ਤਾਜਾ ਖਬਰਾਂ
ਹਦਾਇਤਾਂ 30 ਸਤੰਬਰ ਤੱਕ ਲਾਗੂ ਰਹਿਣਗੀਆਂ
ਹੁਸ਼ਿਆਰਪੁਰ, 31 ਅਗਸਤ: ਪੰਜਾਬ ਸਰਕਾਰ ਵਲੋਂ ਸੋਮਵਾਰ ਸ਼ਾਮ ਨੂੰ ਜਾਰੀ ਅਨਲਾਕ-4 ਦੀਆਂ ਹਦਾਇਤਾਂ ਦੀ ਲਗਾਤਾਰਤਾ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ-ਕਮ- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਹੁਕਮ ਜਾਰੀ ਕੀਤੇ ਹਨ ਜੋ ਕਿ 1 ਸਤੰਬਰ ਤੋਂ 30 ਸਤੰਬਰ ਤੱਕ ਸ਼ਹਿਰੀ ਖੇਤਰਾਂ ਵਿੱਚ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਸੀ.ਆਰ.ਪੀ.ਸੀ ਦੀ ਧਾਰਾ 144 ਤਹਿਤ ਜਾਰੀ ਕੀਤੇ ਹੁਕਮਾਂ ਅਨੁਸਾਰ ਸ਼ਨੀਵਾਰ ਅਤੇ ਐਤਵਾਰ ਨੂੰ ਮਿਊਂਸਿਪਲ ਹੱਦਾਂ ਵਿੱਚ 30 ਸਤੰਬਰ ਤੱਕ ਟੋਟਲ ਕਰਫਿਊ ਜਾਰੀ ਰਹੇਗਾ ਅਤੇ ਗੈਰ-ਜ਼ਰੂਰੀ ਗਤੀਵਿਧੀਆਂ ਲਈ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਹਫ਼ਤੇ ਦੇ ਸਾਰੇ ਦਿਨਾਂ ਦੌਰਾਨ ਮੂਵਮੈਂਟ ’ਤੇ ਪਾਬੰਦੀ ਰਹੇਗੀ ।
ਹੁਕਮਾਂ ਅਨੁਸਾਰ ਜ਼ਰੂਰੀ ਗਤੀਵਿਧੀਆਂ ਅਤੇ ਸੇਵਾਵਾਂ ਲਈ ਕੌਮੀ ਅਤੇ ਸੂਬਾਈ ਮਾਰਗਾਂ ’ਤੇ ਲੋਕਾਂ ਅਤੇ ਵਾਹਨਾਂ ਦੀ ਗਤੀਵਿਧੀ ਜਾਰੀ ਰੱਖੀ ਜਾ ਸਕੇਗੀ ਜਦਕਿ ਬੱਸਾਂ, ਰੇਲਾਂ ਜਾਂ ਹਵਾਈ ਸਫਰ ਵਾਲੇ ਮੁਸਾਫਰ ਇਸ ਦੌਰਾਨ ਆਪਣੀ ਮੰਜ਼ਿਲ ਤੱਕ ਪੁੱਜ ਸਕਦੇ ਹਨ। ਸਿਹਤ, ਖੇਤੀਬਾੜੀ, ਡੇਅਰੀ, ਮੱਛੀ ਪਾਲਣ, ਬੈਂਕ, ਏਟੀਐਮ, ਸ਼ੇਅਰ ਬਾਜ਼ਾਰ, ਬੀਮਾ ਕੰਪਨੀਆਂ, ਆਨ ਲਾਈਨ ਪੜ੍ਹਾਈ, ਜਨਤਕ ਸਹੂਲਤਾਂ, ਵੱਖ-ਵੱਖ ਸ਼ਿਫਟਾਂ ਵਿਚ ਉਦਯੋਗਾਂ ਲਈ ਜਨਤਕ ਟਰਾਂਸਪੋਰਟ, ਕੰਸਟਰੱਕਸ਼ਨ ਸਨਅਤ, ਨਿੱਜੀ ਤੇ ਸਰਕਾਰੀ ਦਫਤਰ ਅਤੇ ਪ੍ਰਿੰਟ ਤੇ ਵਿਜ਼ੂਅਲ ਮੀਡੀਆ ਇਨ੍ਹਾਂ ਪਾਬੰਦੀਆਂ ਤੋਂ ਬਾਹਰ ਰੱਖੇ ਗਏ ਹਨ। ਇਮਤਿਹਾਨਾਂ, ਯੂਨੀਵਰਸਿਟੀਆਂ/ਬੋਰਡਾਂ, ਲੋਕ ਸੇਵਾ ਕਮਿਸ਼ਨ ਅਤਟ ਹੋਰ ਸੰਸਥਾਵਾਂ ਦੇ ਦਾਖਲੇ/ਦਾਖਲਾ ਟੈਸਟ ਨਾਲ ਜੁੜੇ ਲੋਕਾਂ ਅਤੇ ਵਿਦਿਆਰਥੀਆਂ ’ਤੇ ਵੀ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ।
ਇਸ ਤੋਂ ਇਲਾਵਾ ਸਾਰੀਆਂ ਦੁਕਾਨਾਂ/ਮਾਲਜ਼, ਧਾਰਮਿਕ ਸਥਾਨ, ਖੇਡ ਸਟੇਡੀਅਮ/ਜਨਤਕ ਕੰਪਲੈਕਸ, ਰੈਸਟੋਰੈਂਟ, ਹੋਟਲ ਅਤੇ ਸ਼ਰਾਬ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀ ਸਾਢੇ 6 ਵਜੇ ਤੱਕ ਖੁੱਲ੍ਹੀਆਂ ਰੱਖੀਆਂ ਜਾ ਸਕਦੀਆਂ ਹਨ। ਜਦਕਿ ਸਾਰੀਆਂ ਦੁਕਾਨਾਂ/ਮਾਲਜ਼ ਸ਼ਨੀਵਾਰ ਅਤੇ ਬੰਦ ਰਹਿਣਗੀਆਂ ਅਤੇ ਸਿਰਫ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਮ ਸਾਢੇ 6 ਵਜੇ ਤੱਕ ਖੋਲ੍ਹੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਧਾਰਮਿਕ ਸਥਾਨ ਵੀ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਮੀਂ ਸਾਢੇ 6 ਵਜੇ ਤੱਕ ਖੁੱਲ੍ਹੇ ਰੱਖੇ ਜਾ ਸਕਦੇ ਹਨ। ਰੈਸਟੋਰੈਂਟ, ਹੋਟਲ ਅਤੇ ਸ਼ਰਾਬ ਦੇ ਠੇਕੇ ਵੀ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਮੀਂ ਸਾਢੇ 6 ਵਜੇ ਤੱਕ ਖੋਲ੍ਹੇ ਜਾ ਸਕਦੇ ਹਨ।
ਚਾਰ ਪਹੀਆ ਵਾਹਨਾਂ ਵਿਚ ਡਰਾਇਵਰ ਸਮੇਤ ਤਿੰਨ ਵਿਅਕਤੀ ਸਫਰ ਕਰ ਸਕਦੇ ਹਨ ਜਦਕਿ ਬੱਸਾਂ ਅਤੇ ਜਨਤਕ ਟਰਾਂਸਪੋਰਟ ਵਾਹਨਾਂ ਵਿਚ ਅੱਧੀਆਂ ਸੀਟਾਂ ਹੀ ਭਰੀਆਂ ਜਾ ਸਕਦੀਆਂ ਹਨ । ਹਰ ਤਰ੍ਹਾਂ ਦੇ ਸਮਾਜਿਕ, ਸਿਆਸੀ, ਧਾਰਮਿਕ, ਰੋਸ ਵਿਖਾਵਿਆਂ ਅਤੇ ਧਰਨਿਆਂ ’ਤੇ ਪਾਬੰਦੀ ਲਗਾਈ ਗਈ ਹੈ। ਸਿਰਫ ਵਿਆਹ ਅਤੇ ਅੰਤਿਮ ਸੰਸਕਾਰ ਮੌਕੇ ਕ੍ਰਮਵਾਰ 30 ਅਤੇ 20 ਵਿਅਕਤੀ ਇਕੱਠੇ ਹੋ ਸਕਦੇ ਹਨ।
ਮਹੀਨੇ ਦੇ ਅੰਤ ਤੱਕ ਸਰਕਾਰੀ ਅਤੇ ਨਿੱਜੀ ਦਫਤਰਾਂ ਵਿਚ 50 ਫੀਸਦੀ ਸਟਾਫ ਦੇ ਹਾਜ਼ਰ ਰਹਿਣ ਲਈ ਹੁਕਮ ਜਾਰੀ ਕੀਤੇ ਗਏ ਹਨ। ਦਫਤਰਾਂ ਵਿਚ ਮੁਲਾਕਾਤ/ਕੰਮ ਲਈ ਆਉਣ ਵਾਲਿਆਂ ਨੂੰ ਆਪਣਾ ਕੰਮ ਆਨ ਲਾਈਨ ਕਰਵਾਉਣ ਅਤੇ ਪੰਜਾਬ ਸ਼ਿਕਾਇਤ ਨਿਵਾਰਣ ਸਿਸਟਮ (ਪੀ.ਜੀ. ਆਰ. ਐਸ.) ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਮੁਖੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ।
Get all latest content delivered to your email a few times a month.