ਤਾਜਾ ਖਬਰਾਂ
ਮਾਲੇਰਕੋਟਲਾ 31 ਅਕਤੂਬਰ (ਭੁਪਿੰਦਰ ਗਿੱਲ ) ਅੱਜ ਇੱਥੇ ਸਥਾਨਕ ਨਾਭਾ ਰੋਡ ਕਿਲਾ ਰਹਿਮਤਗਡ਼੍ਹ ਵਿਖੇ ਉਸ ਸਮੇਂ ਸਥਿਤੀ ਕਾਫੀ ਤਣਾਅਪੂਰਨ ਬਣ ਗਈ ਜਦੋਂ ਇਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਰੋਡ ਨੂੰ ਜਾਮ ਕਰ ਦਿੱਤਾ ਗਿਆ । ਸਕੂਲ ਦੇ ਸਾਹਮਣੇ ਹੀ ਨਾਭਾ ਰੋਡ ਤੇ ਰੋਸ ਵਿਖਾਵਾ ਕਰ ਰਹੇ ਬੱਚਿਆਂ ਅਤੇ ਮਾਪਿਆਂ ਤੋਂ ਜਦੋਂ ਇਸ ਸੰਬੰਧੀ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਹੋਣ ਕਾਰਨ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਬੁਰਾ ਹਾਲ ਹੈ ਜਿਸ ਲਈ ਉਨ੍ਹਾਂ ਨੂੰ ਮਜਬੂਰਨ ਰੋਡ ਤੇ ਉਤਰਨਾ ਪਿਆ ਉਨ੍ਹਾਂ ਨੇ ਇਨ੍ਹਾਂ ਬਦਲੀਆਂ ਦਾ ਕਾਰਨ ਸਕੂਲ ਦੀ ਹੈੱਡ ਟੀਚਰ ਮੈਡਮ ਸੀਮਾ ਜਿੰਦਲ ਨੂੰ ਦੱਸਦਿਆਂ ਕਿਹਾ ਕਿ ਉਨ੍ਹਾਂ ਅਤੇ ਸਟਾਫ ਦੀ ਸਹੀ ਦਾਲ ਨਾ ਗਲਣ ਕਾਰਨ ਸਕੂਲ ਦਾ ਵਿੱਦਿਅਕ ਮਾਹੌਲ ਖ਼ਰਾਬ ਹੁੰਦਾ ਜਾ ਰਿਹਾ ਹੈ । ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਸਥਾਨਕ ਸਿਟੀ ਮਲੇਰਕੋਟਲਾ ਸਿਟੀ -1 ਦੇ ਇੰਚਾਰਜ ਐਸ.ਐਚ.ਓ ਸ. ਹਰਜਿੰਦਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਜਿਨ੍ਹਾਂ ਆਪਣੀ ਸੂਝ ਬੂਝ ਦਾ ਵਿਖਾਵਾ ਕਰਦਿਆਂ ਬੜੀ ਮਿਹਨਤ ਮੁਸ਼ੱਕਤ ਤੋਂ ਬਾਅਦ ਧਰਨੇ ਨੂੰ ਉਠਵਾਇਆ ਮੁੜ ਤੋਂ ਟਰੈਫਿਕ ਚਾਲੂ ਕਰਵਾਈ । ਉਨ੍ਹਾਂ ਸਮੇਤ ਇਸ ਮੌਕੇ ਤੇ ਸਕੂਲ ਵਿੱਚ ਆਏ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਾਫਰ ਅਲੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਬਦੁਲ ਹਲੀਮ ,ਮਿਲਕੋਵਾਲ ਕੌਂਸਲਰ ਮੁਹੰਮਦ ਅਸਲਮ ਕਾਲਾ, ਮੁਹੰਮਦ ਯਾਸੀਨ, ਅਬਦੁਰ ਰਸ਼ੀਦ ਅਤੇ ਮੁਹੰਮਦ ਨਸੀਰ ਅਤੇ ਹੋਰ ਇਲਾਕੇ ਦੇ ਮੋਹਤਬਰ ਲੋਕਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਮੰਗਾਂ ਨੂੰ ਸਥਾਨਕ ਬੀ.ਪੀ.ਈ.ਓ ਜਨਾਬ ਅਖ਼ਤਰ ਸਲੀਮ ਨੂੰ ਲਿਖਤੀ ਤੌਰ ਤੇ ਹੈੱਡ ਟੀਚਰ ਨੂੰ ਇੱਥੋਂ ਬਦਲਣ ਅਤੇ ਸਟਾਫ ਨੂੰ ਪੂਰਾ ਕਰਨ ਸਮੇਤ ਆਦਿ ਮੰਗਾਂ ਨੂੰ ਲੈ ਕੇ ਮੰਗ ਪੱਤਰ ਭੇਂਟ ਕਰਦਿਆਂ ਸਮਝੌਤੇ ਰਾਹੀਂ ਇਸ ਮਸਲੇ ਨੂੰ ਜਲਦ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ । ਇਸ ਮੌਕੇ ਤੇ ਹਾਜ਼ਰ ਸਟਾਫ ਨੇ ਕਿਹਾ ਕਿ ਸਕੂਲ ਦੇ ਸਟਾਫ ਪ੍ਰਤੀ ਹੈੱਡ ਟੀਚਰ ਦਾ ਵਿਵਹਾਰ ਸਹੀ ਨਹੀਂ ਹੈ ਅਤੇ ਉਨ੍ਹਾ ਤੇ ਸਟਾਫ ਦੀ ਗਿਣਤੀ ਇੱਥੇ ਪਾਸ ਪੋਸਟਾਂ ਨਾਲੋਂ ਵੀ ਅੱਧੀ ਹੋਣ ਕਾਰਨ ਹੈੱਡ ਟੀਚਰ ਵੱਲੋਂ ਬੇਲੋੜਾ ਬੋਝ ਪਾਇਆ ਜਾ ਰਿਹਾ ਹੈ ਜਿਸ ਲਈ ਵਿਭਾਗ ਨੂੰ ਚਾਹੀਦਾ ਹੈ ਕਿ ਇੱਥੇ ਸਟਾਫ਼ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ । ਇਸ ਸਬੰਧੀ ਸਥਾਨਕ ਹੈੱਡ ਟੀਚਰ ਜਦੋਂ ਸੀਮਾ ਜਿੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੇ ਸਕੂਲ ਦੇ ਸਟਾਫ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭੜਕਾ ਕੇ ਰੋਡ ਤੇ ਲਿਆਂਦਾ ਗਿਆ ਹੈ ਜਦੋਂ ਕਿ ਜੋ ਵੀ ਟੀਚਰ ਇੱਥੋਂ ਗਏ ਹਨ ਆਪਣੀ ਮਰਜ਼ੀ ਅਨੁਸਾਰ ਗਏ ਹਨ ਉਹ ਬੱਚਿਆਂ ਦੇ ਭਵਿੱਖ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਕਰਨ ਨੂੰ ਲੈ ਕੇ ਹਾਜ਼ਰ ਸਟਾਫ ਤੋਂ ਬਣਦਾ ਕੰਮ ਲੈਣ ਲਈ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਪਰ ਸਟਾਫ ਉਨ੍ਹਾਂ ਨੂੰ ਸਹਿਯੋਗ ਨਹੀਂ ਦੇ ਰਿਹਾ । ਇਸ ਸਬੰਧੀ ਜਦੋਂ ਸਥਾਨਕ ਬੀਪੀਈਓ ਸ੍ਰੀ ਅਖ਼ਤਰ ਸਲੀਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਮੰਗ ਪੱਤਰ ਨੂੰ ਉਨ੍ਹਾਂ ਵੱਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਬਣਦੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ ਜਿਸ ਤੇ ਗੌਰ ਕਰਦਿਆਂ ਜਲਦ ਹੀ ਮੰਗਾਂ ਨੂੰ ਪੂਰਾ ਕਰਵਾ ਦਿੱਤਾ ਜਾਵੇਗਾ।
Get all latest content delivered to your email a few times a month.