IMG-LOGO
ਹੋਮ ਪੰਜਾਬ: ਸਿਹਤ ਮੰਤਰੀ ਵੱਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਹਾੜੇ ਮੌਕੇ ਹੋਮੀ ਭਾਬਾ...

ਸਿਹਤ ਮੰਤਰੀ ਵੱਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਹਾੜੇ ਮੌਕੇ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ 'ਚ ਕੀਤਾ ਤੰਬਾਕੂ ਕੰਟਰੋਲ ਕਲੀਨਿਕ ਦਾ ਉਦਘਾਟਨ

Admin User - May 31, 2023 06:40 PM
IMG

ਸੰਗਰੂਰ, 31 ਮਈ (ਐੱਚਐੱਸ ਸ਼ੱਮੀ) - ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅੱਜ ਵਿਸ਼ਵ ਤੰਬਾਕੂ ਵਿਰੋਧੀ ਦਿਹਾੜੇ ਮੌਕੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਹਾਲ ਵਿਖੇ ਕਰਵਾਏ ਗਏ ਸੈਮੀਨਾਰ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਟਾਟਾ ਮੈਮੋਰੀਅਲ ਯੂਨਿਟ ਵੱਲੋਂ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਤੰਬਾਕੂ ਕੰਟਰੋਲ ਕਲੀਨਿਕ (ਟੀ.ਸੀ.ਸੀ.) ਦਾ ਉਦਘਾਟਨ ਕੀਤਾ ਜਿੱਥੇ ਤੰਬਾਕੂ ਦਾ ਸੇਵਨ ਕਰਨ ਵਾਲੇ ਮਰੀਜ਼ਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਇਸ ਬੁਰੀ ਅਲਾਮਤ ਤੋਂ ਬਚਾਇਆ ਜਾ ਸਕੇਗਾ। 

ਸੈਮੀਨਾਰ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿਹਤ ਦੇ ਖੇਤਰ ਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸਦੇ ਨਾਲ ਹੀ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਰੋਕਣ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਲੋਕਾਂ ਨੂੰ ਲਗਾਤਾਰ ਇਸਦੇ ਬੁਰੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ ਤੇ ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ 2 ਮਹੀਨਿਆਂ ਲਈ ਤੰਬਾਕੂ ਦੇ ਸੇਵਨ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। 

ਡਾ. ਬਲਬੀਰ ਸਿੰਘ ਨੇ ਕਿਹਾ ਕਿ ਤੰਬਾਕੂ ਦੇ ਸੇਵਨ ਨਾਲ ਜਿੱਥੇ ਸਰੀਰ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ਉੱਥੇ ਹੀ ਇਸ ਨਾਲ ਕੈਂਸਰ ਵਰਗਾ ਮਾਰੂ ਰੋਗ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਨੂੰ ਤੰਬਾਕੂ ਦੇ ਕਿਸੇ ਵੀ ਪ੍ਰਕਾਰ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਵੀ ਇਸ ਦੀ ਵਰਤੋਂ ਵਿਰੁੱਧ ਡਟ ਕੇ ਖੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਤੰਬਾਕੂ ਦੀ ਵਰਤੋਂ ਰੋਕਣ ਤੇ ਇਨ੍ਹਾਂ ਨੂੰ ਤੰਬਾਕੂ ਮੁਕਤ ਐਲਾਨਣ ਲਈ ਸਿਹਤ ਭਲਾਈ ਕਮੇਟੀਆਂ ਬਣਾਈਆਂ ਜਾਣ ਤਾਂ ਜੋ ਇਸ ਕਲੰਕ ਨੂੰ ਮੁੱਢੋਂ ਖਤਮ ਕੀਤਾ ਜਾ ਸਕੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਸੁਧਾਰਾਂ ਸਦਕਾ ਜਲਦ ਹੀ ਸੰਗਰੂਰ ਜ਼ਿਲ੍ਹੇ ਨੂੰ ਵੀ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਸੰਗਰੂਰ ਦੇ ਅੰਦਰ ਜਲਦ ਹੀ ਸਪੈਸ਼ਲਿਸਟ ਡਾਕਟਰ, ਲੋੜੀਂਦਾ ਮੈਡੀਕਲ ਸਟਾਫ਼, ਦਵਾਈਆਂ ਅਤੇ ਸਾਰੇ ਟੈਸਟ ਉਪਲਬਧ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡਾਕਟਰਾਂ ਤੇ ਹੋਰ ਸਟਾਫ਼ ਦੀ ਲਗਾਤਾਰ ਭਰਤੀ ਕਰਵਾਉਣੀ ਯਕੀਨੀ ਬਣਾਈ ਜਾ ਰਹੀ ਹੈ ਜਿਸ ਨਾਲ ਆਉਣ ਵਾਲੇ ਕੁਝ ਹੀ ਸਮੇਂ ਅੰਦਰ ਸਿਹਤ ਸੰਸਥਾਵਾਂ ਚ ਲੋੜੀਂਦੀ ਗਿਣਤੀ ਵਿਚ ਸਟਾਫ਼ ਉਪਲਬਧ ਕਰਵਾਇਆ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਟਾਟਾ ਮੈਮੋਰੀਅਲ ਯੂਨਿਟ ਦੇ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਹਸਪਤਾਲ ਦੇ ਡਾਕਟਰਾਂ ਤੇ ਸਟਾਫ਼ ਨੂੰ ਯੋਗਤਾ ਅਨੁਸਾਰ ਹਰ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸੁਵਿਧਾਵਾਂ ਮੁਹੱਈਆ ਕਰਵਾਉਣ ਦਾ ਮੁੱਖ ਮਕਸਦ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਸਸਤੇ ਇਲਾਜ ਲਈ ਕਾਰਜ਼ਸ਼ੀਲ ਡਾਕਟਰਾਂ ਤੇ ਮੈਡੀਕਲ ਸਟਾਫ਼ ਨੂੰ ਕੰਮ ਕਰਨ ਲਈ ਚੰਗਾ ਮਾਹੌਲ ਪ੍ਰਦਾਨ ਕਰਨਾ ਹੈ।
ਸੈਮੀਨਾਰ ਦੌਰਾਨ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮਨੁੱਖੀ ਸਿਹਤ ਲਈ ਤੰਬਾਕੂ ਦਾ ਸੇਵਨ ਬੇਹੱਦ ਖਤਰਨਾਕ ਹੈ ਅਤੇ ਇਸ ਦੇ ਮਾਰੂ ਪ੍ਰਭਾਵਾਂ ਬਾਰੇ ਅਜਿਹੇ ਚੇਤਨਾ ਸੈਮੀਨਾਰ ਸਮੇਂ ਦੀ ਅਹਿਮ ਲੋੜ ਹਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸੰਗਰੂਰ ਨੂੰ ਸਿਹਤ ਸਹੂਲਤਾਂ ਪੱਖੋਂ ਮੋਹਰੀ ਬਣਾਉਣ ਲਈ ਕੀਤੇ ਜਾ ਰਹੇ ਅਣਥੱਕ ਉਪਰਾਲਿਆਂ ਲਈ ਧੰਨਵਾਦ ਕੀਤਾ।

ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਤੰਬਾਕੂ ਦੀ ਵਰਤੋਂ ਦੀ ਰੋਕਥਾਮ ਅਤੇ ਇਸਦੇ ਬੁਰੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਲਈ ਸਹੁੰ ਵੀ ਚੁਕਵਾਈ ਗਈ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਸਮੇਤ ਪਤਵੰਤੇ ਸੱਜਣਾਂ ਵੱਲੋਂ ਸ਼ਮਾਂ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹੋਮੀ ਭਾਬਾ ਕੈਂਸਰ ਹਸਪਤਾਲ ਵੱਲੋਂ ਹਾਲ ਹੀ ਵਿੱਚ ਤੰਬਾਕੂ ਦੀ ਵਰਤੋਂ ਵਿਰੁੱਧ ਜਾਗਰੂਕਤਾ ਲਈ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ।

ਇਸ ਮੌਕੇ ਕਾਰਜਕਾਰੀ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਮੇਲ ਸਿੰਘ ਘਰਾਚੋਂ, ਚੇਅਰਮੈਨ ਨਗਰ ਸੁਧਾਰ ਟਰੱਸਟ ਹਰਪ੍ਰੀਤ ਸਿੰਘ ਪੀਤੂ, ਐਸ.ਡੀ.ਐਮ. ਸੰਗਰੂਰ ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਭਵਾਨੀਗੜ੍ਹ ਵਿਨੀਤ ਕੁਮਾਰ, ਸਿਵਲ ਸਰਜਨ ਡਾ. ਪਰਮਿੰਦਰ ਕੌਰ, ਡਾਇਰੈਕਟਰ ਹੋਮੀ ਭਾਬਾ ਕੈਂਸਰ ਹਸਪਤਾਲ ਪੰਜਾਬ ਡਾ. ਅਸ਼ੀਸ਼ ਗੁਲੀਆ, ਸਹਾਇਕ ਡਾਇਰੈਕਟਰ ਡਾ. ਜਸਕਿਰਨਦੀਪ ਕੌਰ, ਸਹਾਇਕ ਡਾਇਰੈਕਟਰ, ਡਾ. ਸੰਦੀਪ ਗਿੱਲ, ਡਾ. ਗੁਰਮਨ, ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ, ਡਾ. ਰਾਹਤਦੀਪ ਬਰਾੜ, ਕੇਸ਼ਵ ਸ਼ਰਮਾ, ਡਾ. ਵੰਦਿਤਾ ਪਾਹਵਾ ਤੋਂ ਇਲਾਵਾ ਵੱਡੀ ਗਿਣਤੀ ਚ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.