ਸਿਟਰਸ ਫਲਾਂ ਦੇ ਛਿਲਕਿਆਂ ਤੋਂ ਬਣਿਆ ਪੋਲਟਰੀ ਫੀਡ ਸਪਲੀਮੈਂਟ (ਲਿਮੋਪੈਨ)-ਨੈਨੋ ਤਕਨਾਲੋਜੀ ਦੀ ਵਰਤੋਂ ਨਾਲ ਐਂਟੀਬਾਇਓਟਿਕ ਮੁਕਤ ਪੋਲਟਰੀ ਫਾਰਮਿੰਗ ਵੱਲ ਇੱਕ ਵਿਸ਼ੇਸ਼ ਕਦਮ
ਚੰਡੀਗੜ, 31 ਅਗਸਤ:
ਪੰਜਾਬੀ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਮਿੰਨੀ ਸਿੰਘ ਅਤੇ ਆਈਏਐਸ ਅਧਿਕਾਰੀ ਤੇ ਖੇਤੀਬਾੜੀ ਪੰਜਾਬ ਦੇ ਮੌਜੂਦਾ ਸਕੱਤਰ ਸ. ਕਾਹਨ ਸਿੰਘ ਪਨੂੰ, ਨੇ ਇਕ ਸਹਿਯੋਗੀ ਖੋਜ ਪ੍ਰਾਜੈਕਟ ਵਿਚ ਨੈਨੋ ਤਕਨਾਲੋਜੀ ਅਤੇ ਬਾਇਓ ਟੈਕਨਾਲੋਜੀ ਦੀ ਵਰਤੋਂ ਕਰਦਿਆਂ 5 ਸਾਲਾਂ ਦੇ ਖੋਜ ਪ੍ਰੋਜੈਕਟ ਰਾਹੀਂ ਸਿਟਰਸ ਫਲਾਂ ਦੇ ਛਿਲਕਿਆਂ ਵਿਚ ਮੌਜੂਦ ਲਿਮੋਨਿਨ ਨੂੰ ਕੱਢਣ ਵਿਚ ਸਫਲਤਾ ਹਾਸਲ ਕੀਤੀ ਹੈ। ਲਿਮੋਨਿਨ ਵਿਚ ਕਾਫੀ ਮਾਤਰਾ ਵਿਚ ਕੁਦਰਤੀ ਐਂਟੀਬਾਇਓਟਿਕ ਗੁਣ ਪਾਏ ਜਾਂਦੇ ਹਨ।
ਸ. ਕਾਹਨ ਸਿੰਘ ਪਨੂੰ ਨੇ ਦੱਸਿਆ ਕਿ ਇਸ ਉਤਪਾਦ ਦੀ ਪੋਲਟਰੀ ਫਾਰਮਿੰਗ ਵਿੱਚ ਐਂਟੀਬਾਇਓਟਿਕਸ ਦੀ ਵਰਤੋਂ ਦੇ ਬਦਲ ਦੇ ਰੂਪ ਵਿਚ ਪੋਲਟਰੀ ਫੀਡ ਸਪਲੀਮੈਂਟ ਵਜੋਂ ਵਰਤੋਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪੋਲਟਰੀ ਫੀਡ ਵਿਚ ਐਂਟੀਬਾਇਓਟਿਕ ਦੀ ਨਿਰੰਤਰ ਵਰਤੋਂ ਨੂੰ ਮਨੁੱਖਾਂ ਵਿਚ ਐਂਟੀਬਾਇਓਟਿਕ ਪ੍ਰਤੀਰੋਧਕ ਪਾਏ ਜਾਣ ਦਾ ਕਾਰਨ ਮੰਨਿਆ ਗਿਆ ਹੈ, ਕਿਉਂਕਿ ਮਨੁੱਖ ਪੋਲਟਰੀ ਵਿਚ ਬਣੇ ਰਹਿੰਦ-ਖੂੰਹਦ ਦੇ ਜ਼ਰੀਏ ਪੈਸਿਵ ਖਪਤਕਾਰ ਬਣ ਜਾਂਦੇ ਹਨ।
ਉਹਨਾਂ ਦੱਸਿਆ ਕਿ ਫਾਈਟੋ ਕੰਪੋਨੈਂਟਸ ਦੀ ਇੱਕ ਵਿਸ਼ੇਸ਼ ਸ਼੍ਰੇਣੀ, ਸਿਟਰਸ ਫਲਾਂ ਦੇ ਛਿਲਕਿਆਂ ਵਿੱਚ ਕਾਫ਼ੀ ਮਾਤਰਾ ਵਿੱਚ ਪਾਈ ਜਾਂਦੀ ਹੈ। ਲਿਮੋਨੋਇਡਜ਼ ਵਿੱਚ ਐਂਟੀਮਾਈਕਰੋਬਾਇਲ ਗਤੀਵਿਧੀ ਹੁੰਦੀ ਹੈ ਅਤੇ ਇਸ ਵਿਚ ਐਂਟੀਬਾਇਓਟਿਕ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ, ਜੋ ਇਸ ਉਤਪਾਦ ਦੀ ਵਰਤੋਂ ਦਾ ਅਧਾਰ ਬਣਿਆ ਹੈ।
ਸ. ਪਨੂੰ ਨੇ ਕਿਹਾ ਕਿ ਪੋਲਟਰੀ ਵਿਚ ਇਸ ਦੇ ਜਜ਼ਬ ਕਰਨ ਦੀ ਸਮਰੱਥਾ ਵਿਚ ਸੁਧਾਰ ਕਰਨ ਲਈ, ਨੈਨੋ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ ਜਿਸ ਦੇ ਟਰਾਇਲ ਵਿਚ ਸਕਾਰਾਤਮ ਨਤੀਜੇ ਪਾਏ ਗਏ ਜੋ ਕਿ ਗਡਵਾਸੂ, ਲੁਧਿਆਣਾ ਵਿਖੇ ਵਿਗਿਆਨੀਆਂ ਦੀ ਇਕ ਟੀਮ ਦੁਆਰਾ ਕੀਤਾ ਗਿਆ ਸੀ। ਅਧਿਐਨ ਵਿਚ ਮਾਸਪੇਸ਼ੀਆਂ ਦੇ ਵਜ਼ਨ ਅਤੇ ਲਾਲੀ ਦੇ ਮੱਦੇਨਜ਼ਰ ਸਿਹਤ ਵਿੱਚ ਸੁਧਾਰ ਹੋਇਆ ਜੋ ਪੋਲਟਰੀ ਉਦਯੋਗ ਲਈ ਪੋਲਟਰੀ ਮੀਟ ਦੀਆਂ ਵਿਸ਼ੇਸ਼ਤਾਵਾਂ ਵਿਚ ਮਹੱਤਵਪੂਰਨ ਸੁਧਾਰ ਦਾ ਸਪਸ਼ਟ ਸੂਚਕ ਹੈ। ਸ. ਪੰਨੂ ਨੇ ਕਿਹਾ ਕਿ ਉਮੀਦ ਕੀਤੀ ਜਾਂਦੀ ਹੈ ਕਿ ਇਸ ਉਤਪਾਦ ਨੂੰ ਸ਼ਾਮਲ ਕਰਨ ਨਾਲ ਨਾ ਸਿਰਫ ਮਨੁੱਖੀ ਖਪਤ ਲਈ ਪੋਲਟਰੀ ਅਧਾਰਤ ਉਤਪਾਦਾਂ ਵਿਚ ਬਿਹਤਰੀ ਆਵੇਗੀ ਬਲਕਿ ਇਸ ਦੇ ਨਿਰਯਾਤ ਵਿਚ ਵੀ ਵਾਧਾ ਹੋਵੇਗਾ।
ਸ. ਪੰਨੂ ਨੇ ਕਿਹਾ ਕਿ ਅਜਿਹਾ ਕਰਦਿਆਂ ਬਾਗਬਾਨੀ ਕੂੜੇ ਦੀ ਵਰਤੋਂ ਅਤੇ ਇਸ ਨੂੰ ਮਹੱਤਵਪੂਰਣ ਉਤਪਾਦਾਂ ਵਿੱਚ ਬਦਲਣ ਲਈ ਇੱਕ ਹੱਲ ਮੁਹੱਈਆ ਕਰਾਇਆ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੁਆਰਾ ਇਸ ਉਤਪਾਦ ਲਈ ਟੈਕਨੋਲੋਜੀ ਟ੍ਰਾਂਸਫਰ ਦੀ ਪ੍ਰਕਿਰਿਆ ਜਾਰੀ ਹੈ।
ਉਹਨਾਂ ਦੱਸਿਆ ਕਿ ਮਨੁੱਖੀ ਖਪਤ ਲਈ ਪੌਸ਼ਟਿਕ ਤੌਰ ‘ਤੇ ਵਿਕਸਿਤ ਇਕ ਹੋਰ ਰੂਪ ਜੋ ਲੀਵਰ ਦੀ ਬਿਮਾਰੀ ਨੂੰ ਦੂਰ ਕਰਨ ਦੇ ਉਦੇਸ਼ ਨਾਲ ਗੈਰ-ਅਲਕੋਹਲ ਲੀਵਰ ਦੀ ਬਿਮਾਰੀ ਵਾਲੇ ਮਰੀਜ਼ਾਂ ਲਈ ਮਨੁੱਖੀ ਅਜ਼ਮਾਇਸ਼ਾਂ ਵਿਚੋਂ ਲੰਘ ਰਿਹਾ ਹੈ। ਉਨਾਂ ਦੱਸਿਆ ਕਿ ਇਹ ਟਰਾਇਲ ਡੀਐਮਸੀ, ਲੁਧਿਆਣਾ ਦੇ ਗੈਸਟਰੋਐਂਟਰੋਲੋਜਿਸਟ ਵਿਭਾਗ ਦੁਆਰਾ ਕੀਤਾ ਜਾ ਰਿਹਾ ਹੈ।