ਤਾਜਾ ਖਬਰਾਂ
ਜਲੰਧਰ, 31 ਅਗਸਤ- ਗੰਢੀ ਚਮੜੀ ਰੋਗ (ਲੰਪੀ ਸਕਿਨ ਡਿਸੀਜ) ਤੋਂ ਪ੍ਰਭਾਵਿਤ ਪਸ਼ੂ ਮਾਲਕਾਂ ਨੂੰ ਤੁਰੰਤ ਰਾਹਤ ਦੇਣ ਦੀ ਮੰਗ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੀ ਮੈਂਬਰ, ਮਹਿਲਾ ਕਿਸਾਨ ਯੂਨੀਅਨ ਨੇ ਕੇਂਦਰ ਨੂੰ ਕਿਹਾ ਹੈ ਕਿ ਸੱਤ ਤੋਂ ਵੱਧ ਰਾਜਾਂ ਅੰਦਰ ਪਸ਼ੂਆਂ ਵਿੱਚ ਵਿਆਪਕ ਪੱਧਰ ਉਤੇ ਫੈਲ ਚੁੱਕੀ ਐਲਐਸਡੀ ਨਾਮੀ ਛੂਤ ਦੀ ਬੀਮਾਰੀ ਨੂੰ ਤੁਰੰਤ ਮਹਾਂਮਾਰੀ ਐਲਾਨਿਆ ਜਾਵੇ।
ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਪੱਤਰਾਂ ਵਿੱਚ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਇਸ ਰੋਗ ਨੂੰ 'ਰਾਸ਼ਟਰੀ ਆਫ਼ਤ' ਵਜੋਂ ਐਲਾਨਣ ਦੀ ਮੰਗ ਕਰਦਿਆਂ ਕਿਹਾ ਕਿ ਐਲ.ਐਸ.ਡੀ. ਨਾਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਮੇਤ ਭਾਰਤ ਦੇ ਕਈ ਰਾਜਾਂ ਵਿੱਚ ਵੱਡੀ ਗਿਣਤੀ ਵਿੱਚ ਦੁਧਾਰੂ ਪਸ਼ੂ ਪ੍ਰਭਾਵਿਤ ਹੋਏ ਹਨ ਜਿਸ ਕਰਕੇ ਦੁੱਧ ਦੀ ਪੈਦਾਵਾਰ ਤੇ ਮੰਡੀਕਰਨ ਤੇ ਵੀ ਮਾੜਾ ਅਸਰ ਪਿਆ ਹੈ।
ਸਨਅਤਕਾਰਾਂ ਨੂੰ ਰਾਹਤ ਦੇਣ ਦੀ ਤਰਜ ਤੇ ਪਸ਼ੂ ਧਨ ਨਾਲ ਇਸ ਸੰਕਟਮਈ ਸਥਿਤੀ ਵਿੱਚ ਹੋ ਰਹੇ ਵਿਤਕਰੇ ਦੇ ਮੱਦੇਨਜਰ ਮਹਿਲਾ ਕਿਸਾਨ ਆਗੂ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇਸ ਬਿਮਾਰੀ ਤੋਂ ਲੱਖਾਂ ਪਸ਼ੂ ਪੀੜਤ ਹਨ ਤੇ ਹਜਾਰਾਂ ਪਸ਼ੂਆਂ ਦੀ ਮੌਤ ਹੋ ਰਹੀ ਹੈ ਜਿਸ ਕਰਕੇ ਮਹਿੰਗੀਆਂ ਦਵਾਈਆਂ ਨਾਲ ਪਸ਼ੂ ਮਾਲਕਾਂ ਦਾ ਕਾਰੋਬਾਰੀ ਤੇ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਉਨ੍ਹਾਂ ਅਫਸੋਸ ਨਾਲ ਕਿਹਾ ਕਿ ਜਿਸ ਤਰੀਕੇ ਨਾਲ ਵੱਡੀ ਪੱਧਰ ਉਤੇ ਗਾਵਾਂ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ ਉਹ ਬਹੁਤ ਦੁੱਖਦਾਈ ਅਤੇ ਕਲਪਨਾ ਤੋਂ ਬਾਹਰ ਹੈ।
ਬੀਬਾ ਰਾਜੂ ਨੇ ਦੱਸਿਆ ਕਿ ਐਲ.ਐਸ.ਡੀ ਨਾਲ ਮਰੇ ਪਸ਼ੂਆਂ ਦਾ ਗੈਰ-ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ ਅਤੇ ਪ੍ਰਭਾਵਿਤ ਪਸ਼ੂਆਂ ਨੂੰ ਅਕਸਰ ਖੁੱਲੇ ਘੁੰਮਣ ਲਈ ਛੱਡਿਆ ਜਾ ਰਿਹਾ ਹੈ ਜਿਸ ਨਾਲ ਹੋਰਨਾਂ ਪਸ਼ੂਆਂ ਵਿੱਚ ਇਹ ਬਿਮਾਰੀ ਫੈਲ ਰਹੀ ਹੈ। ਕਿਸਾਨ ਨੇਤਾ ਨੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਇਸ ਮਹਾਂਮਾਰੀ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਸਬੰਧਤ ਕੇਂਦਰੀ ਮੰਤਰਾਲੇ ਤੇ ਰਾਜ ਸਰਕਾਰਾਂ ਵੱਲੋਂ ਸੰਕਟਕਾਲੀਨ ਸਥਿਤੀ ਦੀ ਨਿਰੰਤਰ ਨਿਗਰਾਨੀ ਨਹੀਂ ਕੀਤੀ ਜਾ ਰਹੀ ਜੋ ਕਿ ਦੇਸ਼ ਦੇ ਪਸ਼ੂ ਪਾਲਕਾਂ ਤੇ ਕਿਸਾਨਾਂ ਪ੍ਰਤੀ ਵਿਤਕਰੇ ਵਾਲੀ ਗੱਲ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮਹਿਲਾ ਆਗੂ ਨੇ ਕਿਹਾ ਐਲ.ਐਸ.ਡੀ. ਨੂੰ ਛੂਤ ਵਾਲੀ ਮਹਾਂਮਾਰੀ ਐਲਾਨੇ ਜਾਣ ਨਾਲ ਪ੍ਰਭਾਵਿਤ ਰਾਜਾਂ ਨੂੰ ਆਪਦਾ ਰਾਹਤ ਫੰਡਾਂ ਰਾਹੀਂ ਰਾਹਤ ਮਿਲ ਸਕੇਗੀ ਅਤੇ ਇਸ ਬਿਮਾਰੀ ਦੀ ਜਲਦ ਰੋਕਥਾਮ ਹੋ ਸਕੇਗੀ।
ਉਨਾਂ ਖੁਲਾਸਾ ਕੀਤਾ ਕਿ ਐਲਐਸਡੀ ਦੇ ਫੈਲਣ ਤੋਂ ਬਾਅਦ ਪੰਜਾਬ ਵਿੱਚ ਹੁਣ ਤੱਕ ਇੱਕ ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਏ ਹਨ ਅਤੇ ਲਗਭਗ 40,000 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਉਨਾਂ ਭਗਵੰਤ ਮਾਨ ਨੂੰ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ ਅਤੇ ਮੌਜੂਦਾ ਸਥਿਤੀ ਮੁਤਾਬਿਕ ਪਸ਼ੂ ਪਾਲਕਾਂ ਨੂੰ ਮੁਆਵਜਾ ਦੇਣ ਲਈ ਵੀ ਕਿਹਾ ਹੈ।
ਇਸ ਤੋਂ ਇਲਾਵਾ ਬੀਬਾ ਰਾਜੂ ਨੇ ਸੂਰ ਪਾਲਕਾਂ ਲਈ ਵੀ ਮੁਆਵਜ਼ੇ ਦੀ ਮੰਗ ਕੀਤੀ ਹੈ ਕਿਉਂਕਿ ਸੂਬੇ ਵਿੱਚ ਅਫਰੀਕਨ ਸਵਾਈਨ ਬੁਖਾਰ ਤੋਂ ਪ੍ਰਭਾਵਿਤ ਅਜਿਹੇ ਜਾਨਵਰਾਂ ਨੂੰ ਮਾਰੇ ਜਾਣ ਕਾਰਨ ਪਾਲਕ ਵਿੱਤੀ ਘਾਟੇ ਦਾ ਸਾਹਮਣਾ ਕਰ ਰਹੇ ਹਨ।
Get all latest content delivered to your email a few times a month.