ਤਾਜਾ ਖਬਰਾਂ
ਚੰਡੀਗੜ੍ਹ, 31 ਜੁਲਾਈ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਆਪ’ ਆਗੂਆਂ ਅਤੇ ਵਿਧਾਇਕਾਂ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ ਰਾਜ ਬਹਾਦਰ ਖ਼ਿਲਾਫ਼ ਕੀਤੇ ਜਾ ਰਹੇ ਗਲਤ ਪ੍ਰਚਾਰ ਦੀ ਨਿਖੇਧੀ ਕੀਤੀ ਹੈ।
ਇੱਕ ਬਿਆਨ ਵਿੱਚ ਵੜਿੰਗ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰ ਦੀ ਤਰਫੋਂ ਡਾ ਰਾਜ ਬਹਾਦੁਰ ਤੋਂ ਮੁਆਫੀ ਮੰਗਣ ਦੀ ਗੱਲ ਸਾਹਮਣੇ ਆਈ ਹੈ, ਦੂਜੇ ਪਾਸੇ 'ਆਪ' ਆਗੂ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਹੈਂਡਲਜ਼ ਵੱਲੋਂ ਵੀਸੀ ਵਿਰੁੱਧ ਬੇਬੁਨਿਆਦ ਦੋਸ਼ ਲਗਾਉਂਦੇ ਹੋਏ ਅਤੇ ਮੰਤਰੀ ਦੀ ਤਾਲਿਬਾਨੀ ਕਾਰਵਾਈ ਨੂੰ ਠੀਕ ਦੱਸਦਿਆਂ ਹੋਇਆਂ, ਝੂਠਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
ਵੜਿੰਗ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਜਿਸ ਤਰ੍ਹਾਂ ਤੁਹਾਡੇ ਮੰਤਰੀ ਨੇ ਵੀ.ਸੀ ਤੋਂ ਮੁਆਫੀ ਨਹੀਂ ਮੰਗੀ ਅਤੇ ਜਿਸ ਤਰੀਕੇ ਨਾਲ ਤੁਹਾਡੀ ਪਾਰਟੀ ਦੇ ਆਗੂਆਂ ਨੇ ਉਨ੍ਹਾਂ ਖਿਲਾਫ ਗਲਤ ਮੁਹਿੰਮ ਚਲਾਈ ਹੈ, ਉਸ ਤੋਂ ਸਪੱਸ਼ਟ ਹੈ ਕਿ ਤੁਹਾਡੀ ਸਰਕਾਰ ਨੇ ਉਸ ਕੰਮ ਕੀਤਾ ਹੈ, ਜਿਹੜਾ ਜੌਡ਼ਾਮਾਜਰਾ ਨੇ ਕੀਤਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਮੈਡੀਕਲ ਸੁਸਾਇਟੀ ਵਿੱਚ ਫੈਲੇ ਰੋਸ ਦਾ ਜ਼ਿਕਰ ਕੀਤਾ, ਜਿਸ ਤਹਿਤ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀਸੀਐਮਐਸਏ) ਸਮੇਤ ਡਾਕਟਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਪਹਿਲਾਂ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ ਜਿਸ ਨਾਲ ਸੂਬਿਆਂ ਦਾ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਡਾਕਟਰੀ ਸਮਾਜ ਵਿੱਚ ਭਾਰੀ ਰੋਸ ਅਤੇ ਗੁੱਸਾ ਹੈ ਅਤੇ ਇਸਨੂੰ ਸੁਲਝਾਉਣ ਦੀ ਬਜਾਏ ਤੁਹਾਡੀ ਪਾਰਟੀ ਆਪਣੇ ਮੰਤਰੀ ਦੇ ਕੰਮ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ 'ਤੇ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸੂਬੇ ਭਰ 'ਚ ਕੰਮ ਕਰ ਰਹੇ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ 'ਚ ਭਰੋਸਾ ਬਹਾਲ ਕਰਨ ਲਈ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ।
Get all latest content delivered to your email a few times a month.