IMG-LOGO
ਹੋਮ ਪੰਜਾਬ: ਰੋਮਨ ਸਮਰਾਟ ਨੀਰੋ ਨਾ ਬਣੇ ਭਗਵੰਤ ਮਾਨ - ਬਾਜਵਾ

ਰੋਮਨ ਸਮਰਾਟ ਨੀਰੋ ਨਾ ਬਣੇ ਭਗਵੰਤ ਮਾਨ - ਬਾਜਵਾ

Admin User - Dec 31, 2022 06:14 PM
IMG

ਚੰਡੀਗੜ੍ਹ, 31 ਦਸੰਬਰ- ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੋਮਨ ਸਮਰਾਟ ਨੀਰੋ ਵਰਗਾ ਵਿਵਹਾਰ ਨਾ ਕਰਨ ਦੀ ਨਸੀਹਤ ਦਿੱਤੀ ਹੈਲ ਬਾਜਵਾ ਨੇ ਕਿਹਾ ਕਿ ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ। 
ਭਗਵੰਤ ਮਾਨ ਦੀ ਨੀਰੋ ਨਾਲ ਤੁਲਨਾ ਕਰਦਿਆਂ ਬਾਜਵਾ ਨੇ ਕਿਹਾ ਕਿ ਜਦੋਂ ਪੰਜਾਬ ਅਨੇਕਾਂ ਮੁਸ਼ਕਲਾਂ ਨਾਲ ਜੂਝ ਰਿਹਾ ਹੈ ਤਾਂ ਭਗਵੰਤ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਰਾਜਸਥਾਨ ਦੀਆਂ ਸੈਰ ਗਾਹਾਂ ਦੇ ਨਜ਼ਾਰੇ ਲੈ ਰਹੇ ਹਨ। ਇਹ ਪੰਜਾਬ ਵਾਸੀਆਂ ਲਈ ਸਵੀਕਾਰਯੋਗ ਨਹੀਂ  ਹੋ ਸਕਦਾ ਹੈ। 
ਬਾਜਵਾ ਨੇ ਕਿਹਾ, ਸੂਬੇ ਨੂੰ ਨੌਕਰਸ਼ਾਹਾਂ ਦੇ ਰਹਿਮੋ-ਕਰਮ 'ਤੇ ਛੱਡਣਾ, ਖ਼ਾਸ ਤੌਰ 'ਤੇ ਜਿਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮਾਮਲਿਆਂ ਨੂੰ ਚਲਾਉਣ ਲਈ ਦਿੱਲੀ ਤੋਂ ਚੁਣਿਆ ਹੈ, ਸਿਰਫ਼ ਲਾਪਰਵਾਹੀ ਹੀ ਨਹੀਂ, ਸਗੋਂ ਅਪਰਾਧ ਹੈ।
ਬਾਜਵਾ ਨੇ ਕਿਹਾ ਕਿ ਜ਼ੀਰਾ ਦੀ ਸ਼ਰਾਬ ਫ਼ੈਕਟਰੀ ਨੂੰ ਲੈ ਕੇ ਚੱਲ ਰਹੇ ਅੰਦੋਲਨ ਬਾਰੇ ਪੂਰੀ ਦੁਨੀਆ ਜਾਣਦੀ ਹੈ, ਜਿੱਥੇ ਸੂਬੇ ਦੀ ਸਰਕਾਰ ਅਤੇ ਫ਼ਿਰੋਜ਼ਪੁਰ ਸਥਾਨਕ ਪ੍ਰਸ਼ਾਸਨ ਦੋਵੇਂ ਇਸ ਮੁੱਦੇ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੇ ਹਨ ਜੋ ਪਿਛਲੇ ਪੰਜ ਮਹੀਨਿਆਂ ਦੇ ਵੱਧ ਸਮੇਂ ਤੋਂ ਲਟਕ ਰਿਹਾ ਹੈ। 
ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦਾ ਰਾਜਸਥਾਨ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਅਨੰਦ ਲੈਣਾ ਕਿੰਨਾ ਅਸੰਵੇਦਨਸ਼ੀਲ ਹੈ ਜਦੋਂ ਜਲੰਧਰ ਦੇ ਲਤੀਫਪੁਰਾ ਇਲਾਕੇ ਦੇ ਕਈ ਪਰਿਵਾਰ ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਸਮੇਤ ਸਿਰਾਂ 'ਤੇ ਛੱਤਾਂ ਤੋਂ ਬਿਨਾਂ ਠੰਢ ਦੀਆਂ ਰਾਤਾਂ ਕੱਟਣ ਲਈ ਮਜ਼ਬੂਰ ਹਨ ਨ। ਰਾਜਪੁਰਾ ਵਿੱਚ ਟਰੱਕ ਅਪਰੇਟਰਾਂ ਨੇ ਅੰਦੋਲਨ ਕੀਤਾ ਹੋਇਆ ਹੈ। ਪਹਿਲਾਂ, ਜਦੋਂ ਮਾਨ ਸਨਅਤਕਾਰਾਂ ਨੂੰ ਨਿਵੇਸ਼ ਲਈ ਲੁਭਾਉਣ ਲਈ ਦੱਖਣੀ ਸੂਬਿਆਂ ਦੇ ਦੌਰੇ 'ਤੇ ਸਨ, ਤਾਂ ਮੌਜ਼ੂਦਾ ਕਾਰੋਬਾਰੀ ਅਤੇ ਉਦਯੋਗਪਤੀ ਨਿਵੇਸ਼ ਕਰਨ ਲਈ ਯੂਪੀ ਚਲੇ ਗਏ ਸਨ।
ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ "ਮੁੱਖ ਮੰਤਰੀ ਭਗਵੰਤ ਮਾਨ ਨਾਜ਼ੁਕ ਸਥਿਤੀ ਵਿੱਚ ਸੂਬਾ ਛੱਡ ਕੇ ਛੁੱਟੀਆਂ ਦਾ ਅਨੰਦ ਨਹੀਂ ਮਾਣ ਸਕਦੇ ਜਾਂ ਫਿਰ ਮਾਨ ਨੂੰ ਇਹ ਕਬੂਲ ਕਰ ਲੈਣਾ ਚਾਹੀਦਾ ਹੈ ਕਿ ਪੰਜਾਬ ਵਿੱਚ 'ਆਪ' ਸਰਕਾਰ ਅਸਲ ਵਿੱਚ ਨਵਲ ਅਗਰਵਾਲ ਵਰਗੇ ਲੋਕਾਂ ਦੁਆਰਾ ਚਲਾਈ ਜਾ ਰਹੀ ਹੈ, ਜਿਨ੍ਹਾਂ ਨੂੰ ਦਿੱਲੀ ਵਿੱਚ ਉਸ ਦੇ ਆਕਾਵਾਂ ਦੁਆਰਾ ਨਿਯੁਕਤ ਕੀਤਾ ਗਿਆ ਸੀ।" 
ਸਾਂਝਾ ਮੋਰਚਾ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਭਗਵੰਤ ਮਾਨ ਸਰਕਾਰ ਵੱਲੋਂ ਬਣਾਈਆਂ ਵੱਖ-ਵੱਖ ਕਮੇਟੀਆਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਕਮੇਟੀਆਂ ਵਿੱਚ ਨਾਮਜ਼ਦ ਕੀਤੇ ਗਏ ਅਧਿਕਾਰੀਆਂ 'ਤੇ ਕੋਈ ਭਰੋਸਾ ਨਹੀਂ ਹੈ। 
ਰਾਜਬੀਰ ਸਿੰਘ ਨਾਂ ਦੇ 40 ਸਾਲਾ ਵਿਅਕਤੀ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਗਈ ਸੀ, ਜਿਸ ਦਾ ਘਰ ਜ਼ੀਰਾ ਸ਼ਰਾਬ ਦੀ ਡਿਸਟਿਲਰੀ ਦੇ ਬਿਲਕੁਲ ਨੇੜੇ ਹੈ। ਮੁੱਢਲੀ ਡਾਕਟਰੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਰਾਜਬੀਰ ਦੀ ਮੌਤ ਗੁਰਦੇ ਦੀ ਬਿਮਾਰੀ ਕਾਰਨ ਹੋਈ ਹੈ, ਜਿਸ ਬਾਰੇ ਮੌਤ ਤੋਂ ਪਹਿਲਾਂ ਰਾਜਬੀਰ ਨੇ ਕਿਹਾ ਸੀ ਕਿ ਦੂਸ਼ਿਤ ਪਾਣੀ ਦੇ ਲਗਾਤਾਰ ਸੇਵਨ ਕਾਰਨ ਉਹ ਰੋਗ ਗ੍ਰਸਤ ਹੋ ਗਿਆ। 
ਬਾਜਵਾ ਨੇ ਕਿਹਾ ਭਗਵੰਤ ਮਾਨ ਗੁਜਰਾਤ ਚੋਣਾਂ ਦੌਰਾਨ ਲਗਾਤਾਰ 15 ਦਿਨ ਪੰਜਾਬ ਤੋਂ ਲਾਪਤਾ ਸੀ। ਗੁਜਰਾਤ ਚੋਣਾਂ ਤੋਂ ਪਹਿਲਾਂ ਵੀ ਉਹ ਹਿਮਾਚਲ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਸਨ। ਉਹ ਨਿਵੇਸ਼ ਲੈਣ ਲਈ ਜਰਮਨੀ ਅਤੇ ਬਾਅਦ ਵਿੱਚ ਚੇਨਈ ਅਤੇ ਹੈਦਰਾਬਾਦ ਗਏ ਪਰ ਨਿਵੇਸ਼ ਵੀ ਕਦੇ ਨਹੀਂ ਆਇਆ ਤੇ ਉਨ੍ਹਾਂ ਦੀ ਗੈਰ ਮੌਜੂਦਗੀ ਕਾਰਨ ਪੰਜਾਬ ਹੋਰ ਡੂੰਘੇ ਸੰਕਟ ਦਾ ਸ਼ਿਕਾਰ ਹੋ ਗਿਆ। 
ਬਾਜਵਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਸੂਬੇ 'ਚੋਂ ਇੰਨੇ ਦਿਨਾਂ ਤੋਂ ਲਾਪਤਾ ਹਨ, ਖ਼ਾਸ ਕਰ ਕੇ ਜਦੋਂ ਪੰਜਾਬ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਤਾਂ ਇਹ ਅਸਲ 'ਚ ਭਗਵੰਤ ਮਾਨ ਦਾ ਅਪਰਾਧ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.