ਤਾਜਾ ਖਬਰਾਂ
ਪਿਛਲੇ ਲਗਭਗ ਤਿੰਨ ਮਹੀਨਿਆਂ ਤੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਮੂਹ ਸਟਾਫ ਵੱਲੋਂ ਦਿਨ-ਰਾਤ ਇੱਕ ਕਰਕੇ ਪੂਰੀ ਤਨਦੇਹੀ ਨਾਲ ਲੋਕ ਚੇਤਨਾ ਮੁਹਿੰਮ ਚਲਾਈ ਜਾ ਰਹੀ ਹੈ, ਪ੍ਰੰਤੂ ਸਰਕਾਰ ਵੱਲੋਂ ਵਿਭਾਗ ਦੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦੇਣ ਨਾਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦਾ ਮਨੋਬਲ ਡਿੱਗਿਆ ਹੈ ਅਤੇ ਸਮੂਹ ਸਟਾਫ਼ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਖੇਤੀ ਟੈਕਨੋਕ੍ਰੇਟਸ ਦੀ ਸਾਂਝੀ ਜਥੇਬੰਦੀ, "ਐਗਰੀਕਲਚਰ ਟੈਕਨੋਕ੍ਰੇਟਸ ਐਕਸ਼ਨ ਕਮੇਟੀ, ਪੰਜਾਬ" ਸਰਕਾਰ ਦੇ ਚੁੱਕੇ ਇਸ ਕਦਮ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਰੋਸ ਵਜੋਂ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਦੱਸਣਯੋਗ ਹੈ ਕਿ ਪਰਾਲੀ ਪ੍ਰਬੰਧਨ ਵਿੱਚ ਹੋਰ ਵੀ ਕਈ ਵਿਭਾਗਾਂ ਦੀਆਂ ਡਿਊਟੀਆਂ ਲੱਗੀਆਂ ਹਨ, ਪਰੰਤੂ ਬਾਖੂਬੀ ਆਪਣੀ ਸੇਵਾ ਨਿਭਾਅ ਰਹੇ ਖੇਤੀ ਅਧਿਕਾਰੀਆਂ ਉੱਤੇ ਕਾਰਵਾਈ ਕਰਨਾ ਬਿਲਕੁਲ ਵੀ ਜਾਇਜ਼ ਨਹੀਂ ਹੈ। ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਪਰਾਲ਼ੀ ਪ੍ਰਬੰਧਨ ਤਕਨੀਕੀ ਪੱਖੋਂ ਸਿੱਖਿਅਤ ਕਰਨ ਦੇ ਲਈ ਕਿਸਾਨ ਜਾਗਰੂਕਤਾ ਕੈਂਪਾਂ ਰਾਹੀਂ, ਪ੍ਰਚਾਰ ਵੈਨਾਂ ਰਾਹੀਂ, ਸਕੂਲਾਂ ਵਿੱਚ ਬੱਚਿਆਂ ਨੂੰ ਜਾਗਰੂਕ ਕਰਕੇ ਅਤੇ ਹੋਰ ਕਈ ਪਸਾਰ ਮਾਧਿਅਮਾਂ ਰਾਹੀਂ ਘਰ-ਘਰ ਪਰਾਲੀ ਨਾ ਸਾੜਨ ਦਾ ਸੁਨੇਹਾ ਪਹੁੰਚਾਉਣ ਵਿਚ ਕਾਮਯਾਬ ਹੋਇਆ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਪਰਾਲੀ ਸਾਂਭਣ ਲਈ ਮੁਹੱਈਆ ਕਰਵਾਈ ਗਈ ਖੇਤੀ ਮਸ਼ੀਨਰੀ ਕਿਸਾਨਾਂ ਨੂੰ ਸਮੇਂ ਸਿਰ ਉਪਲਬਧ ਕਰਵਾਉਣਾ ਯਕੀਨੀ ਬਣਾਇਆ ਗਿਆ ਹੈ। ਖੇਤੀ ਪਸਾਰ ਸੇਵਾਵਾਂ ਦੇ ਪਿਛਲੇ ਸਮੇਂ ਦੌਰਾਨ ਵਧੇ ਰੋਲ ਕਾਰਨ ਹੀ ਕਿਸਾਨ ਝੋਨੇ ਦੀ ਪਰਾਲੀ ਨਾ ਸਾੜਨ ਲਈ ਮਾਨਸਿਕ ਤੌਰ 'ਤੇ ਤਿਆਰ ਹੋ ਰਹੇ ਹਨ ਅਤੇ ਪਿਛਲੇ ਸਾਲਾਂ ਦੇ ਮੁਕਾਬਲੇ ਪਰਾਲੀ ਨੂੰ ਅੱਗ ਲਾਉਣ ਦੇ ਕੇਸਾਂ ਵਿਚ ਵੀ ਭਾਰੀ ਕਮੀ ਆਈ ਹੈ। ਜੇਕਰ ਫਿਰ ਵੀ ਕੁਝ ਕਿਸਾਨ ਆਪਣੇ ਖੇਤਾਂ ਵਿਚ ਅੱਗ ਲਾ ਰਹੇ ਹਨ ਤਾਂ ਉਸ ਲਈ ਸਰਕਾਰ ਵੱਲੋਂ ਅਪਣਾਏ ਜਾ ਰਹੇ ਦੂਹਰੇ ਮਾਪਦੰਡ ਜ਼ਿੰਮੇਵਾਰ ਹਨ। ਜਥੇਬੰਦੀ ਦੇ ਜਨਰਲ ਸਕੱਤਰ ਡਾ. ਸੁਖਬੀਰ ਸਿੰਘ ਸੰਧੂ ਨੇ ਸਰਕਾਰ ਨੂੰ ਇਹ ਫੈਸਲਾ ਤੁਰੰਤ ਵਾਪਿਸ ਲੈ ਕੇ ਚਲਾਈ ਜਾ ਰਹੀ ਜਨ ਚੇਤਨਾ ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਲਈ ਵਿਭਾਗ ਦੇ ਸਟਾਫ ਨੂੰ ਉਤਸ਼ਾਹਤ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਸਰਕਾਰ ਨੇ ਇਹ ਜਾਰੀ ਕੀਤੇ ਹੁਕਮ ਤੁਰੰਤ ਵਾਪਸ ਨਾ ਲਏ ਤਾਂ ਅਸੀਂ ਸਾਂਝੇ ਤੌਰ 'ਤੇ ਵਿਆਪਕ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ। ਇਸ ਮੌਕੇ ਡਾ. ਕਿਰਪਾਲ ਸਿੰਘ ਪ੍ਰਧਾਨ ਖੇਤੀਬਾੜੀ ਅਫ਼ਸਰ ਐਸੋਸੀਏਸ਼ਨ, ਡਾ. ਕੁਲਦੀਪ ਸਿੰਘ ਮੱਤੇਵਾਲ, ਡਾ. ਅਮਰਜੀਤ ਸਿੰਘ ਬੱਲ, ਡਾ. ਕੁਲਵੰਤ ਸਿੰਘ, ਡਾ. ਮਨਿੰਦਰ ਸਿੰਘ, ਡਾ. ਸਤਵਿੰਦਰ ਸਿੰਘ ਸੰਧੂ, ਡਾ. ਪ੍ਰਭਜੋਤ ਕੌਰ ਆਦਿ ਨੇ ਸੰਬੋਧਨ ਕੀਤਾ।
Get all latest content delivered to your email a few times a month.