ਨ ਲਈ  ਤਿਆਰ-ਬਰ-ਤਿਆਰ ਰਹਿਣ ਲਈ ਕਿਹਾ।

ਇਸ ਮੌਕੇ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਕਿ ਜ਼ਿਲ੍ਹਿਆਂ ਨੂੰ ਇਹ ਪੁਰਸਕਾਰ ਪੰਜ ਮਾਪਦੰਡਾਂ ਦੇ ਆਧਾਰ 'ਤੇ ਦਿੱਤੇ ਗਏ ਹਨ, ਜਿਸ ਵਿੱਚ ਅਨਾਜ ਖਰੀਦ ਪੋਰਟਲ 'ਤੇ ਕਲੱਸਟਰ ਮੈਪਿੰਗ, ਵਾਹਨ ਸੂਚੀਆਂ ਨੂੰ ਅਪਲੋਡ ਕਰਨਾ, ਆਨਲਾਈਨ ਗੇਟ ਪਾਸ ਬਣਾਉਣਾ, 17 ਅਪ੍ਰੈਲ, 2023 ਤੋਂ 16 ਮਈ, 2023 ਤੱਕ ਔਸਤ ਲਿਫਟਿੰਗ ਅਤੇ 16 ਅਪ੍ਰੈਲ, 2023 ਤੋਂ 15 ਮਈ,2023 ਤੱਕ ਕੀਤੀਆਂ ਗਈਆਂ ਔਸਤ ਅਦਾਇਗੀਆਂ ਸ਼ਾਮਲ ਹਨ।

ਮੰਤਰੀ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ ਪੰਜਾਬ ਨੇ ਇਸ ਸੀਜ਼ਨ ਵਿੱਚ ਕੇਂਦਰੀ ਪੂਲ ਵਿੱਚ 47 ਫੀਸਦੀ ਯੋਗਦਾਨ ਪਾਇਆ ਹੈ ਜੋ ਕਿ ਸਭ ਤੋਂ ਵੱਧ ਹੈ। ਇਸ ਤੋਂ ਇਲਾਵਾ, ਇਸ ਸੀਜ਼ਨ ਵਿੱਚ 1860 ਰੈਗੂਲਰ ਅਤੇ 920 ਆਰਜ਼ੀ ਮੰਡੀਆਂ ਨੋਟੀਫਾਈ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ 125 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਡਾਇਰੈਕਟਰ ਘਣਸ਼ਿਆਮ ਥੋਰੀ, ਐਮ.ਡੀ. ਪਨਸਪ ਸੋਨਾਲੀ ਗਿਰਿ, ਪੰਜਾਬ ਮੰਡੀ ਬੋਰਡ ਦੇ ਸਕੱਤਰ ਅੰਮ੍ਰਿਤ ਗਿੱਲ, ਜੁਆਇੰਟ ਡਾਇਰੈਕਟਰ ਖਰੀਦ ਡਾ. ਅੰਜੁਮਨ ਭਾਸਕਰ ਅਤੇ ਸਮੂਹ ਜ਼ਿਲਿਆਂ ਦੇ ਡੀ.ਐਫ.ਐਸ.ਸੀਜ਼ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.