ਦੋਰਾਹਾ ਵਿਖੇ ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਦੇ ਨਾਮ ਉਤੇ ਬਣੇਗਾ ਕਮਿਊਨਿਟੀ ਹੈਲਥ ਸੈਂਟਰ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਰੱਖਿਆ ਨੀਂਹ ਪੱਥਰ
ਚੰਡੀਗੜ/ ਲੁਧਿਆਣਾ, 31 ਅਗਸਤ (000) - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸੇ ਕਰਕੇ ਹੀ ਸੂਬੇ ਵਿਚ 37ਨਵੇਂ ਹਸਪਤਾਲ ਸਾਲ 2020 ਦੇ ਅੰਤ ਤਕ ਚਾਲੂ ਕਰਨ ਦਾ ਟੀਚਾ ਹੈ, ਜਿਹਨਾਂ ਵਿੱਚੋਂ 27 ਦੇ ਕਰੀਬ ਚਾਲੂ ਕਰ ਦਿੱਤੇ ਗਏ ਹਨ।
ਅੱਜ ਦੋਰਾਹਾ ਵਿਖੇ ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਦੇ ਨਾਮ ਉਤੇ ਕਮਿਊਨਿਟੀ ਹੈਲਥ ਸੈਂਟਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਦੇ ਹੋਏ ਸ੍ਰ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਸਿਹਤ ਸਹੂਲਤਾਂ ਦੇ ਵਿਕਾਸ ਨੂੰ ਤਰਜੀਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਇਹ ਹਸਪਤਾਲ 9 ਕਰੋੜ ਰੁਪਏ ਦੀ ਲਾਗਤ ਨਾਲ ਅਗਲੇ 15 ਮਹੀਨੇ ਵਿੱਚ ਤਿਆਰ ਕਰਨ ਦਾ ਟੀਚਾ ਹੈ। ਜਿਸ ਨਾਲ 50ਹਜ਼ਾਰ ਤੋਂ ਵਧੇਰੇ ਦੀ ਆਬਾਦੀ ਨੂੰ ਲਾਭ ਹੋਵੇਗਾ।
ਸਰਕਾਰੀ ਹਸਪਤਾਲਾਂ ਵਿੱਚ ਸਟਾਫ ਦੀ ਕਮੀ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਗੱਲ ਕਰਦਿਆਂ ਓਹਨਾ ਕਿਹਾ ਕਿ ਇਹ ਘਾਟ ਪੂਰੀ ਕਰਨ ਲਈ 4000 ਅਸਾਮੀਆਂ ਭਰਨ ਦੀ ਪ੍ਰਕਿਰਿਆ ਚਲਾਈ ਗਈ ਹੈ। ਇਸ ਤੋਂ ਇਲਾਵਾ ਹੋਰ ਸਹਾਇਕ ਅਸਾਮੀਆਂ ਵੀ ਜਲਦ ਹੀ ਭਰੀਆਂ ਜਾਣਗੀਆਂ। ਹੋਰ ਕੱਚੇ ਮੁਲਾਜਮ ਵੀ ਪੱਕੇ ਕੀਤੇ ਜਾਣਗੇ।
ਓਹਨਾ ਕਿਹਾ ਕਿ ਕੋਵਿਡ ਨਾਲ ਨਜਿੱਠਣ ਵਿੱਚ ਪੰਜਾਬ ਦੀ ਕਾਰਗੁਜਾਰੀ ਬਹੁਤ ਵਧੀਆ ਰਹੀ ਹੈ। ਓਹਨਾ ਕਿਹਾ ਕਿ ਲੋਕਾਂ ਦੀ ਜਾਨ ਬਚਾਉਣਾ ਸਾਡੀ ਪਹਿਲ ਹੈ। ਓਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਨੂੰ ਕਾਮਯਾਬ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ।
ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਹਲਕਾ ਪਾਇਲ ਦੇ ਵਿਧਾਇਕ ਸ੍ਰ ਲਖਬੀਰ ਸਿੰਘ ਲੱਖਾ ਨੇ ਇਲਾਕੇ ਦੀਆਂ ਮੰਗਾਂ ਦਾ ਜ਼ਿਕਰ ਕੀਤਾ। ਓਹਨਾ ਕਿਹਾ ਕਿ ਇਹ ਸ਼ਹਿਰ ਮੁੱਖ ਮਾਰਗ ਉਤੇ ਹੋਣ ਕਾਰਨ ਏਥੇ ਸਿਹਤ ਸਹੂਲਤਾਂ ਦੀ ਕਮੀ ਨਹੀਂ ਹੋਣੀ ਚਾਹੀਦੀ ਹੈ। ਓਹਨਾ ਇਹ ਹਸਪਤਾਲ ਇਸ ਇਲਾਕੇ ਨੂੰ ਦੇਣ ਲਈ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਦਾ ਧੰਨਵਾਦ ਕੀਤਾ।
ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਤ ਮੰਤਰੀ ਸ੍ਰ ਮਨਪ੍ਰੀਤ ਸਿੰਘ ਬਾਦਲ ਨੇ ਭਰੋਸਾ ਦਿੱਤਾ ਹੈ ਕਿ ਉਹ ਹਲਕਾ ਪਾਇਲ ਦੇ ਵਿਕਾਸ ਲਈ ਇਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨਗੇ।ਉਹਨਾਂ ਦੱਸਿਆ ਕਿ ਇਹ ਹਸਪਤਾਲ ਇਲਾਕੇ ਦੇ ਲੋਕਾਂ ਦੀ 30 ਸਾਲ ਪੁਰਾਣੀ ਮੰਗ ਸੀ।
ਉਹਨਾਂ ਕਿਹਾ ਕਿ ਇਹ ਹਸਪਤਾਲ ਹਲਕਾ ਪਾਇਲ ਦੇ 30 ਤੋਂ ਵਧੇਰੇ ਪਿੰਡਾਂ ਲਈ ਵਰਦਾਨ ਸਾਬਿਤ ਹੋਵੇਗਾ। ਉਹਨਾਂ ਦੋਰਾਹਾ ਵਿੱਚ ਮਿ੍ਰਤਕ ਦੇਹਾਂ ਦੀ ਸੰਭਾਲ ਲਈ ਮੋਰਚਰੀ ਦੇਣ ਦੀ ਵੀ ਮੰਗ ਕੀਤੀ। ਓਹਨਾ ਕਿਹਾ ਕਿ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਕੋਵਿੱਡ ਦੌਰਾਨ ਤੁਹਾਡੀ ਅਗਵਾਈ ਵਿੱਚ ਨਿਭਾਈ ਡਿਊਟੀ ਨੂੰ ਪੂਰੇ ਦੇਸ਼ ਨੇ ਮਾਨਤਾ ਦਿੱਤੀ ਹੈ।
ਇਸ ਮੌਕੇ ਉਕਤ ਤੋਂ ਇਲਾਵਾ ਹਲਕਾ ਖੰਨਾ ਦੇ ਵਿਧਾਿਕ ਸ੍ਰ ਗੁਰਕੀਰਤ ਸਿੰਘ ਕੋਟਲੀ, ਸਾਬਕਾ ਮੰਤਰੀ ਸ੍ਰ ਮਲਕੀਅਤ ਸਿੰਘ ਦਾਖਾ, ਜ਼ਿਲਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਸ੍ਰ ਯਾਦਵਿੰਦਰ ਸਿੰਘ ਜੰਡਿਆਲੀ ਅਤੇ ਹੋਰ ਲੋਕ ਵੀ ਹਾਜ਼ਰ ਸਨ।