IMG-LOGO
ਹੋਮ ਪੰਜਾਬ: ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਦੀ...

ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਦੀ ਵਿਸ਼ੇਸ਼ ਸਕ੍ਰੀਨਿੰਗ ਪੰਜਾਬ ਰਾਜ ਭਵਨ ਵਿਖੇ ਆਯੋਜਿਤ ਕੀਤੀ ਗਈ

Admin User - Apr 30, 2023 07:01 PM
IMG

ਚੰਡੀਗੜ੍ਹ, 30 ਅਪ੍ਰੈਲ: ਪ੍ਰਸਾਰ ਭਾਰਤੀ ਨੇ ਪੰਜਾਬ ਰਾਜ ਭਵਨ ਵਿਖੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ‘ਮਨ ਕੀ ਬਾਤ’ (ਐੱਮਕੇਬੀ) ਪ੍ਰੋਗਰਾਮ ਦੇ 100ਵੇਂ ਐਪੀਸੋਡ ਦੀ ਵਿਸ਼ੇਸ਼ ਸਕ੍ਰੀਨਿੰਗ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ 400 ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸ਼੍ਰੀ ਬਨਵਾਰੀਲਾਲ ਪੁਰੋਹਿਤ, ਪ੍ਰਸ਼ਾਸਕ ਚੰਡੀਗੜ੍ਹ ਅਤੇ ਪੰਜਾਬ ਦੇ ਰਾਜਪਾਲ ਨੇ ਵੀ ਹੋਰ ਸੱਦਾ ਗਏ ਸਨਮਾਨਿਤ ਲੋਕਾਂ ਦੇ ਨਾਲ ਇਸ ਸਮਾਗਮ ਨੂੰ ਦੇਖਿਆ।

ਅਕਤੂਬਰ 2014 ਵਿੱਚ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤਾ ਗਿਆ ਇੱਕ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ’ ਨੇ ਪਿਛਲੇ ਸਾਲਾਂ ਵਿੱਚ ਬਹੁਤ ਪ੍ਰਸਿੱਧੀ ਹਾਸਲ ਕੀਤੀ ਹੈ, ਜਿਸ ਵਿੱਚ ਹਰ ਖੇਤਰ ਦੇ ਲੋਕ ਪ੍ਰਧਾਨ ਮੰਤਰੀ ਨੂੰ ਸੁਣਨ ਲਈ ਸ਼ਾਮਲ ਹੁੰਦੇ ਹਨ। ਇਸ ਨੇ ਭਾਰਤ ਦੇ ਨਾਗਰਿਕਾਂ ਨਾਲ ਤਾਲਮੇਲ ਬਣਾ ਲਿਆ ਹੈ ਜੋ ਹਰ ਮਹੀਨੇ ਪ੍ਰਧਾਨ ਮੰਤਰੀ ਨਾਲ ਆਪਣੀਆਂ ਪ੍ਰਾਪਤੀਆਂ, ਚਿੰਤਾਵਾਂ, ਖੁਸ਼ੀ ਅਤੇ ਮਾਣ ਦੇ ਪਲਾਂ ਦੇ ਨਾਲ-ਨਾਲ ਨਵੇਂ ਭਾਰਤ ਲਈ ਸੁਝਾਅ ਵੀ ਸਾਂਝੇ ਕਰਦੇ ਹਨ।

ਐੱਮਕੇਬੀ ਦੀ ਸਕ੍ਰੀਨਿੰਗ ਤੋਂ ਬਾਅਦ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਪੁਰੋਹਿਤ ਨੇ ਕਿਹਾ ਕਿ ਮਨ ਕੀ ਬਾਤ ਇੱਕ ਵਿਲੱਖਣ ਅਤੇ ਇਤਿਹਾਸਕ ਪ੍ਰੋਗਰਾਮ ਹੈ ਜੋ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਨੂੰ ਜੋੜਦਾ ਹੈ ਅਤੇ ਦਰਸ਼ਕਾਂ ਵਿੱਚ ਏਕਤਾ ਅਤੇ ਉਮੀਦ ਨੂੰ ਸਫਲਤਾਪੂਰਵਕ ਵਧਾ ਰਿਹਾ ਹੈ। ਇਹ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਹੈ ਅਤੇ ਇਸ ਨੇ ਦੇਸ਼ ਵਿੱਚ ਇੱਕ ਜਾਗ੍ਰਿਤੀ ਪੈਦਾ ਕੀਤੀ ਹੈ। ਇਹ ਲੋਕਾਂ ਨਾਲ ਸਾਂਝ ਬਣਾਉਂਦਾ ਹੈ ਕਿਉਂਕਿ ਇਹ ਉਨ੍ਹਾਂ ਦੀਆਂ ਚਿੰਤਾਵਾਂ ਬਾਰੇ ਹੈ।

ਇਹ ਪਹਿਲ ਤਰਜੀਹੀ ਖੇਤਰਾਂ ਵਿੱਚ ਸਰਕਾਰੀ ਅਤੇ ਨਾਗਰਿਕ ਕਾਰਵਾਈਆਂ ਨੂੰ ਉਜਾਗਰ ਕਰਦੀ ਹੈ ਅਤੇ ਬਦਲੇ ਵਿੱਚ ਸਰੋਤਿਆਂ ਨੂੰ ਲੋਕਾਂ ਅਤੇ ਦੇਸ਼ ਦੇ ਜੀਵਨ 'ਤੇ ਸਥਾਈ ਅਤੇ ਟਿਕਾਊ ਪ੍ਰਭਾਵ ਬਣਾਉਣ ਦੇ ਉਦੇਸ਼ ਨਾਲ ਉਨ੍ਹਾਂ ਦੇ ਆਪਣੇ ਭਾਈਚਾਰਿਆਂ ਵਿੱਚ ਪਰਿਵਰਤਨਸ਼ੀਲ ਪਹਿਲਾਂ ਨੂੰ ਸਥਾਪਿਤ ਕਰਨ ਜਾਂ ਉਨ੍ਹਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦੀ ਹੈ।

ਰਾਜਪਾਲ ਨੇ ਕਿਹਾ ਕਿ ਪੂਰੇ ਦੇਸ਼ ਨੂੰ ਇਸ ਅਨੋਖੇ ਇੰਟਰਐਕਟਿਵ ਪ੍ਰੋਗਰਾਮ 'ਤੇ ਮਾਣ ਹੈ ਅਤੇ ਨਾ ਸਿਰਫ ਭਾਰਤੀ ਬਲਕਿ ਪੂਰੀ ਦੁਨੀਆ ਇਸ ਪ੍ਰੋਗਰਾਮ ਨੂੰ ਸੰਜੀਦਗੀ ਨਾਲ ਲੈ ਰਹੀ ਹੈ।  ਐੱਮਕੇਬੀ ਦੇ 100ਵੇਂ ਐਪੀਸੋਡ ਦੇ ਮੌਕੇ 'ਤੇ, ਯੂਨੈਸਕੋ ਦੇ ਡਾਇਰੈਕਟਰ ਜਨਰਲ ਔਡਰੇ ਅਜ਼ੌਲੇ ਨੇ ਇਸ ਇੰਟਰਐਕਟਿਵ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਮਾਣਯੋਗ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ।

ਸ਼੍ਰੀ ਪੁਰੋਹਿਤ ਨੇ ਕਿਹਾ ਕਿ 100ਵਾਂ ਐਪੀਸੋਡ ਇਸ ਤੱਥ ਦਾ ਗਵਾਹ ਹੈ ਕਿ ਦੇਸ਼ ਵਿੱਚ ਉੱਦਮੀ ਮੌਕੇ ਭਰਪੂਰ ਹਨ - ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲਿਆਂ ਤੋਂ ਰੋਜ਼ਗਾਰ ਸਿਰਜਣਹਾਰਾਂ ਵਿੱਚ ਬਦਲਣ ਲਈ ਸਿਰਫ਼ ਥੋੜ੍ਹੇ ਜਿਹੇ ਸਹਿਯੋਗ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ, "ਪ੍ਰਧਾਨ ਮੰਤਰੀ ਨਾ ਸਿਰਫ਼ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਮੁੱਦਿਆਂ 'ਤੇ, ਬਲਕਿ ਜਲਵਾਯੂ ਤਬਦੀਲੀ, ਕਚਰਾ ਪ੍ਰਬੰਧਨ, ਊਰਜਾ ਸੰਕਟ ਜਿਹੀਆਂ ਸਮੱਸਿਆਵਾਂ 'ਤੇ ਵੀ ਪ੍ਰੇਰਣਾ ਅਤੇ ਉਤਸ਼ਾਹ ਦਿੰਦੇ ਹਨ।"  ਉਨ੍ਹਾਂ ਇਹ ਵੀ ਕਿਹਾ ਕਿ ‘ਮਨ ਕੀ ਬਾਤ’ ਪ੍ਰੋਗਰਾਮ ਸਰਕਾਰ ਅਤੇ ਲੋਕਾਂ ਦਰਮਿਆਨ ਮਜ਼ਬੂਤ ​​ਰਿਸ਼ਤਾ ਕਾਇਮ ਕਰਨ ਵਿੱਚ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ‘ਮਨ ਕੀ ਬਾਤ’ ਪ੍ਰੋਗਰਾਮ ਸੁਣ ਰਹੀ ਹੈ, ਜੋ ਕਿ ਰਾਸ਼ਟਰ ਲਈ ਮਾਣ ਵਾਲੀ ਗੱਲ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਨੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਹੈ।  ਉਨ੍ਹਾਂ ਦੱਸਿਆ ਕਿ ਕੰਨਿਆਦਾਨ ਦੀ ਪ੍ਰਥਾ ਸਾਡੇ ਸਮਾਜ ਵਿੱਚ ਅਹਿਮ ਰੋਲ ਅਦਾ ਕਰਦੀ ਹੈ।  ਜੀਵਨ ਵਿੱਚ ਕੰਨਿਆਦਾਨ ਕਰਨ ਵਾਲੇ ਵਿਅਕਤੀ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਇਸ ਦੌਰਾਨ ਉਨ੍ਹਾਂ ਤਾਕੀਦ ਕੀਤੀ ਕਿ ਜਿਨ੍ਹਾਂ ਦੀ ਬੇਟੀ ਨਹੀਂ ਹੈ, ਉਹ ਲੋੜਵੰਦ ਲੋਕਾਂ ਦੀਆਂ ਧੀਆਂ ਦਾ ਕੰਨਿਆਦਾਨ ਕਰਨ। ਭਾਰਤ ਨੂੰ ਜੀ20 ਦੀ ਅਗਵਾਈ ਮਿਲਣ ਕਾਰਨ ਪੂਰੀ ਦੁਨੀਆ ਵਿੱਚ ਭਾਰਤ ਦੀ ਸਰਵਉੱਚਤਾ ਵਧੀ ਹੈ, ਜੋ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਤਰੱਕੀ ਵੱਲ ਵਧ ਰਿਹਾ ਹੈ।

‘ਮਨ ਕੀ ਬਾਤ’ ਦਾ 100ਵਾਂ ਐਪੀਸੋਡ ਇਸ ਪ੍ਰੋਗਰਾਮ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਪੰਜਾਬ ਰਾਜ ਭਵਨ ਵਿਖੇ ਸਪੈਸ਼ਲ ਸਕ੍ਰੀਨਿੰਗ ਨੇ ਵਿਭਿੰਨ ਖੇਤਰਾਂ ਦੀਆਂ ਉੱਘੀਆਂ ਸ਼ਖਸੀਅਤਾਂ ਸਮੇਤ ਵਿਆਪਕ ਪੱਧਰ ‘ਤੇ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ।

ਸਮਾਗਮ ਨੂੰ ਯਾਦਗਾਰੀ ਬਣਾਉਣ ਲਈ, ਰਾਜਪਾਲ ਨੇ ਮਨ ਕੀ ਬਾਤ ਦੇ ਚਾਰ ਭਾਗੀਦਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ, ਜਿਨ੍ਹਾਂ ਦਾ ਪ੍ਰਧਾਨ ਮੰਤਰੀ ਨੇ ਵਿਭਿੰਨ ਸੰਦਰਭਾਂ ਵਿੱਚ ਉਨ੍ਹਾਂ ਦੀਆਂ ਪਹਿਲਾਂ ਲਈ ਜ਼ਿਕਰ ਕੀਤਾ ਸੀ। ਵਿਸ਼ੇਸ਼ ਤੌਰ 'ਤੇ ਸੱਦੇ ਗਏ ਵਿਅਕਤੀਆਂ ਵਿੱਚ, ਚੰਡੀਗੜ੍ਹ ਦੇ ਸੈਕਟਰ 29 ਸਥਿਤ ਫੂਡ ਸਟਾਲ ਦੇ ਮਾਲਕ ਸ੍ਰੀ ਸੰਜੇ ਰਾਣਾ, ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬੁਰ ਦੇਵਾ ਸਿੰਘ ਦੇ ਕਿਸਾਨ ਗੁਰਬਚਨ ਸਿੰਘ, ਕੱਲਰ ਮਾਜਰੀ ਦੇ ਕਿਸਾਨ ਬੀਰ ਦਲਵਿੰਦਰ ਸਿੰਘ ਅਤੇ ਜੀਡੀਐੱਸਡੀ ਕਾਲਜ, ਚੰਡੀਗੜ੍ਹ ਦੀ ਪੀਜੀ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰ ਰਹੀ, ਅਤੇ ਪ੍ਰਧਾਨ ਮੰਤਰੀ ਦੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ 'ਤੇ ਆਪਣੀ ਪੀਐੱਚਡੀ ਪੂਰੀ ਕਰਨ ਵਾਲੀ ਪਹਿਲੀ ਖੋਜ ਵਿਦਵਾਨ ਡਾ. ਗੁਰਜੀਤ ਕੌਰ, ਸ਼ਾਮਲ ਸਨ। 

ਰਾਜਪਾਲ ਨੇ ਵਿਵੇਕ ਵੈਭਵ, ਡਾਇਰੈਕਟਰ, ਸੈਂਟਰਲ ਬਿਊਰੋ ਆਵੑ ਕਮਿਊਨੀਕੇਸ਼ਨ, ਚੰਡੀਗੜ੍ਹ ਨੂੰ ਵਿਸ਼ੇਸ਼ ਸਕ੍ਰੀਨਿੰਗ ਦੇ ਸਫਲਤਾਪੂਰਵਕ ਆਯੋਜਨ ਲਈ ਸਨਮਾਨਿਤ ਕੀਤਾ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ।

ਇਸ ਮੌਕੇ 'ਤੇ ਵਿਵੇਕ ਵੈਭਵ, ਡਾਇਰੈਕਟਰ, ਸੈਂਟਰਲ ਬਿਊਰੋ ਆਵੑ ਕਮਿਊਨੀਕੇਸ਼ਨ, ਚੰਡੀਗੜ੍ਹ ਨੇ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਜ਼ਰੀਏ ਸੈਲਫੀ ਵਿਦ ਡਾਟਰ/ਇਨਕ੍ਰੇਡੀਬਲ ਇੰਡੀਆ/ਫਿੱਟ ਇੰਡੀਆ/ਫੌਜੀਆਂ ਨੂੰ ਸੁਨੇਹਾ/ਖਾਦੀ/ਨਸ਼ਾ ਮੁਕਤ ਭਾਰਤ ਸਮੇਤ ਅਣਗਿਣਤ ਮੁੱਦਿਆਂ 'ਤੇ ਜਨ-ਜਾਗਰੂਕਤਾ ਦੇ ਪਤਾ ਨਹੀਂ ਕਿੰਨੇ ਛੋਟੇ-ਛੋਟੇ ਯਤਨਾਂ ਨੂੰ ਲੋਕ ਲਹਿਰਾਂ ਵਿੱਚ ਬਦਲ ਦਿੱਤਾ ਗਿਆ ਹੈ, ਜਿਸ ਦਾ ਸਾਰਿਆਂ ਨੂੰ ਲਾਭ ਹੋਇਆ ਹੈ।

ਬਾਅਦ ਵਿੱਚ, ਸ਼੍ਰੀ ਬਨਵਾਰੀਲਾਲ ਪੁਰੋਹਿਤ ਅਤੇ ਸੱਦੇ ਗਏ ਵਿਅਕਤੀਆਂ ਨੇ ਲੁਧਿਆਣਾ ਗੈਸ ਤ੍ਰਾਸਦੀ ਦੇ ਪੀੜਿਤਾਂ ਲਈ ਦੋ ਮਿੰਟ ਦਾ ਮੌਨ ਵੀ ਰੱਖਿਆ ਅਤੇ ਵਿਛੜੀਆਂ ਰੂਹਾਂ ਲਈ ਪ੍ਰਾਰਥਨਾ ਕੀਤੀ।

ਸਮਾਗਮ ਦੌਰਾਨ ਕੇਂਦਰੀ ਸੰਚਾਰ ਬਿਊਰੋ, ਚੰਡੀਗੜ੍ਹ ਦੁਆਰਾ ਮਨ ਕੀ ਬਾਤ ਯਾਤਰਾ ਦੀ ਜਾਣਕਾਰੀ ਭਰਪੂਰ ਅਤੇ ਸੁੰਦਰ ਪ੍ਰਦਰਸ਼ਨੀ ਵੀ ਲਾਈ ਗਈ। ਪ੍ਰਦਰਸ਼ਨੀ ਵਿੱਚ ਭਾਰਤ ਦੀ ਦੂਰਗਾਮੀ ਪਹਿਲ ਦੇ ਹਰ ਪਹਿਲੂ ਨੂੰ ਕਵਰ ਕੀਤਾ ਗਿਆ ਹੈ ਜਿਸ ਨੇ ਨਾ ਸਿਰਫ਼ ਸਾਡੇ ਦੇਸ਼ ਦੇ ਲੋਕਾਂ ਨੂੰ ਸ਼ਕਤੀ ਪ੍ਰਦਾਨ ਕੀਤੀ ਹੈ ਬਲਕਿ ਉਨ੍ਹਾਂ ਨੂੰ ਇੱਕ ਦੂਜੇ ਨਾਲ ਜੋੜਿਆ ਹੈ।

ਰਾਜਪਾਲ ਨੇ ਇਨ੍ਹਾਂ ਸੱਦੇ ਗਏ ਵਿਅਕਤੀਆਂ ਨਾਲ ਦੁਪਹਿਰ ਦਾ ਭੋਜਨ ਵੀ ਕੀਤਾ। ਰਾਜਪਾਲ ਦੇ ਕੋਲ ਬੈਠ ਕੇ ਇੱਕ ਛੋਲੇ-ਭਟੂਰੇ ਵੇਚਣ ਵਾਲੇ ਵਿਅਕਤੀ ਅਤੇ ਕਿਸਾਨਾਂ ਨੂੰ ਸੁਆਦਲੇ ਪਕਵਾਨਾਂ ਦਾ ਆਨੰਦ ਮਾਣਦੇ ਦੇਖਣਾ ਅੱਖਾਂ ਲਈ ਇੱਕ ਦਾਵਤ ਜਿਹਾ ਲੱਗ ਰਿਹਾ ਸੀ।

ਇਸ ਵਿਸ਼ੇਸ਼ ਐਪੀਸੋਡ ਦਾ ਪ੍ਰਸਾਰਣ ਕੇਂਦਰੀ ਜੇਲ੍ਹ, ਸਕੂਲਾਂ, ਬੁੜੈਲ ਕੇਂਦਰੀ ਜੇਲ੍ਹ, ਰੌਕ ਗਾਰਡਨ, ਏਲਾਂਟੇ ਮਾਲ, ਸੁਖਨਾ ਝੀਲ ਸਮੇਤ ਚੰਡੀਗੜ੍ਹ ਦੀਆਂ 250 ਜਨਤਕ ਥਾਵਾਂ 'ਤੇ ਵੀ ਕੀਤਾ ਗਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.